(Source: ECI/ABP News/ABP Majha)
Amritsar News: ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਯਾਤਰੀ ਨਹੀਂ ਹੋਣਗੇ ਖੱਜਲ-ਖੁਆਰ, ਏਅਰਪੋਰਟ ਤੇ ਕਸਟਮ ਅਧਿਕਾਰੀਆਂ ਨੇ ਕਹੀ ਵੱਡੀ ਗੱਲ
Amritsar: ਏਅਰਪੋਰਟ ਡਾਇਰੈਕਟਰ ਵੀਕੇ ਸੇਠ ਵੱਲੋਂ ਇਹ ਮੀਟਿੰਗ ਸੱਦੀ ਗਈ ਸੀ ਜਿਸ ਚ ਕਸਟਮ ਕਮਿਸ਼ਨਰ ਰਾਹੁਲ ਨਾਨਗਰੇ, ਡਿਪਟੀ ਕਮਿਸ਼ਨਰ ਨਵਨੀਤ ਕੌਸ਼ਲ, ਏਅਰਪੋਰਟ ਆਪ੍ਰੇਸ਼ਨਜ਼ ਮੈਨੇਜਰ ਕੈਪਟਨ ਵਿਵੇਕ ਅੱਤਰੀ ਤੇ ਡਿਊਟੀ ਮੈਨੇਜਰ ਤਿਲਕ ਰਾਜ ਹਾਜ਼ਰ ਸਨ
Amritsar News: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਕਸਟਮ ਜਾਂਚ ਵੇਲੇ ਦਰਪੇਸ਼ ਸਮੱਸਿਆਵਾਂ ਸਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨੇ ਏਅਰਪੋਰਟ ਤੇ ਕਸਟਮ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਸਬੰਧ ਵਿੱਚ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਮੀਟਿੰਗ ਵਿੱਚ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਕਸਟਮ ਜਾਂਚ ਸਮੇਂ ਸਿਰਫ ਸੰਵੇਦਨਸ਼ੀਲ ਉਡਾਣਾਂ ਦੀਆਂ ਸਵਾਰੀਆਂ ਦੇ ਸਾਮਾਨ ਦੀ ਚੈਂਕਿੰਗ ਵੱਲ ਹੀ ਧਿਆਨ ਦਿੱਤਾ ਜਾਵੇਗਾ। ਉਸੇ ਸਮੇਂ ਕਿਸੇ ਹੋਰ ਉਡਾਣ ਤੋਂ ਆਏ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਏਅਰਪੋਰਟ ਡਾਇਰੈਕਟਰ ਵੀਕੇ ਸੇਠ ਵੱਲੋਂ ਇਹ ਮੀਟਿੰਗ ਸੱਦੀ ਗਈ ਸੀ ਜਿਸ ਵਿੱਚ ਕਸਟਮ ਕਮਿਸ਼ਨਰ ਰਾਹੁਲ ਨਾਨਗਰੇ, ਡਿਪਟੀ ਕਮਿਸ਼ਨਰ (ਕਸਟਮ) ਨਵਨੀਤ ਕੌਸ਼ਲ, ਏਅਰਪੋਰਟ ਆਪ੍ਰੇਸ਼ਨਜ਼ ਮੈਨੇਜਰ ਕੈਪਟਨ ਵਿਵੇਕ ਅੱਤਰੀ ਤੇ ਡਿਊਟੀ ਮੈਨੇਜਰ ਤਿਲਕ ਰਾਜ ਹਾਜ਼ਰ ਸਨ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਯੂਏਈ ਵਿੱਚ ਰੁਕ ਕੇ ਸ਼ਾਰਜਾਹ ਹਵਾਈ ਅੱਡੇ ਰਾਹੀਂ ਅਮਰੀਕਾ ਤੋਂ ਅੰਮ੍ਰਿਤਸਰ ਪੁੱਜੇ ਸਨ। ਉਨ੍ਹਾਂ ਦਿੱਲੀ ਦੀ ਬਜਾਏ ਸਿੱਧਾ ਅੰਮ੍ਰਿਤਸਰ ਆਉਣ ਲਈ ਸ਼ਾਰਜਾਹ ਤੋਂ ਫਲਾਈਟ ਫੜੀ ਸੀ।
