ਭਾਰਤੀ ਹਵਾਈ ਜਹਾਜ਼ ਹਾਈਜੈਕ ਕਰਨ ਵਾਲਾ ਭਾਈ ਗਜਿੰਦਰ ਸਿੰਘ ਪਹੁੰਚਿਆ ਪਾਕਿਸਤਾਨ ? ਸੋਸ਼ਲ ਮੀਡੀਆ 'ਤੇ ਫੋਟੋ ਵਾਇਰਲ ਹੋਣ ਮਗਰੋਂ ਛਿੜੀ ਚਰਚਾ
ਭਾਰਤੀ ਹਵਾਈ ਜਹਾਜ਼ ਕਰਨ ਵਾਲਾ ਦਲ ਖ਼ਾਲਸਾ ਦੇ ਸਹਿ ਬਾਨੀ ਭਾਈ ਗਜਿੰਦਰ ਸਿੰਘ ਦਾ ਇਸ ਵੇਲੇ ਪਾਕਿਸਤਾਨ ਵਿੱਚ ਹੋਣ ਦਾ ਖਦਸ਼ਾ ਹੈ। ਇਹ ਚਰਚਾ ਉਨ੍ਹਾਂ ਦੀ ਇੱਕ ਤਸਵੀਰ ਪਾਕਿਸਤਾਨ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿੱਚ ਸਾਹਮਣੇ ਆਉਣ ਤੋਂ ਬਾਅਦ ਛਿੜੀ ਹੈ।
Gajinder Singh in Pakistan: ਭਾਰਤੀ ਹਵਾਈ ਜਹਾਜ਼ ਹਾਈਜੈਕ ਕਰਨ ਵਾਲਾ ਦਲ ਖ਼ਾਲਸਾ ਦੇ ਸਹਿ ਬਾਨੀ ਭਾਈ ਗਜਿੰਦਰ ਸਿੰਘ ਦਾ ਇਸ ਵੇਲੇ ਪਾਕਿਸਤਾਨ ਵਿੱਚ ਹੋਣ ਦਾ ਖਦਸ਼ਾ ਹੈ। ਇਹ ਚਰਚਾ ਉਨ੍ਹਾਂ ਦੀ ਇੱਕ ਤਸਵੀਰ ਪਾਕਿਸਤਾਨ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿੱਚ ਸਾਹਮਣੇ ਆਉਣ ਤੋਂ ਬਾਅਦ ਛਿੜੀ ਹੈ। ਉਨ੍ਹਾਂ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਦੇ ਫੇਸਬੁੱਕ ਪੇਜ ’ਤੇ ਅਪਲੋਡ ਕੀਤੀ ਹੈ, ਜਿਸ ਦੇ ਹੇਠਾਂ ਉਨ੍ਹਾਂ ਦੀ ਇੱਕ ਕਵਿਤਾ ‘ਜ਼ਿੰਦਗੀ ਦੀ ਕਿਤਾਬ’ ਵੀ ਦਰਜ ਹੈ।
ਦੱਸ ਦਈਏ ਕਿ ਗਜਿੰਦਰ ਸਿੰਘ ਭਾਰਤ ਸਰਕਾਰ ਦੀ ਜਨਵਰੀ 2002 ਵਿੱਚ ਜਾਰੀ ਕੀਤੀ ਗਈ ਮੋਸਟ ਵਾਂਟੇਡ ਦੀ ਲਿਸਟ ਵਿੱਚ ਸ਼ਾਮਲ ਸੀ। ਉਨ੍ਹਾਂ ਆਪਣੇ ਸਾਥੀਆਂ ਸਮੇਤ 29 ਸਤੰਬਰ 1981 ਨੂੰ ਭਾਰਤੀ ਹਵਾਈ ਜਹਾਜ਼ ਨੂੰ ਅਗਵਾ ਕੀਤਾ ਸੀ, ਜਿਸ ਨੂੰ ਉਹ ਲਾਹੌਰ ਲੈ ਕੇ ਗਏ ਗਏ ਸਨ। ਉਨ੍ਹਾਂ ਇਹ ਕਾਰਵਾਈ ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਰਿਹਾਅ ਕਰਾਉਣ ਤੇ ਖ਼ਾਲਿਸਤਾਨ ਲਹਿਰ ਨੂੰ ਅੰਤਰਰਾਸ਼ਟਰੀ ਮੰਚ ’ਤੇ ਉਭਾਰਨ ਲਈ ਕੀਤੀ ਸੀ।
