'ਆਪ' ਦਾ ਕਾਂਗਰਸ ਤੇ ਹਮਲਾ, ਕਿਹਾ ਰਾਣਾ ਗੁਰਜੀਤ ਨਾਲ਼ ਬੈਠ ਕੇ ਰੇਤ ਮਾਫ਼ੀਆ ਨੂੰ ਨੱਥ ਨਹੀਂ ਪਾ ਸਕਦੇ ਮੁੱਖ ਮੰਤਰੀ ਚੰਨੀ
ਆਮ ਆਦਮੀ ਪਾਰਟੀ ਪੰਜਾਬ ਨੇ ਇੱਕ ਵਾਰ ਤੋਂ ਚੰਨੀ ਸਰਕਾਰ ਵਿੱਚ ਮੰਤਰੀ ਵਜੋਂ ਹਲਫ਼ ਲੈਣ ਵਾਲੇ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਹਮਲਾ ਬੋਲਿਆ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਇੱਕ ਵਾਰ ਤੋਂ ਚੰਨੀ ਸਰਕਾਰ ਵਿੱਚ ਮੰਤਰੀ ਵਜੋਂ ਹਲਫ਼ ਲੈਣ ਵਾਲੇ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਹਮਲਾ ਬੋਲਿਆ ਹੈ।ਆਪ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਮੰਤਰੀ ਮੰਡਲ ਵਿਚ ਸ਼ਾਮਲ ਹੋਣ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਸ ਦਾਅਵੇ ਨੂੰ ਫ਼ੇਲ੍ਹ ਦੱਸਿਆ, ਜਿਸ ਵਿਚ ਚੰਨੀ ਨੇ ਕਿਹਾ ਸੀ ਕਿ ਰੇਤ ਮਾਫ਼ੀਆ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰੇ।
ਚੀਮਾ ਨੇ ਕਿਹਾ ਕਿ "ਹੁਣ ਜਦੋਂ ਮਾਈਨਿੰਗ ਮਾਫ਼ੀਆ ਦਾ ਸਰਗਨਾ ਹੀ ਕੈਬਨਿਟ ਮੀਟਿੰਗ ਵਿੱਚ ਬੈਠ ਗਿਆ ਹੈ ਤਾਂ ਮੁੱਖ ਮੰਤਰੀ ਚੰਨੀ ਦਾ ਰੇਤ ਮਾਫ਼ੀਆ ਨੂੰ ਨੱਥ ਪਾਉਣ ਵਾਲਾ ਦਾਅਵਾ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁੱਝ ਨਹੀਂ ਹੈ।"
ਸੋਮਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ, "ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭ੍ਰਿਸ਼ਟ ਆਗੂਆਂ ਨੂੰ ਕੈਬਨਿਟ ਵਿੱਚ ਸ਼ਾਮਲ ਕਰਨ ਨਾਲ ਸਿੱਧ ਹੋ ਗਿਆ ਹੈ ਕਿ ਕਾਂਗਰਸ ਚਿਹਰੇ ਬਦਲ ਕੇ ਵੀ ਆਪਣਾ ਕਿਰਦਾਰ ਨਹੀਂ ਬਦਲ ਸਕਦੀ।ਭ੍ਰਿਸ਼ਟ ਮੰਤਰੀਆਂ ਦੀ ਕੈਬਨਿਟ 'ਚ ਐਂਟਰੀ ਨਾਲ ਚੰਨੀ ਦੇ ਉਸ ਦਾਅਵੇ ਦੀ ਵੀ ਪੋਲ ਖੁੱਲ੍ਹ ਗਈ ਹੈ, ਜਿਸ ਵਿਚ ਚੰਨੀ ਨੇ ਕਿਹਾ ਸੀ ਕਿ ਉਹ ਰਹਿਣਗੇ ਜਾਂ ਭ੍ਰਿਸ਼ਟਾਚਾਰੀ ਰਹੇਗਾ।"
ਚੀਮਾ ਨੇ ਤਰਕ ਦਿੱਤਾ ਕਿ , "ਦਾਗ਼ੀ ਮੰਤਰੀਆਂ ਦਾ ਵਿਰੋਧ ਕੇਵਲ ਵਿਰੋਧੀ ਧਿਰ ਹੋਣ ਕਰਕੇ ਨਹੀਂ ਕਰ ਰਹੇ।ਸਗੋਂ ਕਾਂਗਰਸੀ ਵਿਧਾਇਕ ਵੀ ਵਿਰੋਧ ਕਰ ਰਹੇ ਹਨ। ਕਾਂਗਰਸੀ ਵਿਧਾਇਕਾ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਵੀ ਆਪ ਦੇ ਦੋਸ਼ਾਂ ਦੀ ਪੁਸ਼ਟੀ ਕਰਦੀ ਹੈ।"
