ਕੇਜਰੀਵਾਲ ਕਰਨਗੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ? ਸੇਖਵਾਂ ਨਾਲ ਮੁਲਾਕਾਤ, ਭਗਵੰਤ ਮਾਨ ਨੂੰ ਵੀ ਮਨਾਉਣਗੇ?
‘ਆਮ ਆਦਮੀ ਪਾਰਟੀ’ ਹੁਣ ਪੰਜਾਬ ਨੂੰ ਸਮਝਣ ਵਾਲੇ ਪੁਰਾਣੇ ਨੇਤਾਵਾਂ ਨਾਲ ਚੋਣਾਂ ਲੜਨਾ ਚਾਹੁੰਦੀ ਹੈ ਤੇ ਇਸੇ ਲੜੀ ਵਿੱਚ ਅਰਵਿੰਦ ਕੇਜਰੀਵਾਲ ਖੁਦ ਵੱਡੇ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਤੇ ‘ਆਮ ਆਦਮੀ ਪਾਰਟੀ’ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਅੱਜ ਵੀਰਵਾਰ ਨੂੰ ਪੰਜਾਬ ਆ ਰਹੇ ਹਨ। ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਸੇਵਾ ਸਿੰਘ ਸੇਖਵਾਂ ਨੂੰ ਮਿਲਣ ਉਨ੍ਹਾਂ ਦੇ ਜੱਦੀ ਘਰ ਜਾਣਗੇ। ਸੇਖਵਾਂ ਨੂੰ ‘ਆਮ ਆਦਮੀ ਪਾਰਟੀ’ ਵਿੱਚ ਲਿਆਉਣ ਲਈ ਇਹ ਮੀਟਿੰਗ ਅਹਿਮ ਹੋ ਸਕਦੀ ਹੈ।
‘ਆਮ ਆਦਮੀ ਪਾਰਟੀ’ ਹੁਣ ਪੰਜਾਬ ਨੂੰ ਸਮਝਣ ਵਾਲੇ ਪੁਰਾਣੇ ਨੇਤਾਵਾਂ ਨਾਲ ਚੋਣਾਂ ਲੜਨਾ ਚਾਹੁੰਦੀ ਹੈ ਤੇ ਇਸੇ ਲੜੀ ਵਿੱਚ ਅਰਵਿੰਦ ਕੇਜਰੀਵਾਲ ਖੁਦ ਵੱਡੇ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਇਸ ਦੇ ਨਾਲ ਹੀ ਕੇਜਰੀਵਾਲ; ਅੱਜਕੱਲ੍ਹ ਪਾਰਟੀ ਦੇ ਪ੍ਰੋਗਰਾਮਾਂ ਤੋਂ ਕੁਝ ਦੂਰੀ ਬਣਾ ਕੇ ਚੱਲ ਰਹੇ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਵੀ ਮਿਲ ਸਕਦੇ ਹਨ।
ਆਮ ਆਦਮੀ ਪਾਰਟੀ ਦੇ ਆਗੂ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਅੱਜ ਵੀਰਵਾਰ ਨੂੰ ਦੁਪਹਿਰ 12 ਵਜੇ ਅੰਮ੍ਰਿਤਸਰ ਪਹੁੰਚਣਾ ਹੈ ਤੇ ਹਵਾਈ ਅੱਡੇ ਤੋਂ ਸਿੱਧਾ ਗੁਰਦਾਸਪੁਰ ਦੇ ਕਾਹਨੂੰਵਾਨ ਵਿਖੇ ਸੇਵਾ ਸਿੰਘ ਸੇਖਵਾਂ ਦੇ ਘਰ ਪਹੁੰਚਣਗੇ। ਦੋਵਾਂ ਵਿਚਾਲੇ ਇੱਕ ਸਦਭਾਵਨਾ ਮੁਲਾਕਾਤ ਹੋਵੇਗੀ। ਉਸ ਤੋਂ ਬਾਅਦ ਦਾ ਪ੍ਰੋਗਰਾਮ ਅਜੇ ਨਹੀਂ ਆਇਆ। ਬੈਂਸ ਨੇ ਕਿਹਾ ਕਿ ਪਤਾ ਨਹੀਂ ਕੇਜਰੀਵਾਲ ਦੀ ਮੀਟਿੰਗ ਸੇਖਵਾਂ ਨਾਲ ਕਿਉਂ ਹੋ ਰਹੀ ਹੈ। ਇਹ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਇਸ ਮੀਟਿੰਗ ਵਿੱਚ ਹੋਰ ਕੌਣ-ਕੌਣ ਸ਼ਾਮਲ ਹੋਣਗੇ।
ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ
ਸੇਵਾ ਸਿੰਘ ਸੇਖਵਾਂ ਮਾਝੇ ਦੇ ਸੀਨੀਅਰ ਆਗੂ ਹਨ। ਉਹ ਪਿਛਲੀ ਬਾਦਲ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਸਨ। ਜਦੋਂ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਬਣੇ ਤਾਂ ਪਾਰਟੀ ਦੇ ਸੀਨੀਅਰ ਆਗੂਆਂ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ ਤੇ ਰਤਨ ਸਿੰਘ ਅਜਨਾਲਾ ਦੇ ਛੋਟੇ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮਤਭੇਦ ਸਨ।
ਉਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੇਤਾਵਾਂ ਨੇ ‘ਸ਼੍ਰੋਮਣੀ ਅਕਾਲੀ ਦਲ-ਟਕਸਾਲੀ’ ਨਾਂਅ ਦੀ ਨਵੀਂ ਪਾਰਟੀ ਬਣਾਈ। ਲਗਪਗ ਇੱਕ ਸਾਲ ਪਹਿਲਾਂ, ‘ਸ਼੍ਰੋਮਣੀ ਅਕਾਲੀ ਦਲ ਟਕਸਾਲੀ’ ਨੂੰ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਪਾਰਟੀ ਵਿੱਚ ਰਲਾ ਦਿੱਤਾ ਗਿਆ ਸੀ।
ਹਾਲਾਂਕਿ ਸੇਵਾ ਸਿੰਘ ਸੇਖਵਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਰਾਜਨੀਤੀ ਵਿੱਚ ਬਹੁਤੇ ਸਰਗਰਮ ਨਹੀਂ ਰਹੇ ਹਨ, ਫਿਰ ਵੀ ਉਨ੍ਹਾਂ ਨੂੰ ਪੰਜਾਬ ਦੇ ਮਾਝਾ-ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਚਾਰ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਮਹੱਤਵਪੂਰਨ ਸਮਰਥਨ ਅਧਾਰ ਮੰਨਿਆ ਜਾਂਦਾ ਹੈ।
ਕੇਜਰੀਵਾਲ ਭਗਵੰਤ ਮਾਨ ਨੂੰ ਵੀ ਮਿਲਣਗੇ
‘ਆਮ ਆਦਮੀ ਪਾਰਟੀ’ ਦੇ ਇੱਕ ਆਗੂ ਨੇ ਇਹ ਵੀ ਮੰਨਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਕੁਝ ਵਿਤਕਰਾ ਚੱਲ ਰਿਹਾ ਹੈ। ਖਾਸ ਕਰਕੇ ਪਾਰਟੀ ਦੇ ਪੰਜਾਬ ਮੁਖੀ ਭਗਵੰਤ ਮਾਨ ਸੀਐਮ ਚਿਹਰਾ ਨਾ ਐਲਾਨੇ ਜਾਣ ਤੋਂ ਨਾਰਾਜ਼ ਹਨ ਤੇ ਪਿਛਲੇ ਕਈ ਦਿਨਾਂ ਤੋਂ ਪਾਰਟੀ ਦੇ ਕਿਸੇ ਪ੍ਰੋਗਰਾਮ ਵਿੱਚ ਨਹੀਂ ਜਾ ਰਹੇ।
ਸ਼ਾਇਦ ਕੇਜਰੀਵਾਲ ਅੱਜ ਭਗਵੰਤ ਮਾਨ ਨੂੰ ਵੀ ਮਿਲਣਗੇ। ਭਗਵੰਤ ਮਾਨ ਚਾਹੁੰਦੇ ਹਨ ਕਿ ਪਾਰਟੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇ ਪਰ ਅਰਵਿੰਦ ਕੇਜਰੀਵਾਲ ਇਸ ਲਈ ਤਿਆਰ ਨਹੀਂ। ਇਸ ਕਾਰਨ ਭਗਵੰਤ ਮਾਨ ਨੇ ਆਪਣੇ ਆਪ ਨੂੰ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰ ਕਰ ਲਿਆ ਹੈ।