ਉਨ੍ਹਾਂ ਨਾਲ ਸਤਨਾਮ ਸਿੰਘ ਪਾਉਂਟਾ ਸਾਹਿਬ, ਤੇਜਿੰਦਰਪਾਲ ਸਿੰਘ, ਦਲਬੀਰ ਸਿੰਘ ਅਤੇ ਕਰਨ ਸਿੰਘ ਸ਼ਾਮਲ ਸਨ। ਜਹਾਜ਼ ਅਗਵਾ ਕਰਨ ਦੇ ਦੋਸ਼ ਹੇਠ ਇਨ੍ਹਾਂ ਪੰਜਾਂ ਨੂੰ ਪਾਕਿਸਤਾਨ ਵਿੱਚ 14 ਸਾਲ ਦੀ ਕੈਦ ਹੋਈ ਸੀ, ਜਿਸ ਵਿੱਚੋਂ ਉਹ ਸਾਰੇ 1995 ਵਿੱਚ ਰਿਹਾਅ ਹੋਏ ਸਨ।
ਦੱਸ ਦਈਏ ਕਿ ਕਿ ਇਸਲਾਮਾਬਾਦ ਵੱਲੋਂ ਗਜਿੰਦਰ ਸਿੰਘ ਦੇ ਪਾਕਿਸਤਾਨ ਵਿੱਚ ਹੋਣ ਸਬੰਧੀ ਨਾਂਹ ਕੀਤੀ ਜਾ ਚੁੱਕੀ ਹੈ। ਗਜਿੰਦਰ ਸਿੰਘ ਦੇ ਪਾਕਿਸਤਾਨ ਵਿੱਚ ਹੋਣ ਬਾਰੇ ਹੁਣ ਤੱਕ ਅਧਿਕਾਰਤ ਤੌਰ ’ਤੇ ਪਾਕਿਸਤਾਨ ਸਰਕਾਰ ਵੱਲੋਂ ਕਦੇ ਵੀ ਅਜਿਹੀ ਪੁਸ਼ਟੀ ਨਹੀਂ ਕੀਤੀ ਗਈ ਤੇ ਨਾ ਹੀ ਕਦੇ ਦਲ ਖ਼ਾਲਸਾ ਜਥੇਬੰਦੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਪਰ ਹੁਣ ਉਨ੍ਹਾਂ ਦੀ ਇਹ ਤਸਵੀਰ ਗੁਰਦੁਆਰਾ ਪੰਜਾ ਸਾਹਿਬ ਵਿੱਚ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਉਹ ਪਾਕਿਸਤਾਨ ਵਿੱਚ ਹੀ ਹੈ।
ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਪਤਨੀ ਦਾ ਜਰਮਨੀ ਵਿੱਚ ਦੇਹਾਂਤ ਹੋ ਗਿਆ ਸੀ ਪਰ ਉਹ ਉੱਥੇ ਵੀ ਨਹੀਂ ਪੁੱਜੇ ਸਨ। ਉਨ੍ਹਾਂ ਦੀ ਇੱਕ ਬੇਟੀ ਹੈ, ਜੋ ਯੂ ਕੇ ਵਿੱਚ ਰਹਿ ਰਹੀ ਹੈ। ਸੋਸ਼ਲ ਮੀਡੀਆ ’ਤੇ ਉਸ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸੂਹੀਆਂ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਗਜਿੰਦਰ ਸਿੰਘ ਦੀ ਤਸਵੀਰ, ਉਨ੍ਹਾਂ ਦੇ ਐਫਬੀ ਪੇਜ਼ ’ਤੇ ਅਪਲੋਡ ਹੋਣ ਦੀ ਪੁਸ਼ਟੀ ਕੀਤੀ ਹੈ।