(Source: ECI/ABP News/ABP Majha)
Amritsar News: ਸਾਬਕਾ ਥਾਣੇਦਾਰ ਦੇ ਬੇਟੇ ਦਾ ਗੋਲੀ ਮਾਰ ਕੇ ਕਤਲ, ਐਸਯੂਵੀ ਸਵਾਰਾਂ ਨੇ ਕੀਤਾ ਹਮਲਾ
ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਵਿਗੜਦੀ ਜਾ ਰਹੀ ਹੈ। ਰੋਜ਼ਾਨਾ ਹੀ ਕਤਲ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।
Amritsar News: ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਵਿਗੜਦੀ ਜਾ ਰਹੀ ਹੈ। ਰੋਜ਼ਾਨਾ ਹੀ ਕਤਲ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਇੱਥੇ ਮੈਕਸ ਸਿਟੀ ਕਲੋਨੀ ਨੇੜੇ ਗੋਲੀ ਮਾਰ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਹੈ, ਉਹ ਸੇਵਾਮੁਕਤ ਏਐਸਆਈ ਦਾ ਪੁੱਤਰ ਸੀ।
ਹਾਸਲ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਸ਼ਨਾਖਤ ਰੁਪਿੰਦਰ ਸਿੰਘ ਵਜੋਂ ਹੋਈ ਹੈ ਤੇ ਉਹ ਹਾਲ ਹੀ ਵਿੱਚ ਕਤਲ ਦੇ ਇੱਕ ਕੇਸ ਵਿੱਚ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਆਪਣੇ ਦੋਸਤ ਨਾਲ ਇੰਡੀਆ ਗੇਟ ਵਾਲੇ ਪਾਸਿਓਂ ਆ ਰਿਹਾ ਸੀ। ਜ਼ਖਮੀ ਰੁਪਿੰਦਰ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਸਹਾਇਕ ਪੁਲਿਸ ਕਮਿਸ਼ਨਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਕਥਿਤ ਦੋਸ਼ੀਆਂ ਬਾਰੇ ਸੁਰਾਗ ਲੱਭਣ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਘੋਖ ਰਹੀ ਹੈ ਤੇ ਜਾਂਚ ਜਾਰੀ ਹੈ। ਮ੍ਰਿਤਕ ਦੇ ਦੋਸਤ ਹਰਪ੍ਰੀਤ ਸਿੰਘ ਉਰਫ਼ ਹੈਪੀ ਨੇ ਪੁਲਿਸ ਨੂੰ ਦੱਸਿਆ ਕਿ ਰੁਪਿੰਦਰ ਸਿੰਘ ਦੇ ਪਿਤਾ ਕੁਲਦੀਪ ਸਿੰਘ ਪੰਜਾਬ ਪੁਲਿਸ ਵਿੱਚ ਏਐਸਆਈ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ।
ਉਸ ਨੇ ਕਿਹਾ ਕਿ ਰੁਪਿੰਦਰ ਸਿੰਘ ਬੁਰੀ ਸੰਗਤ ਵਿੱਚ ਪੈ ਗਿਆ ਸੀ ਤੇ ਪਰਿਵਾਰਕ ਮੈਂਬਰ ਉਸ ਨੂੰ ਅਜਿਹੀਆਂ ਹਰਕਤਾਂ ਤੋਂ ਹਟਾਉਂਦੇ ਸਨ। ਕਰੋਨਾ ਮਹਾਂਮਾਰੀ ਦੌਰਾਨ ਉਸ ਨੇ ਕਾਲੇ ਪਿੰਡ ਦੇ ਰਹਿਣ ਵਾਲੇ ਪ੍ਰਿੰਸ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਸੀ ਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।
ਕਰੀਬ ਡੇਢ ਮਹੀਨਾ ਪਹਿਲਾਂ ਉਹ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਨੇ ਦੱਸਿਆ ਕਿ ਅੱਜ ਉਹ ਆਪਣੇ ਦੋਸਤਾਂ ਨਾਲ ਛੇਹਰਟਾ ਵੱਲ ਜਾ ਰਿਹਾ ਸੀ ਤੇ ਜਦੋਂ ਉਸ ਦੀ ਕਾਰ ਮੈਕਸ ਸਿਟੀ ਨੇੜੇ ਪਹੁੰਚੀ ਤਾਂ ਇੱਕ ਐਸਯੂਵੀ ’ਤੇ ਸਵਾਰ ਚਾਰ ਨੌਜਵਾਨ ਆਏ ਤੇ ਚੱਲਦੀ ਗੱਡੀ ਤੋਂ ਉਸ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ।
ਏਸੀਪੀ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਨਸ਼ਾ ਤਸਕਰਾਂ ਦੀ ਸ਼ਮੂਲੀਅਤ ਸਮੇਤ ਵੱਖ-ਵੱਖ ਥਿਊਰੀਆਂ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਅਨੁਸਾਰ ਮ੍ਰਿਤਕ ਨਸ਼ੇ ਦਾ ਆਦੀ ਸੀ। ਕਤਲ ਪਿੱਛੇ ਕੋਈ ਪੁਰਾਣੀ ਦੁਸ਼ਮਣੀ ਵੀ ਹੋ ਸਕਦੀ ਹੈ।