Jaggi Johal: ਜੱਗੀ ਜੌਹਲ ਦੀ ਰਿਹਾਈ 'ਤੇ ਬ੍ਰਿਟੇਨ ਦਾ ਯੂ-ਟਰਨ! ਹੁਣ ਭਾਰਤ ਕੋਲ ਮੁੱਦਾ ਨਾ ਉਠਾਉਣ ਦਾ ਫੈਸਲਾ
ਜੀ-20 ਸਿਖਰ ਸੰਮੇਲਨ ’ਚ ਪਹੁੰਚੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਬ੍ਰਿਟੇਨ ਦੇ 70 ਸੰਸਦ ਮੈਂਬਰਾਂ ਨੇ ਅਪੀਲ ਕੀਤੀ ਕਿ ਜਗਤਾਰ ਜੌਹਲ ਦੀ ਰਿਹਾਈ ਦਾ ਮੁੱਦਾ ਭਾਰਤ ਕੋਲ ਉਠਾਇਆ ਜਾਏ। ਹੁਣ ਬਰਤਾਨੀਆ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਅਤਿਵਾਦ...
Britain will not raise issue of Jaggi Johal: ਬ੍ਰਿਟੇਨ ਦੇ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਰਿਹਾਈ ਦਾ ਮੁੱਦਾ ਭਾਰਤ ਕੋਲ ਨਹੀਂ ਉਠਾਇਆ ਜਾਏਗਾ। ਜੀ-20 ਸਿਖਰ ਸੰਮੇਲਨ ’ਚ ਪਹੁੰਚੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਬ੍ਰਿਟੇਨ ਦੇ 70 ਸੰਸਦ ਮੈਂਬਰਾਂ ਨੇ ਅਪੀਲ ਕੀਤੀ ਕਿ ਜਗਤਾਰ ਜੌਹਲ ਦੀ ਰਿਹਾਈ ਦਾ ਮੁੱਦਾ ਭਾਰਤ ਕੋਲ ਉਠਾਇਆ ਜਾਏ। ਹੁਣ ਬਰਤਾਨੀਆ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਅਤਿਵਾਦ ਦੇ ਦੋਸ਼ ਹੇਠ ਪਿਛਲੇ ਪੰਜ ਸਾਲ ਤੋਂ ਭਾਰਤ ਦੀ ਜੇਲ੍ਹ ’ਚ ਬੰਦ ਆਪਣੇ ਨਾਗਰਿਕ ਜੌਹਲ ਦੀ ਰਿਹਾਈ ਦੀ ਮੰਗ ਨਹੀਂ ਕਰੇਗੀ।
‘ਦ ਗਾਰਡੀਅਨ’ ਦੀ ਰਿਪੋਰਟ ਅਨੁਸਾਰ ਬਰਤਾਨਵੀ ਸਿੱਖ ਜਗਤਾਰ ਸਿੰਘ ਜੌਹਲ ਦੀ ਰਿਹਾਈ ਦੀ ਮੰਗ ਕਰਨ ਤੋਂ ਇਨਕਾਰ ਸਕਾਟਿਕਸ਼ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਮਾਰਟਿਨ ਡੋਕਰਟੀ ਹਿਊਜ਼ ਨੂੰ ਭੇਜੇ ਗਏ ਪੱਤਰ ਵਿੱਚ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਉਨ੍ਹਾਂ ਦੇ ਹਿੱਤ ਵਿੱਚ ਨਹੀਂ ਹੋਵੇਗੀ। ਦੱਸ ਦਈਏ ਕਿ ਡਮਬੈਰਟਨ ਦੇ ਰਹਿਣ ਵਾਲੇ ਜੌਹਲ ਨੂੰ 4 ਨਵੰਬਰ 2017 ਨੂੰ ਜਲੰਧਰ ਵਿੱਚ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦੋਂ ਉਹ ਆਪਣੇ ਵਿਆਹ ਲਈ ਇੱਥੇ ਆਇਆ ਹੋਇਆ ਸੀ।
