ਦੋਹਰੇ ਸੰਵਿਧਾਨ ਮਾਮਲੇ 'ਚ ਅੱਜ ਸੁਖਬੀਰ ਬਾਦਲ ਦੀ ਹੁਸ਼ਿਆਰਪੁਰ ਅਦਾਲਤ 'ਚ ਪੇਸ਼ੀ
ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਸੁਖਬੀਰ ਬਾਦਲ ਦੋਹਰੇ ਸੰਵਿਧਾਨ ਮਾਮਲੇ ਸਬੰਧੀ ਅੱਜ ਹੁਸ਼ਿਆਰਪੁਰ ਦੀ ਅਦਾਲਤ 'ਚ ਪੇਸ਼ ਹੋਣਗੇ।
ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਸੁਖਬੀਰ ਬਾਦਲ ਦੋਹਰੇ ਸੰਵਿਧਾਨ ਮਾਮਲੇ ਸਬੰਧੀ ਅੱਜ ਹੁਸ਼ਿਆਰਪੁਰ ਦੀ ਅਦਾਲਤ 'ਚ ਪੇਸ਼ ਹੋਣਗੇ।ਬਲਵੰਤ ਸਿੰਘ ਖੇੜਾ ਦੀ ਤਰਫੋਂ ਦਾਇਰ ਪਟੀਸ਼ਨ 'ਚ ਅਕਾਲੀ ਦਲ ਦੀ ਸਥਾਪਨਾ 1920 'ਚ ਗੁਰਮੁਖ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸੀ। ਪਾਰਟੀ ਦਾ ਨਾਂ ਵੀ ਅਕਾਲੀ ਦਲ (1920) ਰੱਖਿਆ ਗਿਆ। ਪਰ 1989 ਵਿਚ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਮੁਖੀ ਬਣਾਇਆ ਗਿਆ ਤਾਂ ਉਨ੍ਹਾਂ ਨੇ ਆਪਣੀ ਪਾਰਟੀ ਦੀ ਤਰਫੋਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਹਿੱਸਾ ਲੈਣ ਲਈ ਅਕਾਲੀ ਦਲ 1920 ਦਾ ਨਾਂ ਬਦਲ ਕੇ ਅਕਾਲੀ ਦਲ ਬਾਦਲ ਕਰ ਦਿੱਤਾ।
ਇਲਜ਼ਾਮ ਹੈ ਕਿ ਬਿਨਾਂ ਕਿਸੇ ਬਦਲਾਅ ਦੇ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਭਾਗ ਲਿਆ ਅਤੇ ਇੱਕ ਸਿਆਸੀ ਪਾਰਟੀ ਦੀ ਤਰਫੋਂ ਧਾਰਮਿਕ ਸੰਸਥਾ ’ਤੇ ਕਬਜ਼ਾ ਕਰ ਲਿਆ, ਜਿਸ ਦਾ ਸਮੁੱਚੀ ਸਿੱਖ ਜਥੇਬੰਦੀ ਵੱਲੋਂ ਵਿਰੋਧ ਕੀਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਨੂੰ ਕਈ ਵਾਰ ਲਿਖਤੀ ਨੋਟਿਸ ਦੇਣ ਦੇ ਬਾਵਜੂਦ ਵੀ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਰਹੇ ਸੀ, ਜਿਸ ਕਰਕੇ ਆਖ਼ਰ ਉਨ੍ਹਾਂ ਨੂੰ ਇਨਸਾਫ਼ ਲਈ ਅਦਾਲਤ ਤੱਕ ਪਹੁੰਚ ਕਰਨੀ ਪਈ।
ਬਲਵੰਤ ਸਿੰਘ ਖੇੜਾ ਨਾਮੀ ਇੱਕ ਵਿਅਕਤੀ ਨੇ 2009 ਵਿੱਚ ਹੁਸ਼ਿਆਰਪੁਰ ਅਦਾਲਤ ਵਿੱਚ ਦੋਹਰੇ ਸੰਵਿਧਾਨ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਸੀ। ਇਹ ਮਾਮਲਾ ਅਕਾਲੀ ਦਲ ਦੇ ਦੋ ਵੱਖ-ਵੱਖ ਪਾਰਟੀ ਸੰਵਿਧਾਨਾਂ ਨਾਲ ਸਬੰਧਤ ਹੈ। 2019 ਵਿੱਚ ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਡਾ. ਦਲਜੀਤ ਚੀਮਾ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਪਾਰਟੀ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਇਸ ਮਾਮਲੇ ਵਿੱਚ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਹਨ ਤੇ ਵੱਡੇ ਬਾਦਲ ਨੂੰ ਹਾਈਕੋਰਟ ਨੇ ਪੇਸ਼ੀ ਤੋਂ ਛੋਟ ਦਿੱਤੀ ਹੋਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :