ਪੜਚੋਲ ਕਰੋ
ਭਾਰਤ ਬੰਦ: ਇੱਕ ਦੋ ਥਾਵਾਂ 'ਤੇ ਹਿੰਸਕ ਘਟਨਾਵਾਂ, ਬੰਦ ਨੂੰ ਰਲਵਾਂ-ਮਿਲਵਾਂ ਹੁੰਗਾਰਾ

ਚੰਡੀਗੜ੍ਹ: ਜਨਰਲ ਤੇ ਓ.ਬੀ.ਸੀ. ਸ਼੍ਰੇਣੀ ਦੇ ਲੋਕਾਂ ਵੱਲੋਂ ਰਾਖਵੇਂਕਰਨ ਦੇ ਵਿਰੋਧ ਵਿੱਚ ਸੱਦੇ ਭਾਰਤ ਬੰਦ ਨੂੰ ਪੰਜਾਬ ਵਿੱਚ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਹਾਲੇ ਤਕ ਫ਼ਿਰੋਜ਼ਪੁਰ ਵਿੱਚ ਕੁਝ ਹਿੰਸਾ ਹੋਣ ਦੀ ਖ਼ਬਰ ਆਈ ਹੈ, ਬਾਕੀ ਪੂਰੇ ਪੰਜਾਬ ਵਿੱਚ ਬੰਦ ਦਾ ਅਸਰ ਬਹੁਤ ਜ਼ਿਆਦਾ ਨਹੀਂ ਦਿਖਿਆ। ਫ਼ਿਰੋਜ਼ਪੁਰ ਵਿੱਚ ਬਾਜ਼ਾਰ ਬੰਦ ਕਰਵਾਉਣ ਆਏ ਪ੍ਰਦਰਸ਼ਨਕਾਰੀਆਂ ਤੇ ਦੁਕਾਨਦਾਰਾਂ ਵਿਚਕਾਰ ਝੜਪ ਹੋ ਗਈ। ਦੋਵੇਂ ਧਿਰਾਂ ਦੁਕਾਨਾਂ ਬੰਦ ਕਰਵਾਉਣ 'ਤੇ ਭਿੜ ਗਈਆਂ ਤੇ ਪੁਲਿਸ ਦੀ ਹਾਜ਼ਰੀ ਵਿੱਚ ਡਾਂਗਾ ਸੋਟੇ ਤੇ ਇੱਟਾਂ ਰੋੜੇ ਵੀ ਚੱਲੇ। ਕੁਝ ਦੇਰ ਬਾਅਦ ਜਦ ਮਾਮਲਾ ਥੋੜਾ ਮੱਠਾ ਪੈ ਗਿਆ ਤਾਂ ਪੁਲਿਸ ਨੇ ਆ ਕੇ ਝਗੜਾ ਮੁਕਾਉਣ ਦਾ 'ਕ੍ਰੈਡਿਟ' ਲੈ ਲਿਆ। ਫ਼ਰੀਦਕੋਟ ਵਿੱਚ ਇਸ ਬੰਦ ਨੂੰ ਮਿਲਿਆ ਜੁਲਿਆ ਸਮਰਥਨ ਹਾਸਲ ਹੋਇਆ। ਜਿੱਥੇ ਸਕੂਲ, ਕਾਲਜ ਤੇ ਹੋਰ ਦਫ਼ਤਰ ਖੁੱਲ੍ਹੇ ਰਹੇ ਉੱਥੇ ਹੀ ਬਾਜ਼ਾਰ ਦਾ ਇੱਕ ਹਿੱਸਾ ਬੰਦ ਰਿਹਾ, ਪਰ ਬਾਅਦ ਵਿੱਚ ਤਕਰੀਬਨ ਸਾਰਾ ਬਾਜ਼ਾਰ ਬੰਦ ਕਰ ਦਿੱਤਾ ਗਿਆ। ਫ਼ਰੀਦਕੋਟ ਵਿੱਚ ਬ੍ਰਾਹਮਣ ਸਭਾ ਦੇ ਪ੍ਰਧਾਨ ਸੁਖਦੇਵ ਸ਼ਰਮਾ ਨੇ ਕਿਹਾ ਕਿ SC/ST ਐਕਟ 'ਤੇ ਜੋ ਸੁਪਰੀਮ ਕੋਰਟ ਨੇ ਫ਼ੈਸਲਾ ਕੀਤਾ ਹੈ, ਉਹ ਬਿਲਕੁਲ ਸਹੀ ਤੇ ਅਸੀਂ ਇਸ ਦੀ ਪਾਲਣਾ ਵੀ ਕਰਦੇ ਹਾਂ ਤੇ ਸਮਰਥਨ ਵੀ ਕਰਦੇ ਹਾਂ। ਉਨ੍ਹਾਂ ਮੰਗ ਕੀਤੀ ਕਿ ਜਾਤ-ਆਧਾਰਤ ਸਮਰਥਨ ਬੰਦ ਹੋਣਾ ਚਾਹੀਦਾ ਹੈ। ਉੱਧਰ ਬਰਨਾਲਾ ਵਿੱਚ ਬਾਜ਼ਾਰ ਆਮ ਵਾਂਗ ਖੁੱਲ੍ਹੇ ਤੇ ਬੰਦ ਦਾ ਕੋਈ ਖਾਸ ਅਸਰ ਵਿਖਾਈ ਨਹੀਂ ਦਿੱਤਾ। ਬਠਿੰਡਾ ਵਿੱਚ ਜਨਰਲ ਤੇ ਓ.ਬੀ.