ਅਨਿਲ ਜੋਸ਼ੀ ਨੂੰ ਬੀਜੇਪੀ 'ਚੋਂ ਕੱਢਣ ਮਗਰੋਂ 'ਬਗਾਵਤ', ਬੀਜੇਪੀ ਲੀਡਰ ਕਰਨ ਲੱਗੇ ਨਿਖੇਧੀ
ਮੋਹਿਤ ਗੁਪਤਾ ਨੇ ਕਿਹਾ ਜੋਸ਼ੀ ਪਾਰਟੀ ਦੇ ਸੀਨੀਅਰ ਵਰਕਰ ਸਨ। ਜਿੰਨ੍ਹਾਂ ਦਾ ਸੂਬੇ 'ਚ ਪਾਰਟੀ ਨੂੰ ਮਜਬੂਤ ਕਰਨ 'ਚ ਵੱਡਾ ਯੋਗਦਾਨ ਸੀ।
ਚੰਡੀਗੜ੍ਹ: ਪੰਜਾਬ 'ਚ ਬੀਜੇਪੀ ਦੇ ਕਾਰਜਕਾਰੀ ਮੈਂਬਰ ਮੋਹਿਤ ਗੁਪਤਾ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਪਾਰਟੀ ਤੋਂ ਛੇ ਸਾਲ ਲਈ ਮੁਅੱਤਲ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਨਿਲ ਜੋਸ਼ੀ ਨੂੰ ਪਾਰਟੀ 'ਚੋਂ ਕੱਢਣ ਦਾ ਫੈਸਲਾ ਜਲਦਬਾਜ਼ੀ 'ਚ ਲਿਆ ਗਿਆ ਫੈਸਲਾ ਹੈ।
ਮੋਹਿਤ ਗੁਪਤਾ ਨੇ ਕਿਹਾ ਜੋਸ਼ੀ ਪਾਰਟੀ ਦੇ ਸੀਨੀਅਰ ਵਰਕਰ ਸਨ। ਜਿੰਨ੍ਹਾਂ ਦਾ ਸੂਬੇ 'ਚ ਪਾਰਟੀ ਨੂੰ ਮਜਬੂਤ ਕਰਨ 'ਚ ਵੱਡਾ ਯੋਗਦਾਨ ਸੀ। ਉਨ੍ਹਾਂ ਆਪਣੀ ਹੀ ਪਾਰਟੀ 'ਤੇ ਬੋਲਦਿਆਂ ਕਿਹਾ ਕਿ ਕਿ ਸੂਬੇ 'ਚ ਲੀਡਰਸ਼ਿਪ ਨੇ ਆਪਣੇ ਸਵਾਰਥੀ ਹਿੱਤਾਂ ਲਈ ਜਲਦਬਾਜ਼ੀ 'ਚ ਜੋਸ਼ੀ ਨੂੰ ਪਾਰਟੀ 'ਚੋਂ ਕੱਢਣ ਦਾ ਫੈਸਲਾ ਕੀਤਾ। ਇਹ ਫੈਸਲਾ ਲੈਣ ਲੱਗਿਆਂ ਤੱਥਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਗਿਆ।
ਦੱਸ ਦੇਈਏ ਕਿ ਅਨਿਲ ਜੋਸ਼ੀ ਨੂੰ ਪਾਰਟੀ 'ਚੋਂ ਛੇ ਸਾਲ ਲਈ ਬਾਹਰ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਈ ਬੀਜੇਪੀ ਲੀਡਰ ਆਪਣੀ ਹੀ ਪਾਰਟੀ ਦੇ ਇਸ ਫੈਸਲੇ ਦੇ ਖਿਲਾਫ ਹਨ।
ਦਰਅਸਲ ਕਿਸਾਨ ਅੰਦੋਲਨ ਕਰਕੇ ਪਹਿਲਾਂ ਹੀ ਸਿਆਸੀ ਤੌਰ 'ਤੇ ਹਾਸ਼ੀਏ 'ਤੇ ਜਾ ਚੁੱਕੀ ਪੰਜਾਬ ਬੇਜੀਪੀ ਲਈ ਅਗਲੇ ਦਿਨੀਂ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੀ ਹੀ ਪਾਰਟੀ ਲੀਡਰਸ਼ਿਪ ਤੇ ਸਰਕਾਰ ਦੀ ਅਲੋਚਨਾ ਕਰਨ ਵਾਲਿਆਂ ਖਿਲਾਫ ਬੀਜੇਪੀ ਦੀ ਸਖਤੀ ਮੁਸੀਬਤ ਬਣ ਸਕਦੀ ਹੈ। ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਪਾਰਟੀ ਵਿੱਚੋਂ ਕੱਢਣ ਮਗਰੋਂ ਨਵੇਂ ਸਮੀਕਰਨ ਬਣਨ ਲੱਗੇ ਹਨ।
ਅਨਿਲ ਜੋਸ਼ੀ ਨੇ ਪਾਰਟੀ ਦੀ ਕਾਰਵਾਈ ਮਗਰੋਂ ਹੋਰ ਤਿੱਖੇ ਤੇਵਰ ਅਪਣਾਉਂਦਿਆਂ ਆਪਣੀ ਸੋਚ ਵਾਲੇ ਲੀਡਰਾਂ ਨਾਲ ਰਾਬਤਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਉਹ ਕਈ ਲੀਡਰਾਂ ਨੂੰ ਮਿਲੇ ਜਿਸ ਤੋਂ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਕਈ ਪਾਰਟੀ ਲੀਡਰ ਅਸਤੀਫੇ ਦੇ ਸਕਦੇ ਹਨ।
ਦੱਸ ਦਈਏ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜੋਸ਼ੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ 6 ਸਾਲਾਂ ਲਈ ਕੱਢ ਦਿੱਤਾ ਹੈ। ਜੋਸ਼ੀ ਅਕਾਲੀ-ਭਾਜਪਾ ਸਰਕਾਰ ਸਮੇਂ ਸਾਲ 2012 ਤੋਂ 2017 ਤੱਕ ਕੈਬਨਿਟ ਮੰਤਰੀ ਰਹੇ ਤੇ ਉਹ ਅੰਮ੍ਰਿਤਸਰ ਸ਼ਹਿਰ ਦੇ ਇੱਕ ਹਲਕੇ ਦੀ ਨੁਮਾਇੰਦਗੀ ਕਰਦੇ ਸਨ।