ਬੀਜੇਪੀ ਨੂੰ ਹੁਣ ਡੇਰਾ ਸਿਰਸਾ 'ਤੇ ਟੇਕ, ਹਰਜੀਤ ਗਰੇਵਾਲ ਤੇ ਜਿਆਣੀ ਪਹੁੰਚੇ ਡੇਰਾ ਸਲਾਬਤਪੁਰ
ਅਜਿਹੇ ਵਿੱਚ ਬੀਜੇਪੀ ਡੇਰਾ ਸਿਰਸਾ ਦੀ ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਹੈ। ਉਂਝ ਡੇਰਾ ਸਿਰਸਾ ਪਿਛਲੇ ਸਮੇਂ ਵਿੱਚ ਖੁੱਲ੍ਹ ਕੇ ਕਿਸੇ ਵੀ ਧਿਰ ਦੀ ਹਮਾਇਤ ਨਹੀਂ ਕਰ ਰਿਹਾ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੂੰ ਹੁਣ ਡੇਰਾ ਸਿਰਸਾ ਉੱਪਰ ਟੇਕ ਹੈ। ਐਤਵਾਰ ਨੂੰ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਹੈੱਡਕੁਆਰਟਰ ਸਲਾਬਤਪੁਰਾ ਵਿੱਚ ਬੀਜੇਪੀ ਦੇ ਕਈ ਲੀਡਰ ਵੇਖੇ ਗਏ। ਇੱਥੇ ਡੇਰਾ ਪ੍ਰੇਮੀਆਂ ਵੱਲੋਂ ਡੇਰਾ ਸਿਰਸਾ ਦੇ ਦੂਜੇ ਮੁਖੀ ਸ਼ਾਹ ਸਤਿਨਾਮ ਦੇ ਜਨਮ ਦਿਨ ਸਬੰਧੀ ਵੱਡਾ ਇਕੱਠ ਕੀਤਾ ਸੀ। ਇਸ ਮੌਕੇ ਹੋਰ ਪਾਰਟੀਆਂ ਦੇ ਲੀਡਰ ਵੀ ਪਹੁੰਚੇ ਸੀ।
ਇਸ ਸਮਾਗਮ ’ਚ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ, ਸੁਰਜੀਤ ਕੁਮਾਰ ਜਿਆਣੀ, ਮੋਹਨ ਲਾਲ ਗਰਗ ਸਣੇ ਕਈਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਡੇਰਾ ਮਾਨਵਤਾ ਭਲਾਈ ਦੇ ਲਾਮਿਸਾਲ ਕਾਰਜ ਕਰ ਰਿਹਾ ਹੈ ਤੇ ਡੇਰੇ ਦੀ ਬਦੌਲਤ ਹੀ ਲੱਖਾਂ ਲੋਕ ਨਸ਼ਾ ਮੁਕਤ ਹੋਏ ਹਨ।
ਦੱਸ ਦਈਏ ਕਿ ਕਿਸਾਨ ਅੰਦੋਲਨ ਕਰਕੇ ਪੰਜਾਬ ਵਿੱਚ ਬੀਜੇਪੀ ਨੂੰ ਵੱਡੀ ਢਾਅ ਲੱਗੀ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਵਿੱਚ ਰੈਲੀ ਕੀਤੀ ਸੀ ਪਰ ਉੱਥੇ ਲੋਕ ਨਹੀਂ ਪਹੁੰਚੇ ਸੀ। ਅਜਿਹੇ ਵਿੱਚ ਬੀਜੇਪੀ ਡੇਰਾ ਸਿਰਸਾ ਦੀ ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਹੈ। ਉਂਝ ਡੇਰਾ ਸਿਰਸਾ ਪਿਛਲੇ ਸਮੇਂ ਵਿੱਚ ਖੁੱਲ੍ਹ ਕੇ ਕਿਸੇ ਵੀ ਧਿਰ ਦੀ ਹਮਾਇਤ ਨਹੀਂ ਕਰ ਰਿਹਾ।
ਇਸ ਲਈ ਡੇਰਾ ਪ੍ਰਬੰਧਕਾਂ ਵੱਲੋਂ ਇਸ ਇਕੱਠ ਨੂੰ ਧਾਰਮਿਕ ਸਮਾਗਮ ਹੀ ਦੱਸਿਆ ਗਿਆ ਹੈ। ਡੇਰੇ ਦੀ 45 ਮੈਂਬਰੀ ਕਮੇਟੀ ਦੇ ਨੁਮਾਇੰਦੇ ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਸਮਾਗਮ ਦਾ ਵੋਟਾਂ ਨਾਲ ਕੋਈ ਲੈਣ ਦੇਣ ਨਹੀਂ। ਉਨ੍ਹਾਂ ਕਿਹਾ ਕਿ ਵੋਟਾਂ ਤਾਂ ਪੰਜ ਸਾਲ ਬਾਅਦ ਆਉਂਦੀਆਂ ਹਨ ਪਰ ਡੇਰੇ ਵੱਲੋਂ ਹਰ ਸਾਲ ਆਪਣੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਤੇ ਇਹ ਸਮਾਗਮ ਵੀ ਉਨ੍ਹਾਂ ਵਿੱਚੋਂ ਇੱਕ ਹੈ।
ਦੂਜੇ ਪਾਸੇ ਰਾਜਨੀਤਕ ਹਲਕੇ ਇਸ ਨੂੰ ਪੰਜਾਬ ਵਿੱਚ ਫਰਵਰੀ ਮਹੀਨੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ। ਅਜਿਹੇ ਵਿੱਚ ਡੇਰਾ ਪ੍ਰੇਮੀਆਂ ਦਾ ਇਹ ਇਕੱਠ ਕਾਫੀ ਅਹਿਮ ਸਮਝਿਆ ਜਾ ਰਿਹਾ ਹੈ। ਇਸ ਇਕੱਠ ‘ਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀਆਂ ਨੇ ਭਾਗ ਲਿਆ। ਡੇਰਾ ਪ੍ਰੇਮੀਆਂ ਨੇ ਹੱਥ ਖੜ੍ਹੇ ਕਰਕੇ ਡੇਰਾ ਸਿਰਸਾ ਪ੍ਰਤੀ ਦ੍ਰਿੜ ਵਿਸ਼ਵਾਸ, ਆਪਸੀ ਏਕਤਾ ਕਾਇਮ ਰੱਖਣ ਤੇ ਭਲਾਈ ਕਾਰਜਾਂ ਵਿੱਚ ਡਟੇ ਰਹਿਣ ਦਾ ਪ੍ਰਣ ਲਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin