ਪੜਚੋਲ ਕਰੋ
ਕੋਰੋਨਾ ਦੀ ਆੜ ਹੇਠ ਨਜਾਇਜ਼ ਬੰਦ ਕੀਤੇ ਸਕੂਲ -ਕਾਲਜ ਖੁੱਲ੍ਹਵਾਉਣ ਲਈ BKU ਉਗਰਾਹਾਂ ਵੱਲੋਂ 4 ਤੋਂ 10 ਫਰਵਰੀ ਤੱਕ ਧਰਨੇ -ਮੁਜ਼ਾਹਰੇ ਕਰਨ ਦਾ ਫੈਸਲਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਕੋਰੋਨਾ ਦੀ ਆੜ ਹੇਠ ਜਾਣਬੁੱਝ ਕੇ ਬੰਦ ਕੀਤੇ ਸਕੂਲ ਕਾਲਜ ਖੁਲ੍ਹਵਾਉਣ ਲਈ 4 ਤੋਂ10 ਫਰਵਰੀ ਤੱਕ ਰੋਸ ਹਫ਼ਤਾ ਮਨਾਇਆ ਜਾਵੇਗਾ।
BKU Ugrahan Protest
ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਕੋਰੋਨਾ ਦੀ ਆੜ ਹੇਠ ਜਾਣਬੁੱਝ ਕੇ ਬੰਦ ਕੀਤੇ ਸਕੂਲ ਕਾਲਜ ਖੁਲ੍ਹਵਾਉਣ ਲਈ 4 ਤੋਂ10 ਫਰਵਰੀ ਤੱਕ ਰੋਸ ਹਫ਼ਤਾ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਰੋਸ ਹਫਤੇ ਦੌਰਾਨ ਸਮੂਹ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਨਾਲ ਤਹਿਸੀਲ ਕੇਂਦਰਾਂ ਅਤੇ ਸ਼ਹਿਰੀ ਕਸਬਿਆਂ ਵਿੱਚ ਵਿਸ਼ਾਲ ਧਰਨੇ ਮੁਜ਼ਾਹਰੇ ਕੀਤੇ ਜਾਣਗੇ।
ਇਸ ਮੌਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਸਮੇਤ ਵਿੱਦਿਅਕ ਸੰਸਥਾਵਾਂ ਦੇ ਸਟਾਫ ਮੈਂਬਰਾਂ ਅਤੇ ਪ੍ਰਬੰਧਕਾਂ ਨੂੰ ਵੀ ਵੱਧ ਤੋਂ ਵੱਧ ਸ਼ਾਮਲ ਹੋਣ ਲਈ ਪ੍ਰੇਰਿਆ ਜਾਵੇਗਾ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਕਿਸੇ ਵਿਗਿਆਨਕ ਆਧਾਰ ਤੋਂਂ ਬਿਨਾਂ ਹੀ ਕੋਰੋਨਾ ਦੀ ਆੜ ਹੇਠ ਸਕੂਲ ਕਾਲਜ ਬੰਦ ਕਰ ਕੇ ਆਮ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀਆਂ ਦੇ ਬੱਚਿਆਂ ਦਾ ਆਪਣੇ ਅਧਿਆਪਕਾਂ ਰਾਹੀਂ ਸਹੀ ਸਰਵਪੱਖੀ ਸਿੱਖਿਆ ਗ੍ਰਹਿਣ ਕਰਨ ਦਾ ਹੱਕ ਖੋਹਿਆ ਹੈ।
ਦੂਜੇ ਪਾਸੇ ਔਨਲਾਈਨ ਸਿੱਖਿਆ ਦਾ ਫ਼ੈਸਲਾ ਲਾਗੂ ਕਰਕੇ ਮੋਬਾਈਲ ਫੋਨਾਂ ਤੇ ਡਾਟਾ ਕੰਪਨੀਆਂ ਦੇ ਵਾਰੇ ਨਿਆਰੇ ਕੀਤੇ ਗਏ ਹਨ। ਇਨ੍ਹਾਂ ਦੇ ਮਹਿੰਗੇ ਖ਼ਰਚੇ ਝੱਲਣੋਂ ਅਸਮਰੱਥ ਗ਼ਰੀਬ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀਆਂ ਦੇ ਬੱਚੇ ਇਸ ਅਧੂਰੀ ਸਿੱਖਿਆ ਤੋਂ ਵੀ ਵਾਂਝੇ ਰਹਿ ਰਹੇ ਹਨ। ਸੰਸਾਰ ਬੈਂਕ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਦਾ ਬਿਆਨ ਸਾਡੇ ਇਸ ਦੋਸ਼ ਉੱਤੇ ਮੋਹਰ ਲਾਉਂਦਾ ਹੈ। ਇਸੇ ਕਰਕੇ ਬਰਤਾਨੀਆ ਨੇ ਸਾਰੇ ਵਿੱਦਿਅਕ ਅਦਾਰੇ ਖੋਲ੍ਹ ਦਿੱਤੇ ਹਨ।
ਸਾਡੀਆਂ ਸਰਕਾਰਾਂ ਦਾ ਸਿਰੇ ਦਾ ਲੋਕ ਦੁਸ਼ਮਣ ਕਾਰਾ ਇਹ ਹੈ ਕਿ ਸ਼ਰਾਬ ਦੇ ਠੇਕੇ ਅਤੇ ਵੱਡੇ ਮਾਲਜ਼ ਵੀ ਖੋਲ੍ਹ ਰੱਖੇ ਹਨ ਅਤੇ ਵੱਡੀਆਂ ਚੋਣ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਵੱਲੋਂ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵਿਦਿਆਰਥੀਆਂ ਤੇ ਸਮੂਹ ਕਿਰਤੀ ਲੋਕਾਂ ਨੂੰ ਪਰਵਾਰਾਂ ਸਮੇਤ ਇਨ੍ਹਾਂ ਰੋਸ ਪ੍ਰਦਰਸ਼ਨਾਂ ਧਰਨਿਆਂ ਵਿੱਚ ਸ਼ਾਮਲ ਹੋਣ ਦਾ ਜ਼ੋਰਦਾਰ ਸੱਦਾ ਦਿੱਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















