Punjab News: ਪੰਜਾਬ 'ਚ ਨਸ਼ਾ ਤਸਕਰੀ ਰੋਕਣ ਲਈ ਕੇਂਦਰ ਸਰਕਾਰ ਖੁਦ ਸੰਭਾਲੇਗੀ ਕਮਾਨ, ਅੰਮ੍ਰਿਤਸਰ ’ਚ ਖੁੱਲ੍ਹੇਗਾ ਐਨਸੀਬੀ ਦਾ ਖੇਤਰੀ ਦਫਤਰ
ਪੰਜਾਬ ਵਿੱਚ ਨਸ਼ਾ ਤਸਕਰੀ ਰੋਕਣ ਲਈ ਕੇਂਦਰ ਸਰਕਾਰ ਖੁਦ ਕਮਾਨ ਸੰਭਲ ਰਹੀ ਹੈ। ਇਸ ਲਈ ਅੰਮ੍ਰਿਤਸਰ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦਾ ਖੇਤਰੀ ਦਫ਼ਤਰ ਖੋਲ੍ਹਣ ਦੀ ਤਿਆਰੀ ਹੈ। ਬੇਸ਼ੱਕ ਕੇਂਦਰ ਸਰਕਾਰ ਦਾਅਵਾ ਕਰ ਰਹੀ ਹੈ...
Punjab News: ਪੰਜਾਬ ਵਿੱਚ ਨਸ਼ਾ ਤਸਕਰੀ ਰੋਕਣ ਲਈ ਕੇਂਦਰ ਸਰਕਾਰ ਖੁਦ ਕਮਾਨ ਸੰਭਲ ਰਹੀ ਹੈ। ਇਸ ਲਈ ਅੰਮ੍ਰਿਤਸਰ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦਾ ਖੇਤਰੀ ਦਫ਼ਤਰ ਖੋਲ੍ਹਣ ਦੀ ਤਿਆਰੀ ਹੈ। ਬੇਸ਼ੱਕ ਕੇਂਦਰ ਸਰਕਾਰ ਦਾਅਵਾ ਕਰ ਰਹੀ ਹੈ ਕਿ ਇਹ ਕਦਮ ਪੰਜਾਬ ’ਚ ਨਸ਼ਾ ਤਸਕਰੀ ਦੇ ਵਧ ਰਹੇ ਮਾਮਲਿਆਂ ਨਾਲ ਸਿੱਝਣ ਲਈ ਚੁੱਕਿਆ ਜਾ ਰਿਹਾ ਹੈ ਪਰ ਇਸ ਨਾਲ ਸਿਆਸਤ ਗਰਮਾ ਸਕਦੀ ਹੈ। ਇਸ ਤੋਂ ਪਹਿਲਾਂ ਕੇਂਦਰ ਨੇ ਸਰਹੱਦੀ ਇਲਾਕਿਆਂ ਵਿੱਚ ਬੀਐਸਐਫ ਦੇ ਅਧਿਕਾਰ ਖੇਤਰ ਦਾ ਦਾਇਰਾ ਵਧਾਇਆ ਸੀ ਜਿਸ ਦਾ ਸਿਆਸੀ ਧਿਰਾਂ ਨੇ ਵਿਰੋਧ ਕੀਤਾ ਸੀ।
ਹਾਸਲ ਜਾਣਕਾਰੀ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬੇ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦਾ ਅੰਮ੍ਰਿਤਸਰ ’ਚ ਖੇਤਰੀ ਦਫ਼ਤਰ ਖੋਲ੍ਹਣ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਖੇਤਰੀ ਦਫ਼ਤਰ ਦੀ ਅਗਵਾਈ ਡਿਪਟੀ ਡਾਇਰੈਕਟਰ ਜਨਰਲ ਕਰਨਗੇ ਜੋ ਅਕਸਰ ਆਈਜੀ ਜਾਂ ਉਸ ਤੋਂ ਉਪਰਲੇ ਰੈਂਕ ਦਾ ਅਫ਼ਸਰ ਹੁੰਦਾ ਹੈ। ਇਸ ਦੇ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ ਜਿਥੇ ਐਨਸੀਬੀ ਦੇ ਦੋ ਵੱਖੋ ਵੱਖਰੇ ਦਫ਼ਤਰ ਹੋਣਗੇ। ਹੁਣ ਐਨਸੀਬੀ ਦੇ ਚੰਡੀਗੜ੍ਹ ’ਚ ਮੌਜੂਦਾ ਜ਼ੋਨਲ ਡਿਵੀਜ਼ਨ ਤੇ ਅੰਮ੍ਰਿ਼ਤਸਰ ’ਚ ਖੇਤਰੀ ਦਫ਼ਤਰ ਵੱਖ ਵੱਖ ਇਲਾਕਿਆਂ ’ਚ ਨਸ਼ਿਆਂ ਦੀ ਵਰਤੋਂ ਅਤੇ ਤਸਕਰੀ ’ਤੇ ਨੱਥ ਪਾਉਣਗੇ। ਅੰਮ੍ਰਿਤਸਰ ਖੇਤਰੀ ਦਫ਼ਤਰ ਅਧੀਨ ਸਤਲੁਜ ਦਰਿਆ ਦੇ ਉਪਰ ਵਾਲਾ ਖੇਤਰ ਹੋਵੇਗਾ।
ਅੰਮ੍ਰਿਤਸਰ ਤੋਂ ਇਲਾਵਾ ਗੁਹਾਟੀ, ਚੇਨਈ ਤੇ ਅਹਿਮਦਾਬਾਦ ’ਚ ਵੀ ਐਨਸੀਬੀ ਦੇ ਖੇਤਰੀ ਦਫ਼ਤਰ ਖੋਲ੍ਹੇ ਜਾਣਗੇ। ਮਹਾਰਾਸ਼ਟਰ ਵੱਲ ਐਨਸੀਬੀ ਦਾ ਵਧੇਰੇ ਧਿਆਨ ਨਹੀਂ ਦੇਖਿਆ ਜਾ ਰਿਹਾ ਜਿਥੇ ਪਿਛਲੇ ਸਾਲ ਸਭ ਤੋਂ ਵਧ ਨਸ਼ਾ ਤਸਕਰੀ ਦੇ ਕੇਸ ਸਾਹਮਣੇ ਆਏ ਹਨ। ਇਸੇ ਤਰ੍ਹਾਂ ਮੁਲਕ ਦਾ ਸਭ ਤੋਂ ਵੱਡਾ ਸੂਬਾ ਹੋਣ ਦੇ ਬਾਵਜੂਦ ਉੱਤਰ ਪ੍ਰਦੇਸ਼ ਉਸ ਦੇ ਰਾਡਾਰ ’ਤੇ ਨਹੀਂ ਹੈ। ਐੱਨਸੀਬੀ ਨੇ ਇਸੇ ਹਫ਼ਤੇ ਲੁਧਿਆਣਾ ਤੋਂ ਚਲਦੇ ਕੌਮਾਤਰੀ ਨਸ਼ਾ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਸੀ।
ਸੂਤਰਾਂ ਨੇ ਕਿਹਾ ਕਿ ਪੰਜਾਬ ’ਚ ਨਸ਼ੇ ਦੇ ਕਾਰੋਬਾਰ ਦੀਆਂ ਵਧੇਰੇ ਘਟਨਾਵਾਂ, ਪਾਕਿਸਤਾਨ ਨਾਲ ਕੌਮਾਂਤਰੀ ਸਰਹੱਦ ਅਤੇ ਜੰਮੂ ਕਸ਼ਮੀਰ ਤੇ ਰਾਜਸਥਾਨ ਤੋਂ ਤਸਕਰੀ ਹੋਣ ਕਾਰਨ ਪੰਜਾਬ ਵੱਲ ਧਿਆਨ ਕੇਂਦਰਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਤਿੰਨ ਕੁ ਸਾਲ ਪਹਿਲਾਂ ਟਰੈਮਾਡੋਲ ਦੀਆਂ ਗ਼ੈਰ-ਕਾਨੂੰਨੀ ਢੰਗ ਨਾਲ ਬਣਾਈਆਂ ਜਾਂਦੀਆਂ ਗੋਲੀਆਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅੰਮ੍ਰਿਤਸਰ ’ਚ ਐੱਨਸੀਬੀ ਦਾ ਉਪ ਜ਼ੋਨ ਖੋਲ੍ਹਿਆ ਸੀ। ਗ੍ਰਹਿ ਮੰਤਰਾਲੇ ਨੇ ਐੱਨਸੀਬੀ ਦਾ ਅੰਮ੍ਰਿਤਸਰ ’ਚ ਖੇਤਰੀ ਦਫ਼ਤਰ ਖੋਲ੍ਹਣ ਲਈ 12 ਜਨਵਰੀ ਨੂੰ ਪੱਤਰ ਲਿਖਿਆ ਸੀ।