ਬਰਤਾਨੀਆ ਦੇ ਏਸ਼ੀਆ ਲਈ ਮੰਤਰੀ ਲੌਰਡ ਅਹਿਮਦ ਦੇ ਦਸਤਖਤਾਂ ਹੇਠਲੇ ਪੱਤਰ ’ਚ ਕਿਹਾ ਗਿਆ ਹੈ, ‘ਜੌਹਲ ਦੀ ਰਿਹਾਈ ਦੀ ਮੰਗ ਕਰਨ ਦੇ ਸੰਭਾਵੀ ਲਾਭ ਤੇ ਜੋਖਮਾਂ ਦੇ ਨਾਲ ਨਾਲ ਅਜਿਹਾ ਕਰਨ ਨਾਲ ਪੈਣ ਵਾਲੇ ਪ੍ਰਭਾਵਾਂ ’ਤੇ ਸਾਵਧਾਨੀ ਨਾਲ ਵਿਚਾਰ ਕਰਨ ਤੋਂ ਬਾਅਦ ਸਾਨੂੰ ਨਹੀਂ ਲੱਗਦਾ ਕਿ ਇਹ ਕਾਰਵਾਈ ਉਨ੍ਹਾਂ ਦੇ ਹਿੱਤ ਵਿੱਚ ਹੋਵੇਗੀ।’
ਉਨ੍ਹਾਂ ਕਿਹਾ ਕਿ ਭਾਰਤ ਵਿਚ ਜੌਹਲ ਖ਼ਿਲਾਫ਼ ਕਾਰਵਾਈ ਅਜੇ ਚੱਲ ਰਹੀ ਹੈ ਤੇ ਉਸ ਨੂੰ ਰਿਹਾਅ ਕਰਨ ਦੀ ਮੰਗ ਕਰਨਾ ਭਾਰਤੀ ਨਿਆਂਇਕ ਪ੍ਰਕਿਰਿਆ ’ਚ ਦਖਲ ਦੇਣ ਵਾਂਗ ਹੈ ਤੇ ਇਸ ਨਾਲ ਬਰਤਾਨੀਆ ਦੀ ਕੌਂਸੁਲਰ ਸਹਾਇਤਾ ਮੁਹੱਈਆ ਕਰਨ ਦੀ ਸਮਰੱਥਾ ਵੀ ਖਤਰੇ ’ਚ ਪੈ ਸਕਦੀ ਹੈ।
ਦੱਸ ਦਈਏ ਕਿ ਪਿਛਲੇ ਹਫ਼ਤੇ ਬਰਤਾਨੀਆ ਦੇ 70 ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਅਪੀਲ ਕੀਤੀ ਕਿ ਉਹ ਆਪਣੇ ਭਾਰਤੀ ਹਮਰੁਤਬਾ ਨਾਲ ਮੁਲਾਕਾਤ ਕਰਕੇ ਜੌਹਲ ਦੀ ਤੁਰੰਤ ਰਿਹਾਈ ਯਕੀਨੀ ਬਣਾਉਣ। ਇਸ ਤੋਂ ਪਹਿਲਾਂ ਡੋਕਰਟੀ ਹਿਊਜ਼ 20 ਜੁਲਾਈ ਨੂੰ ਇਸ ਸਬੰਧੀ ਇੱਕ ਪੱਤਰ ਲਿਖ ਚੁੱਕੇ ਸਨ। ਲੌਰਡ ਅਹਿਮਦ ਨੇ ਅੱਗੇ ਕਿਹਾ ਕਿ ਬਰਤਾਨੀਆ ਭਾਰਤ ਸਰਕਾਰ ਕੋਲ ਆਪਣੇ ਮਸਲੇ ਸਿੱਧੇ ਤੌਰ ’ਤੇ ਉਠਾਉਣੇ ਜਾਰੀ ਰੱਖੇਗਾ ਅਤੇ ਇਸ ਤੋਂ ਪਹਿਲਾਂ ਬਰਤਾਨਵੀ ਵਿਦੇਸ਼ ਸਕੱਤਰ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਕੋਲ 1 ਮਾਰਚ ਨੂੰ ਇਹ ਮੁੱਦਾ ਚੁੱਕਿਆ ਸੀ।
ਰਿਪੋਰਟ ਸਾਹਮਣੇ ਆਉਣ ਮਗਰੋਂ ਬਰਤਾਨੀਆ ਦੀ ਸਿੱਖ ਲੇਬਰ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸੂਨਕ ਭਾਰਤ ਫੇਰੀ ਦੌਰਾਨ ਜੌਹਲ ਦੀ ਰਿਹਾਈ ਦਾ ਮੁੱਦਾ ਨਹੀਂ ਉਠਾਉਣਗੇ। ਉਨ੍ਹਾਂ ਐਕਸ ’ਤੇ ਲਿਖਿਆ, ‘ਜੱਗੀ ਇੱਕ ਬਰਤਾਨਵੀ ਨਾਗਰਿਕ ਹੈ ਅਤੇ ਉਸ ਨੂੰ ਗਲਤ ਢੰਗ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿੱਖ ਭਾਈਚਾਰਾ ਇਸ ਨੂੰ ਲੈ ਕੇ ਫਿਕਰਮੰਦ ਹੈ।’