Assembly Election 2022: ਬੀਜੇਪੀ ਦੇ ਹੱਕ 'ਚ ਕੈਪਟਨ ਅਮਰਿੰਦਰ ਦਾ ਵੱਡਾ ਐਲਾਨ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਚੋਣਾਂ 'ਚ ਵੀ ਡਟਣਗੇ
Captain Amarinder Singh: ਇੱਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਉਹ ਇਹ ਵੀ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਲਈ ਪੰਜਾਬ ਚੋਣਾਂ ਵਿੱਚ ਚੋਣ ਪ੍ਰਚਾਰ ਕਰਨ।
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਮਗਰੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁੱਲ੍ਹ ਕੇ ਬੀਜੇਪੀ ਨਾਲ ਹੋ ਤੁਰੇ ਹਨ। ਉਨ੍ਹਾਂ ਨੇ ਤਾਂ ਇੱਥੋਂ ਤੱਕ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੀਆਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀਆਂ ਚੋਣਾਂ ਵਿੱਚ ਬੀਜੇਪੀ ਲਈ ਪ੍ਰਚਾਰ ਕਰਨਗੇ ਜਿੱਥੋਂ ਸਿੱਖ ਵਸੋਂ ਜਿਆਦਾ ਹੈ। ਇੱਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਉਹ ਇਹ ਵੀ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਲਈ ਪੰਜਾਬ ਚੋਣਾਂ ਵਿੱਚ ਚੋਣ ਪ੍ਰਚਾਰ ਕਰਨ।
ਦੱਸ ਦਈਏ ਕਿ ਕਿ ਕੈਪਟਨ ਪਹਿਲਾਂ ਹੀ ਆਖ ਚੁੱਕੇ ਹਨ ਕਿ ਜਦੋਂ ਖੇਤੀ ਕਾਨੂੰਨਾਂ ਦਾ ਮਸਲਾ ਨਿੱਬੜ ਗਿਆ ਤਾਂ ਉਸ ਮਗਰੋਂ ਉਹ ਪੰਜਾਬ ਵਿੱਚ ਬੀਜੇਪੀ ਨਾਲ ਗੱਠਜੋੜ ਕਰ ਸਕਦੇ ਹਨ। ਬੇਸ਼ੱਕ ਕੈਪਟਨ ਪਹਿਲਾਂ ਸਿਰਫ ਪੰਜਾਬ ਵਿੱਚ ਗੱਠਜੋੜ ਬਾਰੇ ਕਹਿ ਰਹੇ ਸੀ ਪਰ ਹੁਣ ਉਨ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਉਹ ਦੂਜੇ ਰਾਜਾਂ ਵਿੱਚ ਵੀ ਬੀਜੇਪੀ ਲਈ ਪ੍ਰਚਾਰ ਕਰਨਗੇ। ਇਸ ਤੋਂ ਸਾਫ ਹੈ ਕਿ ਕੈਪਟਨ ਖੁੱਲ੍ਹ ਕੇ ਬੀਜੇਪੀ ਨਾਲ ਆ ਗਏ ਹਨ।
ਉਧਰ, ਕਾਂਗਰਸ ਤੇ ਹੋਰ ਸਿਆਸੀ ਪਾਰਟੀਆਂ ਨੇ ਇਲਜ਼ਾਮ ਲਾਇਆ ਹੈ ਕਿ ਕੈਪਟਨ ਤਾਂ ਪਹਿਲਾਂ ਹੀ ਬੀਜੇਪੀ ਨਾਲ ਮਿਲ ਕੇ ਚੱਲ ਰਹੇ ਸੀ। ਪਹਿਲਾਂ ਉਹ ਅੰਦਰ ਖਾਤੇ ਮੋਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਸੀ ਪਰ ਹੁਣ ਉਹ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਕੈਪਟਨ ਬੇਸ਼ੱਕ ਬੀਜੇਪੀ ਨਾਲ ਗੱਠਜੋੜ ਕਰ ਲੈਣ ਪਰ ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਣਗੇ।
ਕੈਪਟਨ ਨੇ ਕਿਹਾ ਹੈ ਕਿ ਉਹ ਆਪਣੀ ਨਵੀਂ ਪਾਰਟੀ ਦੀ ਰਜਿਸਟ੍ਰੇਸ਼ਨ ਹੋਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੋ ਨਵੇਂ ਖੇਤੀ ਕਾਨੂੰਨ ਬਣਾਏ ਗਏ ਸਨ, ਉਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਸਨ, ਹੁਣ ਉਹ ਕਾਨੂੰਨ ਵਾਪਸੀ ਤੋਂ ਖੁਸ਼ ਹਨ। ਦੂਜੇ ਪਾਸੇ ਬੀਜੇਪੀ ਦਾ ਇਸ ਬਾਰੇ ਕਹਿਣਾ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਸਨ ਪਰ ਉਹ ਕਿਸਾਨਾਂ ਨੂੰ ਸਮਝਾ ਨਹੀਂ ਸਕੇ।
ਇਹ ਵੀ ਪੜ੍ਹੋ: International Flights News: ਖੁਸ਼ਖਬਰੀ! ਵਿਦੇਸ਼ ਆਉਣ-ਜਾਣ ਵਾਲਿਆਂ ਲਈ ਰਾਹਤ ਦੀ ਵੱਡੀ ਖਬਰ, ਭਾਰਤ ਸਰਕਾਰ ਨੇ ਦਿੱਤਾ ਸੰਕੇਤ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: