ਨਕਲੀ ਸ਼ਰਾਬ ਫੈਕਟਰੀ ਦੇ ਬੀਜੇਪੀ ਲੀਡਰਾਂ ਨਾਲ ਜੁੜੇ ਤਾਰ, ਵੱਡੇ ਪੱਧਰ 'ਤੇ ਤਿਆਰ ਹੋ ਰਹੀ ਸੀ ਸ਼ਰਾਬ
ਦੱਸ ਦਈਏ ਕਿ ਲੰਘੇ ਦਿਨ ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਸਮਸਤੀਪੁਰ ਵਿੱਚ ਸਥਿਤ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਵਿੱਚ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਛਾਪਾ ਮਾਰਿਆ ਸੀ।
ਜਲੰਧਰ: ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦੇ ਤਾਰ ਬੀਜੇਪੀ ਲੀਡਰ ਨਾਲ ਜਾ ਜੁੜੇ ਹਨ। ਪੁਲਿਸ ਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਪਿੰਡ ਧੋਗੜੀ ਨੇੜੇ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਸਕੇ ਭਰਾਵਾਂ ਤੇ ਭਾਜਪਾ ਆਗੂਆਂ ਨੂੰ ਨਾਮਜ਼ਦ ਕੀਤਾ ਹੈ।
ਦੱਸ ਦਈਏ ਕਿ ਲੰਘੇ ਦਿਨ ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਸਮਸਤੀਪੁਰ ਵਿੱਚ ਸਥਿਤ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਵਿੱਚ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਛਾਪਾ ਮਾਰਿਆ ਸੀ। ਟੀਮ ਨੇ ਨਕਲੀ ਸ਼ਰਾਬ ਬਣਾਉਣ ਵਾਲੀ ਮਸ਼ੀਨ, ਸ਼ਰਾਬ ਬਣਾਉਣ ਦਾ ਮਸਾਲਾ, 11,990 ਖਾਲੀ ਬੋਤਲਾਂ, 3840 ਗੱਤੇ ਦੇ ਡੱਬੇ ਤੇ ਹੋਰ ਸਾਮਾਨ ਬਰਾਮਦ ਕੀਤਾ ਸੀ।
ਇਹ ਮਾਮਲਾ ਹੁਣ ਅਹਿਮ ਬਣ ਗਿਆ ਹੈ ਕਿਉਂਕਿ ਇਸ ਦੇ ਤਾਰ ਭਾਜਪਾ ਲੀਡਰਾਂ ਨਾਲ ਜਾ ਜੁੜੇ ਹਨ। ਪੁਲਿਸ ਨੇ ਇਸ ਸਬੰਧੀ ਦਰਜ ਐਫਆਈਆਰ ਵਿੱਚ ਭਾਜਪਾ ਆਗੂ ਰਾਜਨ ਅੰਗੂਰਾਲ ਤੇ ਉਸ ਦੇ ਭਰਾਵਾਂ ਸ਼ਨੀ ਅੰਗੂਰਾਲ ਤੇ ਸ਼ੀਤਲ ਅੰਗੂਰਾਲ ਵਾਸੀ ਸ਼ੀਲਾ ਨਗਰ ਜਲੰਧਰ ਨੂੰ ਨਾਮਜ਼ਦ ਕੀਤਾ ਹੈ। ਅੰਗੂਰਾਲ ਭਰਾ ਜਲੰਧਰ ਦੇ ਸੀਨੀਅਰ ਭਾਜਪਾ ਆਗੂ, ਜੋ ਪਹਿਲਾਂ ਮੰਤਰੀ ਵੀ ਸੀ, ਦੇ ਕਰੀਬੀ ਹਨ।
ਪੁਲਿਸ ਨੇ ਜਦੋਂ ਫੈਕਟਰੀ ਵਿੱਚ ਛਾਪਾ ਮਾਰਿਆ ਤਾਂ ਸ਼ਨੀ ਅੰਗੂਰਾਲ ਤੇ ਉਸ ਦਾ ਬਾਊਂਸਰ ਚਿੱਟੇ ਰੰਗ ਦੀ ਆਲਟੋ ਕਾਰ ਵਿੱਚ ਫ਼ਰਾਰ ਹੋ ਗਏ, ਜਿਨ੍ਹਾਂ ਦਾ ਪਿੱਛਾ ਕਰ ਕੇ ਪੁਲਿਸ ਉਨ੍ਹਾਂ ਨੂੰ ਵਾਪਸ ਫੈਕਟਰੀ ’ਚ ਲੈ ਆਈ। ਇਸ ਦੌਰਾਨ ਸ਼ਨੀ ਅੰਗੂਰਾਲ ਨੇ ਚੈਕਿੰਗ ਟੀਮ ਨਾਲ ਹੱਥੋਪਾਈ ਕੀਤੀ। ਇਸ ਮਗਰੋਂ ਟੀਮ ਨੇ ਫੈਕਟਰੀ ਦੀ ਤਲਾਸ਼ੀ ਲਈ ਤਾਂ ਰੌਲੇ-ਰੱਪੇ ’ਚ ਸ਼ਨੀ ਅੰਗੂਰਾਲ ਤੇ ਉਸ ਦਾ ਸਾਥੀ ਮੁੜ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ।
ਪੁਲਿਸ ਨੇ ਰਾਜਨ, ਸ਼ਨੀ, ਸ਼ੀਤਲ ਤੇ ਹੋਰ ਅਣਪਛਾਤੇ ਵਿਅਕਤੀਆਂ ’ਤੇ ਜਾਅਲੀ ਸ਼ਰਾਬ ਬਣਾਉਣ, ਪੁਲਿਸ ਕਾਰਵਾਈ ਵਿੱਚ ਵਿਘਨ ਪਾਉਣ ਤੇ ਹਮਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: Vegetable Prices:ਤੇਲ ਕੀਮਤਾਂ ਨੇ ਹਿਲਾਏ ਘਰ ਦੇ ਬਜਟ, ਸਬਜ਼ੀਆਂ ਦੇ ਭਾਅ ਵੀ ਚੜ੍ਹਨ ਲੱਗੇ ਅਸਮਾਨੀਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin