Farmers Protest: ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਲੀਡਰ ਡੱਲੇਵਾਲ ਵੱਲੋਂ ਵੱਡੇ ਖੁਲਾਸੇ
Farmers Protest: ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਕਿਹਾ, ਸਰਕਾਰ ਇਹ ਭਰਮ ਫੈਲਾ ਰਹੀ ਹੈ ਕਿ 90 ਫੀਸਦੀ ਮੰਗਾਂ ਪੂਰੀਆਂ ਕਰਨ ਲਈ ਸਹਿਮਤੀ ਬਣ ਗਈ ਹੈ। ਅਸਲੀਅਤ ਇਹ ਹੈ ਕਿ ਅਜੇ 12 ਮੁੱਖ ਮੰਗਾਂ ਵਿੱਚੋਂ ਵੀ 8 'ਤੇ ਪੇਚ ਫਸਿਆ ਹੋਇਆ ਹੈ।
Farmers Protest: ਕੇਂਦਰੀ ਮੰਤਰੀਆਂ ਨਾਲ ਅੱਜ ਸ਼ਾਮ ਮੀਟਿੰਗ ਤੋਂ ਪਹਿਲਾਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਇਹ ਭਰਮ ਫੈਲਾ ਰਹੀ ਹੈ ਕਿ 90 ਫੀਸਦੀ ਮੰਗਾਂ ਪੂਰੀਆਂ ਕਰਨ ਲਈ ਸਹਿਮਤੀ ਬਣ ਗਈ ਹੈ। ਅਸਲੀਅਤ ਇਹ ਹੈ ਕਿ ਅਜੇ 12 ਮੁੱਖ ਮੰਗਾਂ ਵਿੱਚੋਂ ਵੀ 8 'ਤੇ ਪੇਚ ਫਸਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨਾਲ ਕੇਂਦਰੀ ਮੰਤਰੀਆਂ ਦੀ ਮੀਟਿੰਗ ਸ਼ਾਮ 5.30 ਵਜੇ ਸ਼ੁਰੂ ਹੋਵੇਗੀ। ਪਿਛਲੀ ਮੀਟਿੰਗ ਵਿੱਚ ਮੰਤਰੀਆਂ ਨੇ ਕਿਹਾ ਸੀ ਕਿ ਅਸੀਂ ਅਗਲੀ ਮੀਟਿੰਗ ਵਿੱਚ ਮੰਗਾਂ ਬਾਰੇ ਰੂਪਰੇਖਾ ਲੈ ਕੇ ਆਵਾਂਗੇ।
ਕਿਸਾਨ ਲੀਡਰ ਜਗਜੀਤ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੂੰ ਟਾਲ-ਮਟੋਲ ਦੀ ਨੀਤੀ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਨਾ ਸੋਚੋ ਕਿ ਜੇਕਰ ਚੋਣ ਜ਼ਾਬਤਾ ਲੱਗ ਜਾਏਗਾ ਤਾਂ ਅਸੀਂ ਪਿੱਛੇ ਹਟ ਜਾਵਾਂਗੇ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਸਾਡੀਆਂ ਮੰਗਾਂ ਪੂਰੀਆਂ ਹੋਣ। ਡੱਲੇਵਾਲ ਨੇ ਕਿਹਾ ਕਿ ਜਿੱਥੇ ਹਰਿਆਣਾ ਵਾਲੇ ਪਾਸੇ ਪੁਲਿਸ ਤੇ ਅਰਧ ਸੈਨਿਕ ਬਲਾਂ ਨੇ ਬੈਰੀਕੇਡਿੰਗ ਕੀਤੀ ਹੈ, ਉੱਥੇ ਨੇਮ ਪਲੇਟਾਂ ਤੋਂ ਬਿਨਾਂ ਕਈ ਲੋਕ ਮੌਜੂਦ ਹਨ। ਪਤਾ ਲਾਇਆ ਜਾਵੇ ਕਿ ਇਹ ਲੋਕ ਕੌਣ ਹਨ।
ਉਧਰ, ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਦ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀਐਮ ਮੋਦੀ ਇੱਛਾ ਸ਼ਕਤੀ ਦਿਖਾਉਣ ਤਾਂ ਸਮੱਸਿਆ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਕਿਸਾਨਾਂ ਨਾਲ ਗੱਲ ਕਰਨ ਦੀ ਬੇਨਤੀ ਕੀਤੀ ਗਈ। ਐਮਐਸਪੀ ਸਮੇਤ ਖੇਤੀ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਪੰਜਾਬ-ਹਰਿਆਣਾ ਸਰਹੱਦ ’ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਅੱਜ ਉਨ੍ਹਾਂ ਦੇ ਪ੍ਰਦਰਸ਼ਨ ਦਾ ਛੇਵਾਂ ਦਿਨ ਹੈ।
ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ, 'ਸ਼ੰਭੂ ਸਰਹੱਦ 'ਤੇ ਸਾਡੇ ਧਰਨੇ ਦਾ ਅੱਜ ਛੇਵਾਂ ਦਿਨ ਹੈ। ਅੱਜ ਅਸੀਂ ਸਰਕਾਰ ਨਾਲ ਵੀ ਗੱਲਬਾਤ ਕਰ ਰਹੇ ਹਾਂ। ਸਰਕਾਰ ਨੇ ਸਾਡੇ ਤੋਂ ਕੁਝ ਸਮਾਂ ਮੰਗਿਆ ਸੀ ਤੇ ਕਿਹਾ ਸੀ ਕਿ ਉਹ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕੱਢੇਗੀ। ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਤਿੰਨ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਪਿਛਲੀਆਂ ਤਿੰਨ ਮੀਟਿੰਗਾਂ ਵਿੱਚ ਕੋਈ ਹੱਲ ਨਹੀਂ ਨਿਕਲਿਆ। ਇਸ ਦੌਰਾਨ ਹੁਣ ਚੌਥੇ ਦੌਰ ਦੀ ਗੱਲਬਾਤ ਹੋਣੀ ਹੈ।