ਕਿਸਾਨ ਆਗੂਆਂ ਦੀ ਅਪੀਲ, 5 ਸਤੰਬਰ ਦੀ ਮਹਾਂ-ਪੰਚਾਇਤ ਤੇ 25 ਸਤੰਬਰ ਦੇ ਭਾਰਤ ਬੰਦ ਲਈ ਖਿੱਚੋ ਤਿਆਰੀ
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 331ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।
ਬਰਨਾਲਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 331ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।
ਸੰਯੁਕਤ ਕਿਸਾਨ ਮੋਰਚੇ ਨੇ ਮੁਜ਼ਫਰਨਗਰ( ਯੂ.ਪੀ.) ਵਿਖੇ 5 ਸਤੰਬਰ ਨੂੰ ਕਿਸਾਨ ਮਹਾਂ-ਪੰਚਾਇਤ ਕਰਨ ਦਾ ਅਤੇ 25 ਸਤੰਬਰ ਨੂੰ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ।ਅੱਜ ਧਰਨੇ ਵਿੱਚ ਇਨ੍ਹਾਂ ਦੋਵੇਂ ਵੱਡੇ ਪ੍ਰੋਗਰਾਮਾਂ ਦੀ ਤਿਆਰੀ ਵਿੱਚ ਹੁਣੇ ਤੋਂ ਜੁਟ ਜਾਣ ਦੀ ਅਪੀਲ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ-ਮੰਗਾਂ ਪ੍ਰਤੀ ਅੜੀਅਲ ਵਤੀਰਾ ਧਾਰਨ ਕਰ ਰੱਖਿਆ ਹੈ।
ਸਰਕਾਰ ਨੂੰ' ਬੰਗਾਲ ਚੋਣਾਂ ਦੀ ਤਰ੍ਹਾਂ, ਯੂ.ਪੀ ਵਿਧਾਨ ਸਭਾ ਚੋਣਾਂ 'ਚ ਸਿਆਸੀ ਹਲੂਣਾ ਦੇਣ ਲਈ ਬੀਜੇਪੀ ਨੂੰ ਹਰਾਉਣਾ ਜ਼ਰੂਰੀ ਹੈ।ਇਸੇ ਨੀਤੀ ਤਹਿਤ 5 ਸਤੰਬਰ ਨੂੰ ਮੁਜ਼ਫਰਨਗਰ ਵਿੱਚ ਇੱਕ ਕਿਸਾਨ ਮਹਾਂ-ਪੰਚਾਇਤ ਆਯੋਜਿਤ ਕੀਤੀ ਜਾ ਰਹੀ ਹੈ।ਉਸ ਪ੍ਰੋਗਰਾਮ ਦੀ ਵਿਰਾਟਤਾ ਤੋਂ ਸਰਕਾਰ ਨੂੰ ਸਪੱਸ਼ਟ ਸੁਨੇਹਾ ਮਿਲ ਜਾਵੇਗਾ ਕਿ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਉਸ ਕੋਲ ਹੋਰ ਕੋਈ ਚਾਰਾ ਨਹੀਂ। 25 ਸਤੰਬਰ ਨੂੰ ਮਜਦੂਰ, ਮੁਲਾਜ਼ਮ, ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਭਾਰਤ ਬੰਦ ਕੀਤਾ ਜਾਵੇਗਾ। ਬੁਲਾਰਿਆਂ ਨੇ ਧਰਨਾਕਾਰੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਦੀ ਸਫਲਤਾ ਲਈ ਹੁਣੇ ਤੋਂ ਤਿਆਰੀਆਂ ਵਿੱਢਣ ਲਈ ਕਿਹਾ।
ਆਗੂਆਂ ਨੇ ਕਿਹਾ ਕਿ ਇਹ ਕਾਲੇ ਖੇਤੀ ਕਾਨੂੰਨਾਂ ਦੀ ਅਗਾਊਂ ਝਲਕ-ਮਾਤਰ ਹੈ।ਅਡਾਨੀ ਨੇ ਪਿਛਲੇ ਸਾਲਾਂ ਦੌਰਾਨ ਥੋੜ੍ਹਾ ਵੱਧ ਭਾਅ ਦੇ ਕੇ ਬਹੁਤ ਸਾਰੇ ਦੂਸਰੇ ਵਪਾਰੀਆਂ ਨੂੰ ਮੰਡੀ'ਚੋਂ ਬਾਹਰ ਕਰ ਦਿੱਤਾ ਸੀ।ਅੱਗਲੇ ਸਾਲਾਂ ਵਿੱਚ ਬਚੇ -ਖੁਚੇ ਵਪਾਰੀ ਵੀ ਬਾਹਰ ਕਰ ਦਿੱਤੇ ਜਾਣਗੇ ਅਤੇ ਪੂਰੀ ਸੇਬ ਮੰਡੀ 'ਤੇ ਏਕਾਧਿਕਾਰ ਸਥਾਪਤ ਕਰ ਲਿਆ ਜਾਵੇਗਾ।
ਫਿਰ ਸੇਬ ਉਤਪਾਦਕਾਂ ਨੂੰ ਮਨ-ਮਰਜ਼ੀ ਦੇ ਭਾਅ ਦਿੱਤੇ ਜਾਇਆ ਕਰਨਗੇ। ਕਾਲੇ ਖੇਤੀ ਕਾਨੂੰਨਾਂ ਦਾ ਅਸਰ ਵੀ ਇਹੋ ਜਿਹਾ ਹੀ ਹੋਵੇਗਾ ਜਦੋਂ ਪਰਾਈਵੇਟ ਕਾਰਪੋਰੇਟ ਵਪਾਰੀ ਸਰਕਾਰੀ ਮੰਡੀਆਂ ਨੂੰ ਖਤਮ ਕਰਕੇ ਆਪਣਾ ਏਕਾਧਿਕਾਰ ਸਥਾਪਤ ਕਰ ਲੈਣਗੇ। ਇਸ ਲਈ ਆਪਣੀ ਜੀਵਨ-ਜਾਚ ਬਚਾਉਣ ਲਈ, ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਸਿਵਾਏ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ।
ਉਧਰ, ਰਿਲਾਇੰਸ ਮਾਲ ਬਰਨਾਲਾ ਅੱਗੇ ਲੱਗਿਆ ਧਰਨਾ ਅੱਜ 331ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਧਰਨੇ ਨੂੰ ਮੇਜਰ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ ਤੇ ਦਲੀਪ ਸਿੰਘ ਨੇ ਸੰਬੋਧਨ ਕੀਤਾ।
ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਤੇ ਕਰਨੈਲ ਸਿੰਘ ਗੁੰਮਟੀ ਨੇ ਇਨਕਲਾਬੀ ਗੀਤ ਪੇਸ਼ ਕੀਤਾ।