ਸੀ. ਸ਼੍ਰੇਣੀ ਨਾਲ ਸਬੰਧਿਤ ਲੋਕਾਂ ਨੇ ਇਕੱਠੇ ਹੋ ਕੇ ਬਾਜ਼ਾਰ ਵਿੱਚ ਰੋਸ ਮਾਰਚ ਕੱਢਿਆ ਅਤੇ ਲੋਕਾਂ ਦੀਆਂ ਦੁਕਾਨਾਂ ਬੰਦ ਕਰਵਾਈਆਂ। ਬਾਜ਼ਾਰਾਂ ਵਿੱਚ ਨਾਅਰੇ ਲਾ ਕੇ ਰੋਸ ਮੁਜ਼ਾਹਰਾ ਕਰਦੇ ਹੋਏ ਲੋਕਾਂ ਨੂੰ ਪੁਲਿਸ ਨੇ ਚਿਤਾਵਨੀ ਦਿੰਦੇ ਕਿਹਾ ਕਿ ਦਫਾ 144 ਲੱਗੀ ਹੋਈ ਹੈ ਇਸ ਲਈ ਉਹ ਕੋਈ ਵੀ ਹੁੱਲੜਬਾਜ਼ੀ ਨਾ ਕੀਤੀ ਜਾਵੇ। ਲੋਕਾਂ ਨੇ ਕਿਹਾ ਕਿ ਭਾਰਤ ਵਿੱਚੋਂ ਜਾਤ ਦੇ ਆਧਾਰ 'ਤੇ ਰਾਖਵਾਂਕਰਨ ਖ਼ਤਮ ਹੋਣਾ ਚਾਹੀਦਾ ਹੈ। ਬੰਦ ਦੇ ਸੱਦੇ ਦੇ ਚੱਲਦਿਆਂ ਭਾਵੇਂ ਬਾਜ਼ਾਰ ਤਾਂ ਬੰਦ ਰਹੇ ਪਰ ਸ਼ਹਿਰ ਵਿੱਚ ਆਵਾਜਾਈ ਆਮ ਰਹੀ ਅਤੇ ਬੱਸ ਤੇ ਰੇਲ ਸੇਵਾ ਵੀ ਆਮ ਦਿਨਾਂ ਵਾਂਗ ਹੀ ਚਾਲੂ ਹੈ। ਉੱਧਰ ਦੁਆਬੇ ਵਿੱਚ ਜਿੱਥੇ ਫਗਵਾੜਾ ਤੇ ਜਲੰਧਰ ਵਿੱਚ ਬੰਦ ਨੂੰ ਬਹੁਤਾ ਸਮਰਥਨ ਨਹੀਂ ਮਿਲਿਆ। ਇੱਥੇ ਸੁਨਿਆਰਿਆਂ ਨੇ ਬੰਦ ਦੇ ਸਮਰਥਨ ਵਿੱਚ ਦੁਕਾਨਾਂ ਬੰਦ ਕੀਤੀਆਂ। ਫਗਵਾੜਾ ਵਿੱਚ ਜਿੱਥੇ ਕੁਝ ਬਾਜ਼ਾਰ ਬੰਦ ਮਿਲੇ ਤੇ ਜਲੰਧਰ ਵਿੱਚ ਅਜਿਹਾ ਨਹੀਂ ਹੈ। ਜਲੰਧਰ ਵਿੱਚ ਤਕਰੀਬਨ ਸਾਰੇ ਬਾਜ਼ਾਰ ਆਮ ਵਾਂਗ ਖੁੱਲ੍ਹੇ ਹਨ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬੰਦ ਮੌਕੇ ਉਦੋਂ ਸਥਿਤੀ ਤਣਾਅਪੂਰਨ ਹੋ ਗਈ ਜਦ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਪੋਸਟ ਪਾ ਦਿੱਤੀ। ਪੋਸਟ ਵਿੱਚ ਉਕਤ ਵਿਅਕਤੀ ਨੇ ਭਗਵਾਨ ਕ੍ਰਿਸ਼ਨ ਤੇ ਭਗਵਾਨ ਰਾਮ ਦੀ ਤੁਲਨਾ ਵਿੱਚ ਦਲਿਤ ਸਮਾਜ ਦੇ ਆਈਕਨ ਬਾਬਾ ਸਾਹਿਬ ਅੰਬੇਦਕਰ ਨਾਲ ਕਰ ਦਿੱਤੀ, ਜਿਸ 'ਤੇ ਹਿੰਦੂ ਜਥੇਬੰਦੀਆਂ ਤੇ ਜਨਰਲ ਵਰਗ ਦੇ ਲੋਕਾਂ ਨੇ ਹੁਸ਼ਿਆਰਪੁਰ ਚੰਡੀਗੜ੍ਹ ਮੁੱਖ ਮਾਰਗ ਜਾਮ ਕਰ ਦਿੱਤਾ। ਹੁਸ਼ਿਆਰਪੁਰ ਦੇ ਸੀਨੀਅਰ ਪੁਲਿਸ ਕਪਤਾਨ ਨੇ ਮੌਕੇ 'ਤੇ ਜਾ ਕੇ ਲੋਕਾਂ ਨੂੰ ਸ਼ਾਂਤ ਕੀਤਾ ਤੇ ਪੋਸਟ ਪਾਉਣ ਵਾਲੇ ਵਿਅਕਤੀ ਵਿਰੁੱਧ ਕਾਰਵਾਈ ਦਾ ਭਰੋਸਾ ਦਿੱਤਾ। ਵਿਰੋਧ ਕਰ ਰਹੇ ਲੋਕਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇੱਕ ਹਫ਼ਤੇ ਅੰਦਰ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