ਸ਼ਾਰਜਾਹ ਤੋਂ ਆਉਣ ਵਾਲੀ ਉਡਾਣ ਦੇ ਸਾਰੇ ਯਾਤਰੀਆਂ ਦੇ ਸਾਮਾਨ ਨੂੰ ਕਸਟਮ ਵੱਲੋਂ ਜਾਂਚ ਅਧੀਨ ਰੱਖਿਆ ਗਿਆ ਸੀ। ਇਸ ਉਡਾਣ ਤੋਂ ਕੁਝ ਹੀ ਸਮਾਂ ਪਹਿਲਾਂ ਸਿੰਗਾਪੁਰ ਤੋਂ ਆਈ ਉਡਾਣ ਤੋਂ 300 ਤੋਂ ਵੱਧ ਯਾਤਰੀਆਂ ਦੇ ਉਤਰਨ ਕਾਰਨ ਸਮੱਸਿਆ ਹੋਰ ਵਧ ਗਈ ਕਿਉਂਕਿ ਦੋਹਾਂ ਉਡਾਣਾਂ ਦੇ 450 ਤੋਂ ਵੱਧ ਯਾਤਰੀਆਂ ਦੇ ਸਾਮਾਨ ਨੂੰ ਏਅਰਪੋਰਟ ’ਤੇ ਗ੍ਰੀਨ ਚੈਨਲ ਬੰਦ ਕਰਕੇ ਸਾਮਾਨ ਸਕੈਨਿੰਗ ਮਸ਼ੀਨ ’ਤੇ ਮੁੜ ਰਖਵਾਇਆ ਜਾ ਰਿਹਾ ਸੀ। ਉਨ੍ਹਾਂ ਦੇਖਿਆ ਕਿ ਦੋ ਸਕੈਨਰ ਹੋਣ ਦੇ ਬਾਵਜੂਦ ਸਿਰਫ ਇੱਕ ਹੀ ਸਕੈਨਰ ਵਰਤਿਆ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਇਸੇ ਕਾਰਨ ਉੱਥੇ ਭੀੜ ਲੱਗ ਗਈ ਅਤੇ ਵੱਖਰੀਆਂ ਕਤਾਰਾਂ ਲਈ ਕੋਈ ਵਿਵਸਥਾ ਨਾ ਹੋਣ ਕਾਰਨ ਬੱਚੇ, ਬਜ਼ੁਰਗ ਅਤੇ ਅਪਾਹਜ ਯਾਤਰੀਆਂ ਨੂੰ ਇੱਕ ਘੰਟੇ ਤੋਂ ਵੱਧ ਸਮੇਂ ਤਕ ਇੰਤਜ਼ਾਰ ਕਰਨਾ ਪਿਆ। ਇਸੇ ਤਰ੍ਹਾਂ ਕਤਰ ਦੀ ਦੋਹਾ ਤੋਂ ਉਡਾਣ, ਜਿਸ ਵਿੱਚ ਵੱਡੀ ਗਿਣਤੀ ਵਿੱਚ ਅਮਰੀਕਾ, ਕੈਨੇਡਾ, ਯੂਰਪ ਤੋਂ ਯਾਤਰੀ ਆਉਂਦੇ ਹਨ, ਦੇ ਨਾਲ ਹੀ ਦੁਬਈ ਦੀ ਉਡਾਣ ਆਉਣ ਨਾਲ ਉਸ ਉਡਾਣ ਦੇ ਯਾਤਰੀਆਂ ਨੂੰ ਵੀ ਮੁਸ਼ਕਲ ਹੋ ਰਹੀ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਹਵਾਈ ਅੱਡੇ ਦੇ ਸਟਾਫ ਨੂੰ ਸ਼ਾਰਜਾਹ ਅਤੇ ਦੁਬਈ ਤੋਂ ਆਉਣ ਵਾਲੇ ਯਾਤਰੀਆਂ ਦੇ ਸਾਮਾਨ ਦੀ ਚੰਗੀ ਤਰ੍ਹਾਂ ਜਾਂਚ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ ਕਿਉਂਕਿ ਵਾਰ-ਵਾਰ ਸੋਨੇ ਦੀ ਤਸਕਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਕਸਟਮ ਜਾਂਚ ਵੇਲੇ ਦਿੱਕਤਾਂ ਦਾ ਮਾਮਲਾ ਏਅਰਪੋਰਟ ਡਾਇਰੈਕਟਰ ਅਤੇ ਟਵੀਟ ਰਾਹੀਂ ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਉਪਰੰਤ ਅਗਲੇ ਹੀ ਦਿਨ ਡਾਇਰੈਕਟਰ ਵੀਕੇ ਸੇਠ ਨੇ ਏਅਰਪੋਰਟ ਤੇ ਕਸਟਮ ਅਧਿਕਾਰੀਆਂ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨਾਲ ਇਸ ਸਮੱਸਿਆ ਦੇ ਹੱਲ ਸੰਬੰਧੀ ਮੀਟਿੰਗ ਕੀਤੀ।
ਏਅਰਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਦੂਜੇ ਸਕੈਨਰ ਨੂੰ ਵੀ ਵਰਤੋਂ ਵਿੱਚ ਲਿਆਂਦਾ ਜਾਵੇਗਾ ਅਤੇ ਭੀੜ ਨਾ ਪਵੇ, ਇਸ ਲਈ ਦੋ ਉਡਾਣਾਂ ਦੇ ਯਾਤਰੀਆਂ ਵਿੱਚ ਕੁਝ ਵਕਫ਼ਾ ਰੱਖਿਆ ਜਾਵੇਗਾ। ਸ੍ਰੀ ਗੁਮਟਾਲਾ ਨੇ ਏਅਰਪੇਰਟ ਅਧਿਕਾਰੀਆਂ ਨਾਲ ਇਮੀਗਰੇਸ਼ਨ ਮਹਿਕਮੇ ਵੱਲੋਂ ਦਿਖਾਈ ਜਾ ਰਹੀ ਵਧੀਆ ਕਾਰਗੁਜ਼ਾਰੀ ਦੀ ਸਰਾਹਨਾ ਕੀਤੀ ਜੋ ਵਧੀਆ ਢੰਗ ਨਾਲ ਯਾਤਰੀਆਂ ਦੀ ਮਦਦ ਕਰ ਰਹੇ ਸਨ।