ਮੁਲਜ਼ਮਾਂ ਨੂੰ ਸ਼ਰਾਬ ਤੇ ਵੀਆਈਪੀ ਸਹੂਲਤਾਂ ਦੇ ਕੇ ਕਸੂਤੀ ਫਸੀ ਬਠਿੰਡਾ ਪੁਲਿਸ, 3 ਪੁਲਿਸ ਮੁਲਾਜ਼ਮ ਮੁਅੱਤਲ
ਪੂਰਾ ਮਾਮਲਾ ਐਸਐਚਓ ਤੋਂ ਬਾਅਦ ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਕੋਲ ਪੁੱਜਿਆ ਤਾਂ ਮੁਲਜ਼ਮਾਂ ਦੀ ਆਓ ਭਗਤ ਕਰਨ ਵਾਲੇ ਥਾਣੇ ਦੇ ਹੈੱਡ ਮੁਨਸ਼ੀ ਤੇ ਦੋ ਸਹਾਇਕ ਥਾਣੇਦਾਰਾਂ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਗਏ।
ਬਠਿੰਡਾ: ਬਠਿੰਡਾ ਪੁਲਿਸ ਵੱਲੋਂ ਕੁੱਟਮਾਰ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਵੀਆਈਪੀ ਸਹੂਲਤਾਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਤਲਵੰਡੀ ਸਾਬੋ ਵਿੱਚ ਪੰਜ ਦਿਨ ਪਹਿਲਾਂ ਹੋਏ ਮਾਮਲੇ ਤੋਂ ਬਾਅਦ ਅੱਜ ਇੱਕ ਵਾਰ ਫਿਰ ਬਠਿੰਡਾ ਪੁਲਿਸ ਦੀ ਚਰਚਾ ਹੋ ਰਹੀ ਹੈ। ਕੁਤਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ ਹੈ।
ਮਾਮਲਾ ਤਲਵੰਡੀ ਸਾਬੋ ਦਾ ਹੈ ਜਿੱਥੇ ਚਾਰ ਦਿਨ ਪਹਿਲਾਂ ਕੁੱਟਮਾਰ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ। ਤਲਵੰਡੀ ਸਾਬੋ ਥਾਣੇ ਦੇ ਹਵਾਲਾਤ ਬਾਹਰ ਮੁਲਜ਼ਮਾਂ ਨੂੰ ਖਾਣੇ ਦੇ ਨਾਲ-ਨਾਲ ਸ਼ਰਾਬ ਵੀ ਪਿਆਈ ਗਈ।
ਇਹ ਪੂਰਾ ਮਾਮਲਾ ਐਸਐਚਓ ਤੋਂ ਬਾਅਦ ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਕੋਲ ਪੁੱਜਿਆ ਤਾਂ ਮੁਲਜ਼ਮਾਂ ਦੀ ਆਓ ਭਗਤ ਕਰਨ ਵਾਲੇ ਥਾਣੇ ਦੇ ਹੈੱਡ ਮੁਨਸ਼ੀ ਤੇ ਦੋ ਸਹਾਇਕ ਥਾਣੇਦਾਰਾਂ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਗਏ।
ਸਸਪੈਂਡ ਪੁਲਿਸ ਮੁਲਾਜ਼ਮਾਂ ਦੀ ਪਛਾਣ ਏਐਸਆਈ ਗੁਰਦਾਸ ਸਿੰਘ, ਏਐਸਆਈ ਧਰਮਵੀਰ ਸਿੰਘ ਤੇ ਹੈੱਡ ਕਾਂਸਟੇਬਲ ਕੁਲਦੀਪ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਕਿਸੇ ਵਿਅਕਤੀ ਵੱਲੋਂ ਥਾਣਾ ਤਲਵੰਡੀ ਸਾਬੋ ਦੇ ਐਸਐਚਓ ਨੂੰ ਸ਼ਿਕਾਇਤ ਦਿੱਤੀ ਗਈ ਸੀ। ਉਸ ਤੋਂ ਬਾਅਦ ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੂੰ ਵੀ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਐਸਐਸਪੀ ਨਾਨਕ ਸਿੰਘ ਨੇ ਤਲਵੰਡੀ ਸਾਬੋ ਦੇ ਐਸਐਚਓ ਤੋਂ ਰਿਪੋਰਟ ਮੰਗੀ ਤੇ ਤਿੰਨਾਂ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ।