Captain Amarinder Singh: ਇੱਕ ਵਾਰ ਫਿਰ ਕੈਪਟਨ ਨੇ ਪੜ੍ਹੇ ਮੋਦੀ ਦੇ ਨਾਂਅ ਦੇ ਕਸਿਦੇ, ਕਿਹਾ- 2024 ਦੀਆਂ ਆਮ ਚੋਣਾਂ ਬਹੁਤ ਅਹਿਮ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਗਠਜੋੜ ਨਾਲ ਚੋਣ ਲੜਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਗਰਮੀ ਵਧਾ ਦਿੱਤੀ ਹੈ। ਉਨ੍ਹਾਂ ਪਾਰਟੀ ਆਗੂਆਂ ਨਾਲ ਮੀਟਿੰਗ ਕਰਕੇ 2024 ਦੀਆਂ ਲੋਕ ਸਭਾ ਅਤੇ ਪੰਜਾਬ ਵਿੱਚ ਹੋਣ ਵਾਲੀਆਂ ਲੋਕਲ ਬਾਡੀ ਚੋਣਾਂ ਦੀ ਰਣਨੀਤੀ ਬਾਰੇ ਚਰਚਾ ਕੀਤੀ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਗਠਜੋੜ ਨਾਲ ਚੋਣ ਲੜਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਗਰਮੀ ਵਧਾ ਦਿੱਤੀ ਹੈ। ਉਨ੍ਹਾਂ ਪਾਰਟੀ ਆਗੂਆਂ ਨਾਲ ਮੀਟਿੰਗ ਕਰਕੇ 2024 ਦੀਆਂ ਲੋਕ ਸਭਾ ਅਤੇ ਪੰਜਾਬ ਵਿੱਚ ਹੋਣ ਵਾਲੀਆਂ ਲੋਕਲ ਬਾਡੀ ਚੋਣਾਂ ਦੀ ਰਣਨੀਤੀ ਬਾਰੇ ਚਰਚਾ ਕੀਤੀ। ਕੈਪਟਨ ਨੇ ਕਿਹਾ ਕਿ 2024 ਦੀਆਂ ਆਮ ਚੋਣਾਂ ਦੇਸ਼ ਲਈ ਅਹਿਮ ਹੋਣਗੀਆਂ ਕਿਉਂਕਿ ਇੱਥੇ ਸਥਿਰ ਤੇ ਮਜ਼ਬੂਤ ਸਰਕਾਰ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਰੂਸ-ਯੂਕਰੇਨ ਯੁੱਧ ਦੇ ਮੱਦੇਨਜ਼ਰ ਦੇਸ਼ ਨੂੰ ਇੱਕ ਸਥਿਰ, ਪਰਿਪੱਕ ਅਤੇ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਦਾਨ ਕਰ ਰਹੇ ਹਨ। ਇਸ ਮੀਟਿੰਗ ਵਿੱਚ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਵੀ ਮੌਜੂਦ ਰਹੇ। ਮੀਟਿੰਗ ਵਿੱਚ ਸੂਬੇ ਦੀ ਮੌਜੂਦਾ ਸਥਿਤੀ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਕਾਰਗੁਜ਼ਾਰੀ ਦੀ ਵੀ ਸਮੀਖਿਆ ਕੀਤੀ ਗਈ।
ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ (ਪੀਐਲਸੀ) ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੀਐਲਸੀ ਅਤੇ ਭਾਜਪਾ ਚਾਰ ਨਗਰ ਨਿਗਮਾਂ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਦੀਆਂ ਚੋਣਾਂ ਇਕੱਠੇ ਲੜਨਗੀਆਂ। ਕੈਪਟਨ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਲੋਕਾਂ ਨੇ ਵੱਡੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ, ਉੱਥੇ ਹੀ ਸਰਕਾਰ ਪ੍ਰਤੀ ਲੋਕਾਂ ਵਿੱਚ ਪਹਿਲਾਂ ਹੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ 'ਆਪ' ਸਰਕਾਰ ਨਾ ਸਿਰਫ਼ ਕਈ ਵਾਅਦਿਆਂ ਤੋਂ ਪਿੱਛੇ ਹਟ ਗਈ ਹੈ ਸਗੋਂ ਪੰਜਾਬੀਆਂ ਨੂੰ ਉਨ੍ਹਾਂ ਦੀ ਤਾਕਤ ਅਤੇ ਅਧਿਕਾਰਾਂ ਤੋਂ ਵਾਂਝੇ ਕਰਕੇ ਉਨ੍ਹਾਂ ਦੇ ਮਾਣ-ਸਨਮਾਨ ਨੂੰ ਵੀ ਠੇਸ ਪਹੁੰਚਾਈ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਤੋਂ ਸਰਕਾਰ ਚਲਾਉਣ ਵਾਲੇ ਅਰਵਿੰਦ ਕੇਜਰੀਵਾਲ ਵਰਗੇ ਬਾਹਰੀ ਵਿਅਕਤੀ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਭਵਿੱਖਬਾਣੀ ਕੀਤੀ ਕਿ ਪੰਜਾਬ ਵਿੱਚ 2024 ਦੀਆਂ ਚੋਣਾਂ ਮੁੱਖ ਤੌਰ 'ਤੇ ਭਾਜਪਾ-ਪੀਐਲਸੀ ਗਠਜੋੜ ਅਤੇ 'ਆਪ' ਵਿਚਾਲੇ ਹੋਣਗੀਆਂ, ਜਦਕਿ ਕਾਂਗਰਸ ਅਤੇ ਅਕਾਲੀ ਦਲ ਹਾਸ਼ੀਏ 'ਤੇ ਰਹਿਣਗੇ।
ਇਹ ਵੀ ਪੜ੍ਹੋ: XE Variant in India: ਭਾਰਤ ਵਿੱਚ ਕੋਰੋਨਾ ਦੇ XE ਵੇਰੀਐਂਟ ਦੀ ਪੁਸ਼ਟੀ, ਅਧਿਕਾਰੀਆਂ ਨੇ ਕਿਹਾ– ਚਿੰਤਾ ਦੀ ਕੋਈ ਗੱਲ ਨਹੀਂ