ਬਾਬਾ ਸੇਵਾ ਸਿੰਘ ਠੀਕਰੀਵਾਲਾ ਦੇ ਜੱਦੀ ਪਿੰਡ ਵਿੱਚ ਨਰਸਿੰਗ ਕਾਲਜ ਸਥਾਪਤ ਕਰਨ ਦਾ ਐਲਾਨ
ਭਗਵੰਤ ਮਾਨ ਨੇ ਕਿਹਾ ਕਿ ਇਹ ਨਰਸਿੰਗ ਕਾਲਜ ਜਿੱਥੇ ਇਲਾਕੇ ਦੀਆਂ ਲੜਕੀਆਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ, ਉੱਥੇ ਹੀ ਬੇਮਿਸਾਲ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਜਾ ਮੰਡਲ ਲਹਿਰ ਦੇ ਮਹਾਨ ਆਗੂ ਬਾਬਾ ਸੇਵਾ ਸਿੰਘ ਠੀਕਰੀਵਾਲਾ ਦੇ ਜੱਦੀ ਪਿੰਡ ਠੀਕਰੀਵਾਲ ਵਿਖੇ ਲੜਕੀਆਂ ਦੇ ਸਕੂਲ ਨੂੰ ਨਰਸਿੰਗ ਕਾਲਜ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਜੋ ਅੱਜ ਬਾਬਾ ਸੇਵਾ ਸਿੰਘ ਠੀਕਰੀਵਾਲ ਦੀ 89ਵੀਂ ਬਰਸੀ ਮੌਕੇ ਕਰਵਾਏ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਨ, ਨੇ ਕਿਹਾ ਕਿ ਇਹ ਸੰਸਥਾ ਮਹਾਨ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਜਿਨ੍ਹਾਂ ਨੇ ਮਾਤ ਭੂਮੀ ਦੀ ਰਾਖੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਸੰਘਰਸ਼ੀ ਰੂਹ ਸ.ਸੇਵਾ ਸਿੰਘ ਠੀਕਰੀਵਾਲਾ ਜੀ ਨੂੰ 89ਵੀਂ ਬਰਸੀ ਮੌਕੇ ਉਹਨਾਂ ਦੇ ਪਿੰਡ ਠੀਕਰੀਵਾਲਾ ਵਿਖੇ ਸ਼ਰਧਾਂਜਲੀ ਭੇਟ ਕੀਤੀ…
— Bhagwant Mann (@BhagwantMann) January 19, 2023
ਬਰਸੀ ਮੌਕੇ ਐਲਾਨ ਕੀਤਾ ਕੁੜੀਆਂ ਦੇ ਸਕੂਲ ਨੂੰ ਨਰਸਿੰਗ ਕਾਲਜ ‘ਚ ਤਬਦੀਲ ਕਰਾਂਗੇ…ਸਰਦਾਰ ਸਾਬ੍ਹ ਦੀ ਪਿੰਡ ‘ਚ ਯਾਦਗਾਰ ਵੀ ਬਣਾਵਾਂਗੇ…ਠੀਕਰੀਵਾਲਾ ਪਿੰਡ ਦੇ ਲੋਕਾਂ ਦੀਆਂ ਬਾਕੀ ਸਮੱਸਿਆਵਾਂ ਦਾ ਵੀ ਹੱਲ ਕਰਾਂਗੇ pic.twitter.com/CL0rq1THN2
ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਦੀਆਂ ਲੜਕੀਆਂ ਇਸ ਸੰਸਥਾ ਵਿੱਚ ਪੜ੍ਹ ਕੇ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨਗੀਆਂ। ਭਗਵੰਤ ਮਾਨ ਨੇ ਕਿਹਾ ਕਿ ਇਹ ਨਰਸਿੰਗ ਕਾਲਜ ਜਿੱਥੇ ਇਲਾਕੇ ਦੀਆਂ ਲੜਕੀਆਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ, ਉੱਥੇ ਹੀ ਬੇਮਿਸਾਲ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।
ਮੁੱਖ ਮੰਤਰੀ ਨੇ ਲੋਕਾਂ ਨੂੰ ਬਾਬਾ ਸੇਵਾ ਸਿੰਘ ਠੀਕਰੀਵਾਲ ਵੱਲੋਂ ਆਪਣੇ ਜੀਵਨ ਵਿੱਚ ਜਨਤਕ ਸੇਵਾ ਦੇ ਸਥਾਪਤ ਕੀਤੇ ਉੱਚੇ ਆਦਰਸ਼ਾਂ ’ਤੇ ਚੱਲਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬਾਬਾ ਸੇਵਾ ਸਿੰਘ ਠੀਕਰੀਵਾਲ ਨੇ ਕੁਲੀਨ ਵਰਗ ਦੇ ਵਿਰੁੱਧ ਲੜਾਈ ਲੜੀ ਅਤੇ ਦੇਸ਼ ਨੂੰ ਆਜ਼ਾਦੀ ਦੇ ਰਾਹ ਵੱਲ ਤੋਰਿਆ।ਭਗਵੰਤ ਮਾਨ ਨੇ ਲੋਕਾਂ ਨੂੰ ਇਸ ਮਹਾਨ ਸ਼ਹੀਦ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਕੁਨਬਾਪ੍ਰਸਤੀ ਦੇ ਰੂਪ ਵਿਚ ਨਵੇਂ ਪਨਪੇ ਸਾਮਰਾਜਵਾਦ ਵਿਰੁੱਧ ਲੜਾਈ ਲੜਨ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਬਾਬਾ ਸੇਵਾ ਸਿੰਘ ਠੀਕਰੀਵਾਲ ਦੇ ਜੱਦੀ ਪਿੰਡ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਮਾਡਲ ਪਿੰਡ ਵਿੱਚ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਾਨ ਆਜ਼ਾਦੀ ਘੁਲਾਟੀਆਂ ਦੇ ਸਤਿਕਾਰ ਵਜੋਂ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਮੋਹਾਲੀ ਹਵਾਈ ਅੱਡੇ ਦਾ ਨਾਮ ਮਹਾਨ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਿਆ ਗਿਆ ਹੈ ਅਤੇ ਹਵਾਈ ਅੱਡੇ ਦੀ ਆਮਦ ਉਤੇ ਸ਼ਹੀਦ-ਏ-ਆਜ਼ਮ ਦਾ 35 ਫੁੱਟ ਉੱਚਾ ਬੁੱਤ ਲਾਇਆ ਜਾਵੇਗਾ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਰੱਖਣ ਲਈ ਪੰਜਾਬ ਵਿਧਾਨ ਸਭਾ ‘ਚ ਮਤਾ ਵੀ ਪਾਸ ਕਰੇਗੀ।