ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸੱਕੀ ਨਾਲੇ ਅਤੇ ਰਾਵੀ ਦਰਿਆ ਦੀ ਮੌਜੂਦਾ ਸਥਿਤੀ ਦਾ ਲਿਆ ਜਾਇਜ਼ਾ, ਪ੍ਰਸ਼ਾਸਨ ਅਲਰਟ 'ਤੇ
Punjab News: ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ ਭਾਰੀ ਬਰਸਾਤ ਕਾਰਨ ਪਾਣੀ ਦੀ ਮਾਰ ਹੇਠ ਆਉਣ ਨਾਲੇ ਸੰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ।
ਅਜਨਾਲਾ, 16 ਜੁਲਾਈ - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ ਭਾਰੀ ਬਰਸਾਤ ਕਾਰਨ ਪਾਣੀ ਦੀ ਮਾਰ ਹੇਠ ਆਉਣ ਨਾਲੇ ਸੰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਯੋਜਨਾਬੰਦੀ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਅੱਜ ਰਾਵੀ ਦਰਿਆ ਅਤੇ ਸੱਕੀ ਦਰਿਆ ਨੇੜਲੇ ਇਲਾਕੇ ਲੋਧੀਗੁਜਰ, ਤੋਤਾ ਪੋਸਟ, ਝੁੰਜ ਆਦਿ ਦਾ ਦੌਰਾ ਕੀਤਾ ਅਤੇ ਕੁੱਝ ਜ਼ਰੂਰੀ ਨਿਰਦੇਸ਼ ਦਿੱਤੇ। ਉਨ੍ਹਾਂ ਬੀ ਐਸ ਐਫ ਨਾਲ ਗੱਲਬਾਤ ਕਰਕੇ ਸੱਕੀ ਨਾਲੇ ਵਿੱਚ ਲੋਧੀਗੁਜਰ ਵਿਖੇ ਮਾਰੇ ਗਏ ਪੱਕੇ ਬੰਨ੍ਹ ਨੂੰ ਹਟਾਉਣ ਲਈ ਕਿਹਾ ਤਾਂ ਜੋ ਇਹ ਪਾਣੀ ਖੇਤਾਂ ਵਿੱਚ ਨਾ ਜਾਵੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਖੁਦ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਅਤੇ ਰਾਹਤ ਕਾਰਜਾਂ ਦੀ ਪਲ ਪਲ ਦੀ ਜਾਣਕਾਰੀ ਲੈ ਰਹੇ ਹਨ । ਧਾਲੀਵਾਲ ਨੇ ਕਿਹਾ ਕਿ ਫਿਲਹਾਲ ਕੋਈ ਖਤਰਾ ਨਹੀਂ, ਪਰ ਜੇਕਰ ਸਾਉਣ ਮਹੀਨੇ ਭਾਰੀ ਬਰਸਾਤ ਹੁੰਦੀ ਹੈ ਤਾਂ ਅਸੀਂ ਖੇਤਾਂ, ਡੇਰਿਆਂ, ਪਿੰਡਾਂ ਤੋਂ ਲੋਕਾਂ ਨੂੰ ਸੁਰੱਖਿਆ ਸਥਾਨਾਂ ਉਤੇ ਤਬਦੀਲ ਕਰਨ ਦੀ ਯੋਜਨਾ ਉਲੀਕੀ ਹੈ, ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ।
ਉਨ੍ਹਾਂ ਕਿਹਾ ਕਿ ਜਿਸ ਦਿਨ ਦੀ ਕੁਦਰਤੀ ਆਫ਼ਤ ਆਈ ਹੈ ਉਸ ਦਿਨ ਤੋਂ ਹੀ ਮੁੱਖ ਮੰਤਰੀ ਦੀ ਅਗਵਾਈ ਹੇਠ ਸਾਰੇ ਮੰਤਰੀ, ਹਲਕਾ ਵਿਧਾਇਕ, ਪ੍ਰਸ਼ਾਸਨ, ਪੁਲਿਸ, ਫੌਜ, ਐਨ ਡੀ ਆਰ ਐਫ ਦੇ ਜਵਾਨ ਇਸ ਬਿਪਤਾ ਨਾਲ ਨਜਿੱਠਣ ਲਈ ਪ੍ਭਾਵਿਤ ਇਲਾਕਿਆਂ ਵਿੱਚ ਕੰਮ ਕਰ ਰਹੇ ਹਨ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਤੋਂ ਪ੍ਰਭਾਵਿਤ ਹਿੱਸਿਆਂ ਵਿੱਚ ਰਾਹਤ ਕਾਰਜਾਂ, ਬਚਾਓ ਕਾਰਜਾਂ ਅਤੇ ਮੁੜ ਵਸੇਬਾ ਕਾਰਜਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਉਦੇਸ਼ ਤਹਿਤ ਫੰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਸੂਬੇ ਦੇ ਹਰ ਪ੍ਰਭਾਵਿਤ ਨਾਗਰਿਕ ਤੱਕ, ਘਰ ਤੱਕ, ਖੇਤ ਤੱਕ, ਪਿੰਡ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਨੇ ਅਜਿਹੀਆਂ ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ ਯੋਜਨਾਬੱਧ ਤਰੀਕੇ ਨਾਲ ਲੰਬੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਉਪਰਾਲੇ ਕੀਤੇ ਹੁੰਦੇ ਤਾਂ ਅੱਜ ਅਜਿਹੀਆਂ ਸਥਿਤੀਆਂ ਪੈਦਾ ਹੀ ਨਾ ਹੁੰਦੀਆਂ।