ASI ਜਿੰਦਰ ਵੱਲੋਂ ਟ੍ਰੇਨ ਹੇਠਾਂ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ: ਲੁਧਿਆਣਾ ਪੁਲਿਸ ਨੂੰ ਜੇਬ 'ਚੋਂ ਮਿਲਿਆ ਸੁਸਾਈਡ ਨੋਟ, 2 ਗ੍ਰਿਫਤਾਰ, 1 ਫਰਾਰ
ਬੁੱਧਵਾਰ ਨੂੰ ਲੁਧਿਆਣਾ ਦੇ ਸਲੇਮ ਟਾਬਰੀ ਥਾਣੇ ਦੇ ਏਐਸਆਈ ਜਿੰਦਰ ਕੁਮਾਰ ਨੇ ਰੇਲਵੇ ਸਟੇਸ਼ਨ ਨੇੜੇ ਲੱਕੜ ਪੁਲ ਰੇਲਵੇ ਲਾਈਨਾਂ 'ਤੇ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਪੁਲਿਸ ਮੁਲਾਜ਼ਮ ਦਾ ਸਰੀਰ ਦੋ ਹਿਸਿਆਂ ਵਿੱਚ ਕੱਟ ਗਿਆ ਸੀ।
ਲੁਧਿਆਣਾ: ਬੁੱਧਵਾਰ ਨੂੰ ਲੁਧਿਆਣਾ ਦੇ ਸਲੇਮ ਟਾਬਰੀ ਥਾਣੇ ਦੇ ਏਐਸਆਈ ਜਿੰਦਰ ਕੁਮਾਰ ਨੇ ਰੇਲਵੇ ਸਟੇਸ਼ਨ ਨੇੜੇ ਲੱਕੜ ਪੁਲ ਰੇਲਵੇ ਲਾਈਨਾਂ 'ਤੇ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਪੁਲਿਸ ਮੁਲਾਜ਼ਮ ਦਾ ਸਰੀਰ ਦੋ ਹਿਸਿਆਂ ਵਿੱਚ ਕੱਟ ਗਿਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਥਾਣਾ ਜੀਆਰਪੀ ਨੂੰ ਇਹ ਮਾਮਲਾ ਸ਼ੁਰੂ ਤੋਂ ਹੀ ਸ਼ੱਕੀ ਲੱਗ ਰਿਹਾ ਸੀ।
ਜਦੋਂ ਮ੍ਰਿਤਕ ਦੀ ਜੇਬ 'ਚੋਂ ਸੁਸਾਈਡ ਨੋਟ ਮਿਲਿਆ ਤਾਂ ਸੱਚਾਈ ਸਭ ਦੇ ਸਾਹਮਣੇ ਆ ਗਈ। ਸੁਸਾਈਡ ਨੋਟ ਵਿੱਚ ਸੁਖਜੀਤ, ਜਗਸੀਰ ਤੇ ਚਰਨਜੀਤ ਕੌਰ ਦੇ ਨਾਮ ਲਿਖੇ ਹਨ। ਮਾਮਲੇ ਵਿੱਚ ਮ੍ਰਿਤਕ ਨੇ ਇੱਕ ਹੋਰ ਵਿਅਕਤੀ ਦਾ ਵੀ ਜ਼ਿਕਰ ਕੀਤਾ ਹੈ ਪਰ ਉਸ ਦਾ ਨਾਂ ਨਾ ਲਿਖ ਕੇ 4 ਲੋਕਾਂ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਹ ਮਾਮਲਾ ਦੋ ਧਿਰਾਂ ਵਿਚਾਲੇ ਜ਼ਮੀਨੀ ਵਿਵਾਦ ਦੇ ਨਿਪਟਾਰੇ ਦਾ ਹੈ।
ਸੂਤਰ ਦੱਸਦੇ ਹਨ ਕਿ ਸੁਸਾਈਡ ਨੋਟ ਵਿੱਚ ਜਿੰਦਰ ਨੇ ਇਹ ਵੀ ਲਿਖਿਆ ਹੈ ਕਿ ਉਪਰੋਕਤ ਤਿੰਨ ਤੇ ਇੱਕ ਹੋਰ ਵਿਅਕਤੀ ਉਸਨੂੰ 40 ਹਜ਼ਾਰ ਰੁਪਏ ਰਿਸ਼ਵਤ ਦੇ ਝੂਠੇ ਕੇਸ ਵਿੱਚ ਫਸਾਉਣ ਦੇ ਬਦਲੇ ਇੱਕ ਤਰਫਾ ਜਾਂਚ ਕਰਵਾਉਣ ਲਈ ਦਬਾਅ ਪਾ ਰਹੇ ਹਨ। ਇਨ੍ਹਾਂ ਲੋਕਾਂ ਤੋਂ ਪਰੇਸ਼ਾਨ ਹੋ ਕੇ ਉਹ ਖੁਦਕੁਸ਼ੀ ਕਰ ਰਿਹਾ ਹੈ। ਉਹ ਦੋਵੇਂ ਧਿਰਾਂ ਦੀ ਨਿਰਪੱਖਤਾ ਨਾਲ ਜਾਂਚ ਕਰ ਰਿਹਾ ਸੀ। ਜੀਆਰਪੀ ਵੱਲੋਂ ਮ੍ਰਿਤਕ ਦੇ ਮੋਬਾਈਲ ਦੀ ਕਾਲ ਡਿਟੇਲ ਹਾਸਲ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਹ ਕਿਸ ਸਮੇਂ ਰੇਲਗੱਡੀ ਹੇਠ ਆਇਆ ਸੀ, ਪਹਿਲਾਂ ਉਸਦੀ ਕਿਸ ਵਿਅਕਤੀ ਨਾਲ ਗੱਲ ਹੋਈ ਹੈ।
