ਅਸਤੀਫ਼ੇ 'ਚ ਛਲਕਿਆ ਕੈਪਟਨ ਦਾ ਦਰਦ, ਬੋਲੇ ਸਿੱਧੂ ਤੌਰ 'ਤੇ ਕਰਦਾ ਰਿਹਾ ਜ਼ਲੀਲ, ਉਮਰ ਦਾ ਵੀ ਲਿਹਾਜ ਨਾ ਕੀਤਾ
ਸੋਨੀਆ ਗਾਂਧੀ ਨੂੰ ਭੇਜੇ ਆਪਣੇ ਪੱਤਰ 'ਚ ਕੈਪਟਨ ਨੇ ਆਪਣਾ ਦਰਦ ਵੀ ਬਿਆਨ ਕੀਤਾ ਹੈ।
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੀਵਾਲੀ ਤੋਂ ਦੋ ਦਿਨ ਪਹਿਲਾਂ ਸਿਆਸੀ ਧਮਾਕਾ ਕਰ ਦਿੱਤਾ ਹੈ।ਕੈਪਟਨ ਅਮਰਿੰਦਰ ਨੇ ਅੱਜ ਕਾਂਗਰਸ ਪਾਰਟੀ ਤੋਂ ਰੱਸਮੀ ਤੌਰ 'ਤੇ ਅਸਤੀਫ਼ਾ ਦੇ ਦਿੱਤਾ ਹੈ।ਇਸ ਦੇ ਨਾਲ ਹੀ ਕੈਪਟਨ ਨੇ ਆਪਣੀ ਨਵੀਂ ਪਾਰਟੀ ਬਾਰੇ ਵੀ ਖੁਲਾਸਾ ਕਰ ਦਿੱਤਾ ਹੈ।ਸੋਨੀਆ ਗਾਂਧੀ ਨੂੰ ਭੇਜੇ ਆਪਣੇ ਪੱਤਰ 'ਚ ਕੈਪਟਨ ਨੇ ਆਪਣਾ ਦਰਦ ਵੀ ਬਿਆਨ ਕੀਤਾ ਹੈ।
ਕੈਪਟਨ ਨੇ ਕਿਹਾ ਕਿ ਸਿੱਧੂ ਨੇ ਮੈਨੂੰ ਨਿੱਜੀ ਅਤੇ ਜਨਤਕ ਤੌਰ 'ਤੇ ਲਗਾਤਾਰ ਜ਼ਲੀਲ ਕੀਤਾ ਹੈ।ਮੈਂ ਉਸ ਦੇ ਪਿਤਾ ਦੀ ਉਮਰ ਦਾ ਸੀ, ਫਿਰ ਵੀ ਉਹ ਮੇਰੇ ਵਿਰੁੱਧ ਬਿਆਨਬਾਜ਼ੀ ਕਰਦਾ ਰਿਹਾ। ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਸਿੱਧੂ ਖਿਲਾਫ ਕੋਈ ਕਾਰਵਾਈ ਕਰਨ ਦੀ ਬਜਾਏ ਸਿੱਧੂ ਦਾ ਸਾਥ ਦਿੱਤਾ। ਉਨ੍ਹਾਂ ਨੇ ਹਰੀਸ਼ ਰਾਵਤ 'ਤੇ ਵੀ ਹਮਲਾ ਬੋਲਿਆ।
ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ 'ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੇਰੇ ਅਤੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ ਸਿੱਧੂ ਨੂੰ ਜ਼ਿੰਮੇਵਾਰੀ ਸੌਂਪੀ ਗਈ। ਸਿੱਧੂ ਨੂੰ ਪਾਕਿਸਤਾਨ ਪੱਖੀ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਦੇ ਆਰਮੀ ਚੀਫ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜਨਤਕ ਤੌਰ 'ਤੇ ਜੱਫੀਆਂ ਪਾਉਂਦੇ ਹਨ। ਇਹ ਦੋਵੇਂ ਭਾਰਤ ਵਿੱਚ ਅੱਤਵਾਦ ਫੈਲਾਉਣ ਲਈ ਜ਼ਿੰਮੇਵਾਰ ਹਨ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਆਪਣੇ 7 ਪੰਨਿਆਂ ਦੇ ਅਸਤੀਫ਼ੇ ਪੱਤਰ ਵਿੱਚ ਉਨ੍ਹਾਂ ਨੇ ਆਪਣੇ ਪੂਰੇ ਸਿਆਸੀ ਸਫ਼ਰ ਦਾ ਜ਼ਿਕਰ ਕੀਤਾ ਹੈ। ਅਮਰਿੰਦਰ ਨੇ ਕਾਂਗਰਸ ਹਾਈਕਮਾਂਡ ਦੇ ਨਾਲ-ਨਾਲ ਨਵਜੋਤ ਸਿੱਧੂ 'ਤੇ ਵੀ ਸਵਾਲ ਚੁੱਕੇ ਹਨ।
ਅਮਰਿੰਦਰ ਨੇ 18 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਕਾਂਗਰਸ ਛੱਡਣ ਦਾ ਐਲਾਨ ਕੀਤਾ ਸੀ। ਮੰਗਲਵਾਰ ਨੂੰ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ (PLC) ਦਾ ਐਲਾਨ ਕੀਤਾ ਹੈ। ਅਮਰਿੰਦਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਚੋਣ ਲੜਨਗੇ। ਇਸ ਦੇ ਲਈ ਪਹਿਲਾਂ ਕਿਸਾਨ ਅੰਦੋਲਨ ਦਾ ਹੱਲ ਲੱਭਿਆ ਜਾਵੇਗਾ। ਉਸ ਤੋਂ ਬਾਅਦ ਭਾਜਪਾ ਅਤੇ ਅਕਾਲੀ ਦਲ ਦੇ ਬਾਗੀ ਆਗੂ ਗਠਜੋੜ ਕਰਨਗੇ। ਹਾਲਾਂਕਿ ਕਾਂਗਰਸ ਨੇ ਕੈਪਟਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਹੀਂ ਮੰਨੇ।
ਕੈਪਟਨ ਦਾ ਸਿਆਸੀ ਸਫ਼ਰ
- 11 ਮਾਰਚ 1942 ਨੂੰ ਜਨਮ ਹੋਇਆ
- 1963 ਤੋਂ 1966 ਤੱਕ ਭਾਰਤੀ ਫੌਜ 'ਚ ਸੇਵਾ ਨਿਭਾਈ
- ਕਾਂਗਰਸ ਦੀ ਟਿਕਟ 'ਤੇ 1980 'ਚ ਲੋਕ ਸਭਾ ਚੋਣ ਜਿੱਤੀ
- 1984 'ਚ ਔਪਰੇਸ਼ਨ ਬਲੂ ਸਟਾਰ ਦੇ ਰੋਸ ਵਿੱਚ ਸਾਂਸਦ ਤੇ ਕਾਂਗਰਸ ਤੋਂ ਅਸਤੀਫ਼ਾ
- ਕਾਂਗਰਸ 'ਚੋਂ ਅਸਤੀਫ਼ੇ ਬਾਅਦ ਅਕਾਲੀ ਦਲ 'ਚ ਸ਼ਾਮਲ ਹੋਏ
- 1985 'ਚ ਅਕਾਲੀ ਦਲ ਦੀ ਟਿਕਟ 'ਤੇ ਤਲਵੰਡੀ ਸਾਬੋ ਤੋਂ ਵਿਧਾਇਕ ਚੁਣੇ ਗਏ
- 1992 'ਚ ਅਕਾਲੀ ਦਲ ਨਾਲੋਂ ਵੱਖ ਹੋ ਕੇ ਅਕਾਲੀ ਦਲ ਪੰਥਕ ਬਣਾਇਆ
- 1998 'ਚ ਕੈਪਟਨ ਨੇ ਅਕਾਲੀ ਪੰਥਕ ਦਾ ਕਾਂਗਰਸ ਵਿੱਚ ਰਲੇਵਾਂ ਕੀਤਾ
- 1998 'ਚ ਪਟਿਆਲਾ ਲੋਕ ਸਭਾ ਸੀਟ ਤੋਂ ਚੰਦੂਮਾਜਰਾ ਤੋਂ ਚੋਣ ਹਾਰੇ
- 1999 ਤੋਂ 2002 ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ
- 2002 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ
- 2010 ਤੋਂ 2013 ਤੱਕ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ
- 2014 'ਚ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅਰੁਣ ਜੇਤਲੀ ਨੂੰ ਹਰਾਇਆ
- 2015 ਤੋਂ 2017 ਤੱਕ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ
- 2017 'ਚ ਪੰਜਾਬ ਦੇ ਮੁੱਖ ਮੰਤਰੀ ਬਣੇ
ਸਾਲ 2017 ਵਿੱਚ ਕੈਪਟਨ ਦੀ ਅਗਵਾਈ ਵਿੱਚ ਕਾਂਗਰਸ ਨੇ ਚੋਣ ਲੜੀ ਸੀ, ਇਸ ਦੌਰਾਨ ਨਾ ਤਾਂ ਮੋਦੀ ਲਹਿਰ ਦਾ ਅਸਰ ਵਿਖਿਆ ਅਤੇ ਨਾ ਹੀ ਆਮ ਆਦਮੀ ਪਾਰਟੀ ਦਾ ਜੋਸ਼ ਕੰਮ ਆਇਆ, ਬੱਸ ਕੈਪਟਨ ਦਾ ਦਮ ਵਿਖਿਆ, ਆਪਣੇ ਸਿਆਸੀ ਸਫ਼ਰ ਦੌਰਾਨ ਕੈਪਟਨ ਨਾਲ ਕਈ ਵਿਵਾਦ ਵੀ ਜੁੜੇ, ਮੁੱਖ ਤੌਰ 'ਤੇ:-
- ਲੁਧਿਆਣਾ ਸਿਟੀ ਸੈਂਟਰ ਘੁਟਾਲੇ 'ਚ ਕੈਪਟਨ ਘਿਰੇ
- ਅੰਮ੍ਰਿਤਸਰ ਇੰਮਪਰੂਵਮੈਂਟ ਟਰੱਸਟ ਲੈਂਡ ਸਕੈਮ 'ਚ ਘਿਰੇ
- ਸਵਿਸ ਬੈਂਕ ਖਾਤਿਆਂ ਦੀ ਜਾਂਚ ਵੀ ED ਵੱਲੋਂ ਕੀਤੀ ਗਈ
- ਸਵਿਸ ਬੈਂਕ ਖਾਤਿਆਂ ਦੀ ਜਾਂਚ ਦੇ ਘੇਰੇ 'ਚ ਕੈਪਟਨ ਦੇ ਪਰਿਵਾਰਕ ਮੈਂਬਰ ਆਏ