ਟਰਾਂਸਪੋਰਟ ਟੈਂਡਰ ਘੁਟਾਲੇ 'ਚ ਗ੍ਰਿਫ਼ਤਾਰ ਭਾਰਤ ਭੂਸ਼ਣ ਆਸ਼ੂ ਦੀ ਅੱਜ ਫ਼ਿਰ ਪੇਸ਼ੀ, ਜਾਇਦਾਦ ਦੀ ਜਾਂਚ ਲਈ ਤੀਜੀ ਵਾਰ ਲਿਆ ਜਾ ਸਕਦਾ ਰਿਮਾਂਡ
ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਤੀਜੀ ਵਾਰ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਤੀਸਰੀ ਵਾਰ ਉਸ ਦਾ ਰਿਮਾਂਡ ਮੰਗਿਆ ਜਾ ਸਕਦਾ ਹੈ ਕਿਉਂਕਿ ਵਿਜੀਲੈਂਸ ਨੇ ਜਾਇਦਾਦ ਦੀ ਜਾਂਚ ਕਰਨੀ ਹੈ।
ਲੁਧਿਆਣਾ : ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਤੀਜੀ ਵਾਰ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਤੀਸਰੀ ਵਾਰ ਉਸ ਦਾ ਰਿਮਾਂਡ ਮੰਗਿਆ ਜਾ ਸਕਦਾ ਹੈ ਕਿਉਂਕਿ ਵਿਜੀਲੈਂਸ ਨੇ ਜਾਇਦਾਦ ਦੀ ਜਾਂਚ ਕਰਨੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿੱਥੇ ਪਹਿਲਾਂ ਸਿਰਫ਼ ਮੀਨੂੰ ਮਲਹੋਤਰਾ ਦੀ ਵਿਜੀਲੈਂਸ ਭਾਲ ਕਰ ਰਹੀ ਸੀ।
ਉੱਥੇ ਹੁਣ ਉਸ ਨਾਲ ਇੰਦਰਜੀਤ ਸਿੰਘ ਇੰਦੀ ਦਾ ਨਾਂ ਜੁੜ ਗਿਆ ਹੈ। ਇੰਦੀ ਅਤੇ ਮਲਹੋਤਰਾ ਉਹ ਲੋਕ ਹਨ, ਜਿਨ੍ਹਾਂ ਨੂੰ ਕਾਬੂ ਕਰਕੇ ਵਿਜੀਲੈਂਸ ਇਸ ਮਾਮਲੇ ਨੂੰ ਕਾਫੀ ਹੱਦ ਤੱਕ ਕਲੀਅਰ ਕਰ ਦੇਵੇਗੀ। ਇਸ ਦੇ ਨਾਲ ਹੀ ਅੱਜ ਅਦਾਲਤ ਵਿੱਚ ਵਿਜੀਲੈਂਸ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਜਾਇਦਾਦ ਸਬੰਧੀ ਆਪਣਾ ਪੱਖ ਪੇਸ਼ ਕਰ ਸਕਦੀ ਹੈ ਤਾਂ ਜੋ ਆਸ਼ੂ ਦਾ ਰਿਮਾਂਡ ਹਾਸਲ ਕੀਤਾ ਜਾ ਸਕੇ।
ਦੱਸ ਦੇਈਏ ਕਿ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ 22 ਅਗਸਤ ਨੂੰ ਉਸ ਦੇ ਘਰ ਦੇ ਨੇੜੇ ਇੱਕ ਸੈਲੂਨ ਤੋਂ ਗ੍ਰਿਫ਼ਤਾਰ ਕੀਤਾ ਸੀ। ਆਸ਼ੂ 'ਤੇ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ਦਾ ਦੋਸ਼ ਹੈ। ਆਸ਼ੂ 'ਤੇ ਛੋਟੇ ਠੇਕੇਦਾਰਾਂ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਤੇ ਟਰਾਂਸਪੋਰਟੇਸ਼ਨ ਟੈਂਡਰਾਂ ਵਿੱਚ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਗਏ ਸਨ। ਛੋਟੇ ਠੇਕੇਦਾਰਾਂ ਨੂੰ ਨਜ਼ਰਅੰਦਾਜ਼ ਕਰਕੇ 20-25 ਲੋਕਾਂ ਨੂੰ ਫਾਇਦਾ ਪਹੁੰਚਾਇਆ ਗਿਆ।
ਆਸ਼ੂ ਦੀ ਗ੍ਰਿਫਤਾਰੀ ਸਮੇਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਕਾਫੀ ਹੰਗਾਮਾ ਕੀਤਾ ਸੀ। ਸਾਂਸਦ ਬਿੱਟੂ ਨੇ ਤਾਂ ਵਿਜੀਲੈਂਸ ਅਧਿਕਾਰੀਆਂ ਨੂੰ ਅਪਸ਼ਬਦ ਵੀ ਕਹੇ ਸਨ। ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਲਗਾਤਾਰ 4 ਦਿਨਾਂ ਤੋਂ ਕਾਂਗਰਸੀ ਵਿਜੀਲੈਂਸ ਦਫ਼ਤਰ ਦੇ ਸਾਹਮਣੇ ਨਗਰ ਕੌਂਸਲ ਦਫ਼ਤਰ ਦੇ ਪਾਰਕ ਵਿੱਚ ਟੈਂਟ ਲਗਾ ਕੇ ਬੈਠੇ ਰਹੇ। ਪਿਛਲੇ 4 ਦਿਨਾਂ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਖੁਦ ਮੋਰਚੇ 'ਤੇ ਬੈਠੇ ਸਨ।
ਜਿਸ ਕਰਕੇ ਵਿਜੀਲੈਂਸ ਅਧਿਕਾਰੀਆਂ ਨੇ 27 ਅਗਸਤ ਨੂੰ ਜੱਜ ਨੂੰ ਕਿਹਾ ਸੀ ਕਿ ਵਿਜੀਲੈਂਸ ਦਫਤਰ ਦੇ ਸਾਹਮਣੇ ਤੋਂ ਕਾਂਗਰਸੀਆਂ ਦੇ ਟੈਂਟ ਨੂੰ ਹਟਾਇਆ ਜਾਵੇ ਕਿਉਂਕਿ ਇਸ ਟੈਂਟ ਕਾਰਨ ਕਈ ਲੋਕ ਵਿਜੀਲੈਂਸ ਦਫਤਰ ਆ ਕੇ ਕੋਈ ਸਬੂਤ, ਸੂਚਨਾ ਜਾਂ ਸ਼ਿਕਾਇਤ ਦੇਣ ਤੋਂ ਝਿਜਕਦੇ ਹਨ। ਵਿਜੀਲੈਂਸ ਦੀ ਜਾਂਚ ਪ੍ਰਭਾਵਿਤ ਹੋ ਰਹੀ ਹੈ। ਇਸ ਦੌਰਾਨ ਅਦਾਲਤ ਦੇ ਹੁਕਮਾਂ ਤੋਂ ਬਾਅਦ ਕਾਂਗਰਸੀਆਂ ਨੂੰ ਪਣਾ ਟੈਂਟ ਪੁੱਟਣਾ ਪਿਆ ।