Balwinder Kaur case: ਪੁਲਿਸ ਦੀ ਕਾਰਗੁਜ਼ਾਰੀ ਖਿਲਾਫ਼ ਅੱਜ ਚੱਕਾ ਜਾਮ ਦਾ ਐਲਾਨ
Balwinder Kaur suicide case: ਮ੍ਰਿਤਕਾ ਦੇ ਭਰਾ ਹਰਦੇਵ ਸਿੰਘ ਅਤੇ ਜਥੇਬੰਦੀ ਦੀ ਕਨਵੀਨਰ ਜਸਵਿੰਦਰ ਕੌਰ ਨੇ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਸੀ ਕਿ ਜੇਕਰ ਸਵੇਰ ਤੱਕ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਭਲਕੇ 26 ਅਕਤੂਬਰ ਨੂੰ ਸੜਕ

ਰੂਪਨਗਰ : ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੀ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਮਮਾਲੇ ਵਿੱਚ ਪੰਜਾਬ ਪੁਲਿਸ ਵੱਲੋਂ ਹਾਲੇ ਤੱਕ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਨੂੰ ਦੇਖਦੇ ਹੋਏ ਅੱਜ 26 ਅਕਤੂਬਰ ਨੂੰ ਚੱਕਾ ਜਾਮ ਕੀਤਾ ਜਾਵੇਗਾ।
ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੇ ਪਰਿਵਾਰਕ ਮੈਂਬਰ ਅਤੇ 1158 ਸਹਾਇਕ ਪ੍ਰੋਫੈਸਰ, ਲਾਇਬਰੇਰੀਅਨ ਫਰੰਟ ਪੰਜਾਬ ਜਥੇਬੰਦੀ ਦੇ ਮੈਂਬਰ ਅੱਜ ਵੀ ਸਿਵਲ ਹਸਪਤਾਲ ਰੂਪਨਗਰ ਦੇ ਮੁਰਦਾਘਰ ਅੱਗੋਂ ਇਨਸਾਫ਼ ਲਈ ਡਟੇ ਹੋਏ ਹਨ। ਬੀਤੇ ਦਿਨ ਮ੍ਰਿਤਕਾ ਦੇ ਭਰਾ ਹਰਦੇਵ ਸਿੰਘ ਅਤੇ ਜਥੇਬੰਦੀ ਦੀ ਕਨਵੀਨਰ ਜਸਵਿੰਦਰ ਕੌਰ ਨੇ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਸੀ ਕਿ ਜੇਕਰ ਸਵੇਰ ਤੱਕ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਭਲਕੇ 26 ਅਕਤੂਬਰ ਨੂੰ ਸੜਕ ਜਾਮ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਲਾਸ਼ ਪਿਛਲੇ ਦੋ ਦਿਨਾਂ ਤੋਂ ਰੂਪਨਗਰ ਹਸਪਤਾਲ ਦੇ ਮੁਰਦਾਘਰ ਵਿੱਚ ਪਈ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੇਸ਼ ਲਾਇਆ ਕਿ ਪੁਲੀਸ ਵੱਲੋਂ ਖੁਦਕੁਸ਼ੀ ਨੋਟ ਦੀ ਫੋਰੈਂਸਿਕ ਜਾਂਚ ਕਰਵਾਉਣ ਦਾ ਬਹਾਨਾ ਬਣਾਇਆ ਜਾ ਰਿਹਾ ਹੈ, ਜਦਕਿ ਬਲਵਿੰਦਰ ਕੌਰ ਨੇ ਖੁਦਕੁਸ਼ੀ ਨੋਟ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਛੱਡੀ ਹੈ।
ਉਨ੍ਹਾਂ ਕਿਹਾ ਕਿ ਪੁਲੀਸ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਉਹ ਇਨ੍ਹਾਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਸਰਕਾਰ ਖਿਲਾਫ਼ ਲੱਗੇ ਮੋਰਚੇ ਵਿੱਚ ਬੀਤੇ ਦਿਨ ਵੀ ਸਿਆਸੀ ਲੀਡਰ ਵੱਡੀ ਗਿਣਤੀ ਵਿੱਚ ਪਹੁੰਚੇ ਸਨ ਅਤੇ ਅੱਜ ਵੀ ਇਸ ਧਰਨੇ ਨੂੰ ਸਮਰਥਨ ਦਿੱਤਾ ਜਾਵੇਗਾ। ਬੀਤੇ ਦਿਨ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਸੂਬਾ ਪ੍ਰਧਾਨ ਜੈਇੰਦਰ ਕੌਰ, ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਅਜੇਵੀਰ ਸਿੰਘ, ਕਿਸਾਨ ਆਗੂ ਮੋਹਰ ਸਿੰਘ ਖਾਬੜਾ, ਕੁੱਲ ਹਿੰਦ ਕਿਸਾਨ ਸਭਾ ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ ਲੱਖਵਾਲ, ਡੈਮੋਕਰੇਟਿਕ ਟੀਚਰਜ਼ ਫਰੰਟ, ਸੀਟੂ ਪੰਜਾਬ, ਆਲ ਪੰਜਾਬ ਆਂਗਣਵਾੜੀ ਕਰਮਚਾਰੀ ਯੂਨੀਅਨ ਆਦਿ ਜਥੇਬੰਦੀਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ ਸੀ।
ਇਸੇ ਦੌਰਾਨ ਐੱਸਐੱਚਓ ਸਿਟੀ ਪਵਨ ਕੁਮਾਰ ਸ਼ਰਮਾ ਨੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਨਹਿਰੀ ਵਿਸ਼ਰਾਮ ਘਰ ਆ ਕੇ ਆਈਜੀ ਰੂਪਨਗਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਗੱਲਬਾਤ ਕਰ ਲੈਣ। ਇਸ ਦੌਰਾਨ ਜਦੋਂ ਪਰਿਵਾਰਕ ਮੈਂਬਰਾਂ ਨੇ ਸਾਰੀ ਗੱਲਬਾਤ ਧਰਨੇ ਵਿੱਚ ਆ ਕੇ ਹੀ ਸਭ ਦੇ ਸਾਹਮਣੇ ਕਰਨ ਦੀ ਸ਼ਰਤ ਰੱਖ ਦਿੱਤੀ ਤਾਂ ਆਈਜੀ ਦੀ ਥਾਂ ਐੱਸਐੱਸਪੀ ਵਿਵੇਕਸ਼ੀਲ ਸੋਨੀ ਮੌਕੇ `ਤੇ ਪਹੁੰਚੇ। ਇਸ ਦੌਰਾਨ ਐੱਸਐੱਸਪੀ ਨੇ ਭਾਜਪਾ ਆਗੂ ਅਜੇਵੀਰ ਸਿੰਘ ਲਾਲਪੁਰਾ, ਪਰਿਵਾਰਕ ਮੈਂਬਰਾਂ ਅਤੇ ਜਥੇਬੰਦੀ ਦੀ ਕਨਵੀਨਰ ਜਸਵਿੰਦਰ ਕੌਰ ਨਾਲ ਗੱਲਬਾਤ ਕੀਤੀ। ਕਾਫ਼ੀ ਸਮਾਂ ਗੱਲਬਾਤ ਹੋਣ ਦੇ ਬਾਵਜੂਦ ਇਸ ਕਿਸੇ ਤਣ ਪੱਤਣ ਨਾ ਲੱਗੀ।






