ਇੱਕ ਅਧਿਕਾਰੀ ਦਾ ਨਾਮ ਚਰਚਾ 'ਚ
ਏਐਸਆਈ ਜਿੰਦਰ ਦੀ ਮੌਤ ਤੋਂ ਬਾਅਦ ਸ਼ਹਿਰ 'ਚ ਇਕ ਅਧਿਕਾਰੀ ਦਾ ਨਾਂ ਚਰਚਾ 'ਚ ਆ ਗਿਆ ਹੈ। ਸ਼ਹਿਰ ਵਿੱਚ ਚਰਚਾ ਹੈ ਕਿ ਅਧਿਕਾਰੀ ਨੇ ਜਿੰਦਰ ਨੂੰ ਕਿਸੇ ਗੱਲ ਲਈ ਤਾੜਨਾ ਕੀਤੀ ਸੀ। ਇਸ ਮਾਮਲੇ ਸਬੰਧੀ ਜਦੋਂ ਥਾਣਾ ਸਲੇਮ ਟਾਬਰੀ ਦੇ ਐਸਐਚਓ ਰਮਨਦੀਪ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਥਾਣੇ ਦਾ ਗੇਟ ਬੰਦ ਕਰਵਾ ਦਿੱਤਾ। ਥਾਣੇ ਦੇ ਬਾਹਰ ਖੜ੍ਹੇ ਸੰਤਰੀ ਨੇ ਕਿਹਾ ਕਿ ਸਾਹਬ ਨੇ ਹੁਕਮ ਦਿੱਤਾ ਹੈ ਕਿ ਕੋਈ ਵੀ ਥਾਣੇ ਅੰਦਰ ਨਾ ਆਵੇ।
ਥਾਣੇ ਦੇ ਐਸਐਚਓ ਦਾ ਅਜਿਹਾ ਵਤੀਰਾ ਕਿਤੇ ਨਾ ਕਿਤੇ ਕਿਸੇ ਅਧਿਕਾਰੀ ਦੇ ਬਚਾਅ ਵੱਲ ਇਸ਼ਾਰਾ ਕਰਦਾ ਹੈ। ਥਾਣਾ ਜੀਆਰਪੀ ਨੇ ਇਸ ਮਾਮਲੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇੱਕ ਦੋਸ਼ੀ ਫ਼ਰਾਰ ਦੱਸਿਆ ਜਾ ਰਿਹਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਜਗਸੀਰ ਅਤੇ ਚਰਨਜੀਤ ਕੌਰ ਵਜੋਂ ਹੋਈ ਹੈ। ਸੁਖਜੀਤ ਦੀ ਭਾਲ ਜਾਰੀ ਹੈ ਅਤੇ ਚੌਥੇ ਮੁਲਜ਼ਮ ਬਾਰੇ ਅਜੇ ਵੀ ਪਹੇਲੀ ਬਣੀ ਹੋਈ ਹੈ।
ਇਸ ਦੇ ਨਾਲ ਹੀ ਜਿਸ ਔਰਤ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ, ਉਸ ਦੀ ਬੇਟੀ ਦਾ ਕਹਿਣਾ ਹੈ ਕਿ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਉਹ ਇਕ ਸੀਨੀਅਰ ਪੁਲਿਸ ਅਧਿਕਾਰੀ ਕੋਲ ਬੈਠੀ ਸੀ। ਉਹ ਨਹੀਂ ਜਾਣਦੇ ਕਿ ਏਐਸਆਈ ਜਿੰਦਰ ਨੇ ਖੁਦਕੁਸ਼ੀ ਕਿਉਂ ਕੀਤੀ। ਏਐਸਆਈ ਜਿੰਦਰ ਦੀ ਮੌਤ ਦਾ ਰੋਸ ਪੁਲੀਸ ਮਹਿਕਮੇ ਵਿੱਚ ਹੈ। ਪੁਲੀਸ ਮੁਲਾਜ਼ਮ ਵੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਗੱਲ ਦੱਬੀ ਜ਼ੁਬਾਨ ਵਿੱਚ ਕਰ ਰਹੇ ਹਨ।