Jalandhar Election: CM ਭਗਵੰਤ ਮਾਨ ਦਾ ਦਾਅਵਾ, ਜਲੰਧਰ ਵੈਸਟ ਨੂੰ ਬਣਾਵਾਂਗੇ ਸਭ ਤੋਂ 'ਬੈਸਟ', ਰੋਡ ਸ਼ੋਅ 'ਚ ਭਾਰੀ ਇਕੱਠ
Jalandhar Election: ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਦੇ ਵੱਖ-ਵੱਖ ਖੇਤਰਾਂ 'ਚ ਰੋਡ ਸ਼ੋਅ ਕੀਤਾ। ‘ਆਪ’ ਉਮੀਦਵਾਰ ਮੋਹਿੰਦਰ ਭਗਤ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਰੋਡ ਸ਼ੋਅ ਚ ਸ਼ਮੂਲੀਅਤ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਦੇ ਵੱਖ-ਵੱਖ ਖੇਤਰਾਂ 'ਚ ਰੋਡ ਸ਼ੋਅ ਕੀਤਾ। ‘ਆਪ’ ਉਮੀਦਵਾਰ ਮੋਹਿੰਦਰ ਭਗਤ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਰੋਡ ਸ਼ੋਅ ਵਿੱਚ ਸ਼ਮੂਲੀਅਤ ਕੀਤੀ। ਮਾਨ ਨੇ ਲੋਕਾਂ ਨੂੰ ‘ਆਪ’ ਉਮੀਦਵਾਰ ਮੋਹਿੰਦਰ ਭਗਤ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ 'ਆਪ' ਉਮੀਦਵਾਰ ਨੂੰ ਜਿਤਾਇਆ ਤਾਂ ਅਸੀਂ ਮਿਲ ਕੇ ਜਲੰਧਰ ‘ਵੈਸਟ’ ਨੂੰ ਜਲੰਧਰ ‘ਬੈਸਟ’ (ਸਭ ਤੋਂ ਵਧੀਆ) ਬਣਾਵਾਂਗੇ।
ਮੁੱਖ ਮੰਤਰੀ ਮਾਨ ਦਾ ਰੋਡ ਸ਼ੋਅ ਵਾਰਡ ਨੰਬਰ 46 ਦੇ ਬਾਬਾ ਬਾਲਕ ਨਾਥ ਮੰਦਰ ਤੋਂ ਸ਼ੁਰੂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਗੁਰੂ ਸੰਤ ਨਗਰ ਤੋਂ ਹੋ ਕੇ ਵਾਰਡ ਨੰ 43 ਦੇ ਉੱਜਵਲ ਸਵੀਟਸ ਅਤੇ ਵਾਰਡ ਨੰ 78 ਦੇ ਬਾਬੂ ਲਾਲ ਸਿੰਘ ਕਨਾਲ ਸਮੇਤ ਹੋਰ ਕਈ ਇਲਾਕਿਆਂ ਵਿਚ ਰੋਡ ਸ਼ੋਅ ਕੀਤਾ |
ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਚੋਣ ਨਹੀਂ ਹੋਣੀ ਸੀ। ਇਹ ਚੋਣ ਤੁਹਾਡੇ 'ਤੇ ਥੋਪੀ ਗਈ ਹੈ ਕਿਉਂਕਿ ਪਿਛਲਾ ਵਿਧਾਇਕ ਦਲ-ਬਦਲੂ ਅਤੇ ਲਾਲਚੀ ਨਿਕਲਿਆ। ਇਹ ਚੋਣ ਉਸ ਦੇ ਨਿੱਜੀ ਸਵਾਰਥ ਅਤੇ ਲਾਲਚ ਕਾਰਨ ਹੋ ਰਹੀ ਹੈ।
ਮਾਨ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਛੱਡ ਕੇ ਪਾਰਟੀ ਅਤੇ ਲੋਕਾਂ ਨਾਲ ਧੋਖਾ ਕੀਤਾ ਹੈ। ਉਸ ਦੀ ਇਸ ਧੋਖਾਧੜੀ ਕਾਰਨ ਜ਼ਿਮਨੀ ਚੋਣਾਂ 'ਚ ਸਰਕਾਰੀ ਖ਼ਜ਼ਾਨੇ 'ਚੋਂ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ, ਜੋ ਲੋਕਾਂ ਦੇ ਟੈਕਸ ਦਾ ਪੈਸਾ ਹੈ। 10 ਜੁਲਾਈ ਨੂੰ ਤੁਸੀਂ ਸਾਰੇ ਇੱਕਜੁੱਟ ਹੋ ਕੇ ਉਸਦੇ ਧੋਖੇ ਦਾ ਮੂੰਹ ਤੋੜ ਜਵਾਬ ਦਿਓ।
ਮਾਨ ਨੇ ਕਿਹਾ ਕਿ ਪਿਛਲਾ ਵਿਧਾਇਕ ਧੋਖੇਬਾਜ਼ ਨਿਕਲਿਆ ਪਰ ਵਾਹਿਗੁਰੂ ਦੀ ਕਿਰਪਾ ਨਾਲ ਇਸ ਵਾਰ ਸਾਨੂੰ ਮੋਹਿੰਦਰ ਭਗਤ ਦੇ ਰੂਪ ਵਿਚ ਇਮਾਨਦਾਰ ਅਤੇ ਪੜ੍ਹਿਆ ਲਿਖਿਆ ਉਮੀਦਵਾਰ ਮਿਲਿਆ ਹੈ| ਉਨ੍ਹਾਂ ਨੂੰ ਜਿਤਾਓ। ਜਲੰਧਰ ਪੱਛਮੀ ਦੇ ਵਿਕਾਸ ਲਈ ਮੋਹਿੰਦਰ ਭਗਤ ਜੋ ਵੀ ਕੰਮ ਕਹਿਣਗੇ, ਅਸੀਂ ਕਰਾਂਗੇ।
ਉਨ੍ਹਾਂ ਕਿਹਾ ਕਿ ਈਵੀਐਮ ਮਸ਼ੀਨ 'ਤੇ 'ਆਪ' ਉਮੀਦਵਾਰ ਦਾ ਬਟਨ ਪੰਜਵੇਂ ਨੰਬਰ 'ਤੇ ਹੈ, ਪਰ ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਨਤੀਜੇ ਵਾਲੇ ਦਿਨ ਮੋਹਿੰਦਰ ਭਗਤ ਪਹਿਲੇ ਨੰਬਰ 'ਤੇ ਆਉਣ। ਉਨ੍ਹਾਂ ਕਿਹਾ ਕਿ ਭਗਤ ਪਰਿਵਾਰ ਨੇ ਪਿਛਲੀਆਂ ਦੋ ਪੀੜ੍ਹੀਆਂ ਤੋਂ ਜਲੰਧਰ ਦੇ ਲੋਕਾਂ ਦੀ ਸੇਵਾ ਕੀਤੀ ਹੈ।
ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਵਾਂਗ ਉਨ੍ਹਾਂ ਦਾ ਕੋਈ ਕਾਰੋਬਾਰ ਜਾਂ ਮਾਫੀਆ ਵਿਚ ਕੋਈ ਸ਼ਮੂਲੀਅਤ ਨਹੀਂ ਹੈ ਅਤੇ ਨਾ ਹੀ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਹੈ। ਉਹ ਬਹੁਤ ਸਾਫ਼ ਸੁਥਰੇ ਅਕਸ ਵਾਲੇ ਵਿਅਕਤੀ ਹਨ।