ਚੀਮਾ ਨੇ ਕਿਹਾ ਕਿ, "ਜੇ ਚੰਨੀ ਆਪਣੇ ਦਾਅਵੇ ਤੇ ਕਾਇਮ ਰਹਿੰਦੇ ਤਾਂ ਕਿਸੇ ਵੀ ਕੀਮਤ ਤੇ ਦਾਗ਼ੀ ਮੰਤਰੀਆਂ ਨੂੰ ਕੈਬਨਿਟ ਵਿੱਚ ਨਾ ਸ਼ਾਮਲ ਕਰਦੇ।ਪਰ ਮੁੱਖ ਮੰਤਰੀ ਹਾਈਕਮਾਨ ਅਤੇ ਸੁਪਰ ਸੀਐਮ ਨਵਜੋਤ ਸਿੰਘ ਸਿੱਧੂ ਮੂਹਰੇ ਦੱਬੂ ਹੋ ਗਏ।ਇੰਨਾ ਕਮਜ਼ੋਰੀਆਂ ਕਾਰਨ ਕਾਂਗਰਸ ਨੂੰ ਭਰਿਸ਼ਟਾਚਾਰ ਦੀ ਜਨਮ ਦਾਤੀ ਕਿਹਾ ਜਾਂਦਾ ਹੈ।"
ਉਨ੍ਹਾਂ ਕਿਹਾ ਕਿ, "ਪੰਜਾਬ ਦੀ ਜਨਤਾ ਵਾਂਗ ਸਾਨੂੰ ਵੀ ਇਹ ਸਮਝ ਨਹੀਂ ਆ ਰਹੀ ਕਿ ਕਾਂਗਰਸ ਨੇ ਕਿਸ ਪੈਮਾਨੇ ਦੇ ਆਧਾਰ ਉੱਤੇ ਕੁੱਝ ਮੰਤਰੀ ਹਟਾਏ ਹਨ ਅਤੇ ਕੁੱਝ ਨਵੇਂ ਚਿਹਰੇ ਮੰਤਰੀ ਮੰਡਲ ਵਿਚ ਸ਼ਾਮਿਲ ਕੀਤੇ ਹਨ।ਵੈਸੇ ਤਾਂ ਕਾਂਗਰਸ ਦਾ ਕੋਈ ਵੀ ਆਗੂ ਦੁੱਧ-ਧੋਤਾ ਨਹੀਂ ਹੈ, ਪਰ ਭਾਰਤ ਭੂਸ਼ਣ ਆਸ਼ੂ, ਰਾਣਾ ਗੁਰਜੀਤ ਸਿੰਘ, ਰਾਜਾ ਵੜਿੰਗ ਅਤੇ ਗੁਰਕੀਰਤ ਕੋਟਲੀ ਦੀ ਕੈਬਨਿਟ ਵਿੱਚ ਐਂਟਰੀ ਨੇ ਚੰਨੀ, ਸਿੱਧੂ ਤੇ ਗਾਂਧੀ ਪਰਿਵਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ।"
ਚੀਮਾ ਨੇ ਕਿਹਾ ਕਿ ਲੁਧਿਆਣਾ ਦੇ ਲੈਂਡ ਮਾਫ਼ੀਆ ਨਾਲ ਜੁੜੇ ਵਿਵਾਦਾਂ ਤੋਂ ਇਲਾਵਾ ਭਾਰਤ ਭੂਸ਼ਣ ਆਸ਼ੂ ਵੱਲੋਂ ਜਿਸ ਤਰ੍ਹਾਂ ਬਾਹਰੀ ਰਾਜਾਂ ਤੋਂ ਕਣਕ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਵਾਲੇ ਗਿਰੋਹ ਦੀ ਅਗਵਾਈ ਕੀਤੀ ਗਈ ਹੈ, ਉਸ ਨੇ ਪੰਜਾਬ ਦੇ ਖ਼ਜ਼ਾਨੇ ਅਤੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ।"
ਉਨ੍ਹਾਂ ਕਿਹਾ ਕਿ, "ਹਜ਼ਾਰਾਂ ਕਰੋੜਾਂ ਰੁਪਏ ਦੇ ਗੋਲਮਾਲ ਕਾਰਨ ਕੇਂਦਰ ਦੀ ਮੋਦੀ ਸਰਕਾਰ ਨੂੰ ਪੰਜਾਬ ਲਈ ਫ਼ਸਲਾਂ ਦੀ ਖ਼ਰੀਦ ਉੱਤੇ ਸ਼ਰਤਾਂ ਲਾਉਣ ਦਾ ਮੌਕਾ ਦੇ ਦਿੱਤਾ ਹੈ ਅਤੇ ਝੋਨੇ ਦੀ ਖ਼ਰੀਦ ਦੀ ਸੀਮਾਂ ਤੈਅ ਕਰਨਾ ਇਸ ਦੀ ਤਾਜ਼ਾ ਮਿਸਾਲ ਹੈ।ਪਰ ਮੰਤਰੀ ਆਸ਼ੂ ਤੇ ਪਰਚਾ ਦਰਜ ਕਰਨ ਦੀ ਥਾਂ ਉਸਨੂੰ ਦੁਬਾਰਾ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਕਾਂਗਰਸ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸੀ ਕਲਚਰ ਵਿਚ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ਲਈ ਹਮੇਸ਼ਾ ਸਨਮਾਨਜਨਕ ਜਗ੍ਹਾ ਬਰਕਰਾਰ ਰਹੇਗੀ।"
ਚੀਮਾ ਨੇ ਚੰਨੀ ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ ਕਿ ਜੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਸਮੇਤ ਭ੍ਰਿਸ਼ਟ ਮੰਤਰੀਆਂ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਤਾਂ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਸੂਬਾ ਪੱਧਰੀ ਸੰਘਰਸ਼ ਕਰੇਗੀ।