ਪੜਚੋਲ ਕਰੋ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (18-12-2025)
ਸਲੋਕ ਮਃ ੧ ॥ ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥ ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥ ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ ॥ ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ ॥

ਅੱਜ ਦਾ ਮੁੱਖਵਾਕ
Source : ABPLIVE AI
ਸਲੋਕ ਮਃ ੧ ॥ ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥ ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥ ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ ॥ ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ ॥ ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ ॥ ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ ॥ ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ ॥ ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ ॥ ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥੧॥
ਪੱਦ ਅਰਥ : ਨਾਸਤਿ = (ਸੰ. नास्ति= न-अस्ति) ਨਹੀਂ ਹੈ, ਭਾਵ, ਸਿੱਧੀ ਤੇ ਵਡਿਆਈ ਨਹੀਂ ਹੈ। ਮੂੰਡ = ਸਿਰ। ਮੂੰਡ ਕੇਸੀ ਮੁਡਾਈ = ਸਿਰ ਦੇ ਕੇਸ ਮੁਨਾਇਆਂ {ਨੋਟ: ਹਰੇਕ ਕਿਸਮ ਦੇ ਖ਼ਿਆਲ ਦੇ ਨਾਲ ਲਫ਼ਜ਼ "ਨਾਸਤਿ" ਹਰ ਵਾਰੀ ਵਰਤਿਆ ਹੈ; ਸੋ, "ਮੂੰਡ ਮੁਡਾਈ ਕੇਸੀ" ਇਕੱਠਾ ਹੀ ਇਕ ਖ਼ਿਆਲ ਹੈ)। ਆਪੁ = ਆਪਣੇ ਆਪ ਨੂੰ। ਤਛਾਵਹਿ = ਕਟਾਂਦੇ ਹਨ। ਰਵੈ = ਵਿਆਪਕ ਹੈ, ਮੌਜੂਦ ਹੈ। ਖੁਆਈ = ਮੈਂ ਖੁੰਝਾਂਦਾ ਹਾਂ। ਵਾਟੜੀ = ਸੋਹਣੀ ਵਾਟ, ਸੋਹਣਾ ਰਾਹ। ਪੰਧ ਸਿਰਿ = ਪੰਧ ਦੇ ਸਿਰੇ ਤੇ, ਸਫ਼ਰ ਦੇ ਸ਼ੁਰੂ ਵਿਚ ਹੀ ॥੧॥
