ਸਰਕਾਰ ਦੇ ਲੌਕਡਾਊਨ ਅੱਗੇ ਦੁਕਾਨਦਾਰ ਬੇਵੱਸ, ਪੰਜ ਵਜੇ ਦੁਕਾਨਾਂ ਬੰਦ ਕਰਨ ਦੇ ਫੈਸਲੇ ਤੋਂ ਡਾਢੇ ਨਿਰਾਸ਼
ਸਰਕਾਰ ਵੱਲੋਂ ਲਗਾਏ ਇਸ ਕਰਫਿਊ ਤੋਂ ਦੁਕਾਨਦਾਰ ਕਾਫੀ ਨਾਰਾਜ਼ ਦਿਖਾਈ ਦੇ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਬਰਨਾਲਾ ਦੇ ਦੁਕਾਨਦਾਰਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਕੋਰੋਨਾ ਲਾਕਡਾਊਨ ਕਾਰਨ ਉਨ੍ਹਾਂ ਦੇ ਕਾਰੋਬਾਰ ਵੱਡੇ ਪੱਧਰ 'ਤੇ ਪ੍ਰਭਾਵਤ ਹੋਏ ਸਨ।
ਬਰਨਾਲਾ: ਕੋਰੋਨਾ ਵਾਇਰਸ ਦੇ ਪੰਜਾਬ ਸਮੇਤ ਦੇਸ਼ ਭਰ ਵਿਚ ਮਾਮਲੇ ਲਗਾਤਾਰ ਵਧ ਰਹੇ ਹਨ। ਜਿਸਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਖ਼ਤੀ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਹਫ਼ਤੇ ਦੇ ਆਖ਼ਰੀ ਦੋ ਦਿਨ ਪੱਕੇ ਤੌਰ 'ਤੇ ਵੀਕੈਂਡ ਲੌਕਡਾਉਨ ਲਾਇਆ ਗਿਆ ਹੈ। ਉੱਥੇ ਹੀ ਬਾਕੀ ਬਚਦੇ ਪੰਜ ਦਿਨਾਂ ਵਿੱਚ ਸ਼ਾਮ ਪੰਜ ਵਜੇ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
6 ਵੱਜਦੇ ਹੀ ਕਰਫਿਊ ਲਾਗੂ ਹੋ ਜਾਂਦਾ ਹੈ । ਬਰਨਾਲਾ ਸ਼ਹਿਰ ਵਿਚ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਨਾਲ ਕੋਰੋਨਾ ਕਰਫਿਊ ਨੂੰ ਲਾਗੂ ਕਰਵਾਇਆ ਗਿਆ। ਸ਼ਾਮ ਦੇ ਛੇ ਵੱਜਦੇ ਹੀ ਬਰਨਾਲਾ ਦੇ ਬਾਜ਼ਾਰਾਂ ਵਿਚਲੀਆਂ ਸਾਰੀਆਂ ਦੁਕਾਨਾਂ ਮੁਸਤੈਦੀ ਨਾਲ ਬੰਦ ਕਰਵਾਈਆਂ ਗਈਆਂ। ਪੁਲਿਸ ਵੱਲੋਂ ਬਾਜ਼ਾਰਾਂ ਵਿੱਚ ਮੁਨਾਦੀ ਕਰਕੇ ਦੁਕਾਨਦਾਰਾਂ ਨੂੰ ਕਰਫਿਊ ਬਾਰੇ ਸੁਚੇਤ ਕੀਤਾ ਗਿਆ।
ਸਰਕਾਰ ਵੱਲੋਂ ਲਗਾਏ ਇਸ ਕਰਫਿਊ ਤੋਂ ਦੁਕਾਨਦਾਰ ਕਾਫੀ ਨਾਰਾਜ਼ ਦਿਖਾਈ ਦੇ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਬਰਨਾਲਾ ਦੇ ਦੁਕਾਨਦਾਰਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਕੋਰੋਨਾ ਲਾਕਡਾਊਨ ਕਾਰਨ ਉਨ੍ਹਾਂ ਦੇ ਕਾਰੋਬਾਰ ਵੱਡੇ ਪੱਧਰ 'ਤੇ ਪ੍ਰਭਾਵਤ ਹੋਏ ਸਨ। ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਇਸ ਵਾਰ ਮੁੜ ਕੋਰੋਨਾ ਦੇ ਬਹਾਨੇ ਲੌਕਡਾਊਨ ਅਤੇ ਕਰਫਿਊ ਲਗਾਇਆ ਜਾ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦੀਆਂ ਦੁਕਾਨਦਾਰੀਆਂ ਅਤੇ ਕਾਰੋਬਾਰਾਂ 'ਤੇ ਇਸ ਦਾ ਗਹਿਰਾ ਪ੍ਰਭਾਵ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਰੋਬਾਰ ਵਿੱਚ ਲੱਗੇ ਮਜ਼ਦੂਰਾਂ ਦੀ ਲੇਬਰ , ਬਿਜਲੀ ਦਾ ਬਿੱਲ, ਦੁਕਾਨਾਂ ਦੇ ਕਿਰਾਏ ਸਮੇਤ ਹੋਰ ਵੱਡੇ ਟੈਕਸਾਂ ਦਾ ਭਾਰ ਪੈ ਰਿਹਾ ਹੈ, ਪਰ ਉਨ੍ਹਾਂ ਨੂੰ ਕੋਈ ਕਿਸੇ ਪਾਸੋਂ ਰਾਹਤ ਨਹੀਂ ਹੈ। ਇਸ ਸਬੰਧੀ ਬਰਨਾਲਾ ਪੁਲਿਸ ਦੇ ਡੀਐਸਪੀ ਵਿਲੀਅਮ ਜ਼ੇਜੀ ਨੇ ਕਿਹਾ ਕਿ ਲੋਕਾਂ ਨੂੰ ਸਮਝਾ ਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਾਜ਼ਾਰ ਬੰਦ ਕਰਵਾਇਆ ਗਿਆ ਹੈ। ਥਾਂ-ਥਾਂ ਪੁਲਿਸ ਫ਼ੋਰਸ ਦੀ ਨਾਕਾਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਰਫ਼ਿਊ ਦੀ ਜੇਕਰ ਕੋਈ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।