ਅਰਥ : (ਤਪ ਆਦਿਕਾਂ ਨਾਲ) ਦੁਖੀ ਹੋਣ ਵਿਚ (ਸਿੱਧੀ ਤੇ ਵਡਿਆਈ ਦੀ ਪ੍ਰਾਪਤੀ) ਨਹੀਂ ਹੈ, ਸੁਖ-ਰਹਿਣਾ ਹੋਣ ਵਿਚ ਭੀ ਨਹੀਂ ਤੇ ਪਾਣੀ ਵਿਚ ਖਲੋਣ ਵਿਚ ਭੀ ਨਹੀਂ ਹੈ (ਨਹੀਂ ਤਾਂ ਬੇਅੰਤ) ਜੀਵ ਪਾਣੀ ਵਿਚ ਹੀ ਫਿਰਦੇ ਹਨ (ਉਹਨਾਂ ਨੂੰ ਸੁਤੇ ਹੀ ਸਿੱਧੀ ਮਿਲ ਜਾਂਦੀ)। ਸਿਰ ਦੇ ਕੇਸ ਮੁਨਾਣ ਵਿਚ (ਭਾਵ, ਰੁੰਡ-ਮੁੰਡ ਹੋ ਜਾਣ ਵਿਚ) ਸਿੱਧੀ ਨਹੀਂ ਹੈ; ਇਸ ਗੱਲ ਵਿਚ ਭੀ (ਜਨਮ-ਮਨੋਰਥ ਦੀ) ਸਿੱਧੀ ਨਹੀਂ ਕਿ ਵਿਦਵਾਨ ਬਣ ਕੇ (ਹੋਰ ਲੋਕਾਂ ਨੂੰ ਚਰਚਾ ਵਿਚ ਜਿੱਤਣ ਲਈ) ਦੇਸਾਂ ਦੇਸਾਂ ਵਿਚ ਫਿਰੀਏ। ਰੁੱਖਾਂ ਬਿਰਖਾਂ ਤੇ ਪੱਥਰਾਂ ਵਿਚ ਭੀ ਸਿੱਧੀ ਨਹੀਂ ਹੈ, ਇਹ ਆਪਣੇ ਆਪ ਨੂੰ ਕਟਾਂਦੇ ਹਨ ਤੇ (ਕਈ ਕਿਸਮ ਦੇ) ਦੁੱਖ ਸਹਾਰਦੇ ਹਨ (ਭਾਵ, ਰੁੱਖਾਂ ਬਿਰਖਾਂ ਪੱਥਰਾਂ ਵਾਂਗ ਜੜ੍ਹ ਹੋ ਕੇ ਆਪਣੇ ਉਤੇ ਕਈ ਕਸ਼ਟ ਸਹਾਰਿਆਂ ਭੀ ਜਨਮ-ਮਨੋਰਥ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ)। (ਸੰਗਲ ਲੱਕ ਨਾਲ ਬੰਨ੍ਹਣ ਵਿਚ ਭੀ) ਸਿੱਧੀ ਨਹੀਂ ਹੈ, ਹਾਥੀ ਸੰਗਲਾਂ ਨਾਲ ਬੱਧੇ ਪਏ ਹੁੰਦੇ ਹਨ; (ਕੰਦ-ਮੂਲ ਖਾਣ ਵਿਚ ਭੀ) ਸਿੱਧੀ ਨਹੀਂ ਹੈ, ਗਾਈਆਂ ਘਾਹ ਚੁਗਦੀਆਂ ਹੀ ਹਨ (ਭਾਵ, ਹਾਥੀਆਂ ਵਾਂਗ ਸੰਗਲ ਬੰਨ੍ਹਿਆਂ ਤੇ ਗਾਈਆਂ ਵਾਂਗ ਕੰਦ-ਮੂਲ ਖਾਧਿਆਂ ਸਿੱਧੀ ਦੀ ਪ੍ਰਾਪਤੀ ਨਹੀਂ ਹੈ)। ਜਿਸ ਪ੍ਰਭੂ ਦੇ ਹੱਥ ਵਿਚ ਸਫਲਤਾ ਹੈ ਜੇ ਉਹ ਆਪ ਦੇਵੇ ਤਾਂ ਜਿਸ ਨੂੰ ਦੇਂਦਾ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ। ਹੇ ਨਾਨਕ! ਵਡਿਆਈ ਉਸ ਜੀਵ ਨੂੰ ਮਿਲਦੀ ਹੈ ਜਿਸ ਦੇ ਹਿਰਦੇ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਹਰ ਵੇਲੇ ਮੌਜੂਦ ਹੈ। (ਪ੍ਰਭੂ ਤਾਂ ਇਉਂ ਆਖਦਾ ਹੈ ਕਿ ਜੀਵਾਂ ਦੇ) ਸਾਰੇ ਸਰੀਰ ਮੇਰੇ (ਸਰੀਰ) ਹਨ, ਮੈਂ ਸਭਨਾਂ ਵਿਚ ਵੱਸਦਾ ਹਾਂ, ਜਿਸ ਜੀਵ ਨੂੰ ਮੈਂ ਕੁਰਾਹੇ ਪਾ ਦੇਂਦਾ ਹਾਂ ਉਸ ਨੂੰ ਕੌਣ ਸਮਝਾ ਸਕਦਾ ਹੈ? ਜਿਸ ਨੂੰ ਮੈਂ ਸੋਹਣਾ ਰਸਤਾ ਵਿਖਾ ਦੇਂਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ? ਜਿਸ ਨੂੰ ਮੈਂ (ਜ਼ਿੰਦਗੀ ਦੇ) ਸਫ਼ਰ ਦੇ ਸ਼ੁਰੂ ਵਿਚ ਹੀ ਭੁਲਾ ਦਿਆਂ ਉਸ ਨੂੰ ਰਸਤਾ ਕੌਣ ਵਿਖਾ ਸਕਦਾ ਹੈ? ॥੧॥
Follow ਧਰਮ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















