(Source: ECI/ABP News/ABP Majha)
Punjab News: ਧਰੀ ਧਰਾਈ ਰਹਿ ਗਈ CM ਮਾਨ ਦੀ ਪਲਾਨਿੰਗ, ਕੇਂਦਰ ਸਰਕਾਰ ਨੇ ਨਹੀਂ ਦਿੱਤੀ ਇਜਾਜ਼ਤ, ਅੱਜ ਚੜ੍ਹਨਾ ਸੀ ਜਹਾਜ਼
Paris Olympics Games 2024: ਸੀਐਮ ਭਗਵੰਤ ਮਾਨ ਨੇ 3 ਅਗਸਤ ਤੋਂ 9 ਅਗਸਤ ਤੱਕ ਫਰਾਂਸ ਦਾ ਦੌਰਾ ਕਰਨਾ ਸੀ। ਪੈਰਿਸ ਓਲੰਪਿਕ ਵਿਚ ਖੇਡ ਰਹੀ ਭਾਰਤੀ ਹਾਕੀ ਟੀਮ ਦੇ ਕੁੱਲ 19 (ਸਮੇਤ ਤਿੰਨ ਰਾਖਵੇਂ ਖਿਡਾਰੀ) ਖਿਡਾਰੀਆਂ 'ਚ ਦਸ ਪੰਜਾਬੀ ਹਨ।
Paris Olympics Games 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਤੋਂ ਇੱਕ ਝਟਕਾ ਲੱਗਾ ਹੈ। ਸੀਐਮ ਭਗਵੰਤ ਮਾਨ ਨੇ ਪੈਰਿਸ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦਾ ਮੈਚ ਦੇਖਣ ਆਪਣੇ ਪਰਿਵਾਰ ਨਾਲ ਜਾਣਾ ਸੀ ਪਰ ਕੇਂਦਰ ਸਰਕਾਰ ਨੇ ਸੀਐਮ ਮਾਨ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ।
ਸੀਐਮ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ 2 ਅਫ਼ਸਰ ਵੀ ਪੈਰਿਸ ਜਾਣੇ ਸਨ। ਕੇਂਦਰ ਸਰਕਾਰ ਨੇ ਆਪਣੇ ਤਰਕ ਵਿੱਚ ਕਿਹਾ ਕਿ ਪੈਰਿਸ ਜਾਣ ਦੇ ਲਈ ਸੀਐਮ ਭਗਵੰਤ ਮਾਨ ਵੱਲੋਂ ਸਾਨੂੰ ਪੱਤਰ ਦੇਰੀ ਨਾਲ ਭੇਜਿਆ ਗਿਆ ਜਿਸ ਕਰਕੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਸੀਐਮ ਭਗਵੰਤ ਮਾਨ ਨੇ 3 ਅਗਸਤ ਤੋਂ 9 ਅਗਸਤ ਤੱਕ ਫਰਾਂਸ ਦਾ ਦੌਰਾ ਕਰਨਾ ਸੀ। ਪੈਰਿਸ ਓਲੰਪਿਕ ਵਿਚ ਖੇਡ ਰਹੀ ਭਾਰਤੀ ਹਾਕੀ ਟੀਮ ਦੇ ਕੁੱਲ 19 (ਸਮੇਤ ਤਿੰਨ ਰਾਖਵੇਂ ਖਿਡਾਰੀ) ਖਿਡਾਰੀਆਂ 'ਚ ਦਸ ਪੰਜਾਬੀ ਹਨ। ਹਾਕੀ ਟੀਮ ਦੀ ਕਪਤਾਨੀ ਅਤੇ ਉਪ ਕਪਤਾਨੀ ਵੀ ਪੰਜਾਬ ਦੇ ਖਿਡਾਰੀਆਂ ਕੋਲ ਹੈ। ਇਸ ਲਈ ਸੀਐਮ ਮਾਨ ਪੈਰਿਸ ਵਿੱਚ ਜਾ ਕੇ ਆਪਣੇ ਖਿਡਾਰੀਆਂ ਨੂੰ ਹੱਲ੍ਹਾਸ਼ੇਰੀ ਦੇਣਾ ਚਾਹੁੰਦੇ ਸਨ।
ਭਗਵੰਤ ਮਾਨ ਅਜਿਹੇ ਤੀਜੇ 'ਆਪ' ਆਗੂ ਹਨ ਜਿਨ੍ਹਾਂ ਨੂੰ ਕੇਂਦਰ ਨੇ ਵਿਦੇਸ਼ ਦੌਰੇ 'ਤੇ ਜਾਣ ਤੋਂ ਰੋਕਿਆ ਹੈ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ ਦੌਰੇ ਲਈ ਅਤੇ ਗੋਪਾਲ ਰਾਏ ਨੂੰ ਵਿਦੇਸ਼ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ।
ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਜਿਨ੍ਹਾਂ ਕੋਲ ਜ਼ੈੱਡ ਪਲੱਸ ਸੁਰੱਖਿਆ ਛੱਤਰੀ ਹੈ, ਨੂੰ ਰਾਜਸੀ ਪ੍ਰਵਾਨਗੀ ਨਾ ਦਿੱਤੇ ਜਾਣ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ। ਭਾਵੇਂ ਕੇਂਦਰ ਨੇ ਸਿੱਧੇ ਤੌਰ 'ਤੇ ਨਹੀਂ ਕਿਹਾ ਪਰ ਇਹ ਇਸ਼ਾਰਾ ਕੀਤਾ ਹੈ ਕਿ ਪੈਰਿਸ ਵਿੱਚ ਦੁਨੀਆ ਭਰ ਤੋਂ ਦਰਸ਼ਕ ਪੁੱਜੇ ਹੋਏ ਹਨ ਅਤੇ ਇੰਨੇ ਥੋੜ੍ਹੇ ਸਮੇਂ 'ਚ ਮੁੱਖ ਮੰਤਰੀ ਦੀ ਸੁਰੱਖਿਆ ਦਾ ਬੰਦੋਬਸਤ ਕਰਨਾਂ ਸੌਖਾ ਨਹੀਂ ਹੈ।
ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਆਪਣੇ ਨਿੱਜੀ ਖਰਚੇ 'ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਵਾਸਤੇ ਪੈਰਿਸ ਜਾਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਇਕੱਲੇ ਹੀ ਵਿਦੇਸ਼ ਜਾਣਾ ਚਾਹੁੰਦੇ ਹਨ ਤੇ ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਕਿ ਕੌਮਾਂਤਰੀ ਮੰਚ 'ਤੇ ਕੋਈ ਦੂਜਾ ਵਿਅਕਤੀ ਦੇਸ਼ ਦੀ ਨੁਮਾਇੰਦਗੀ ਕਰੇ।
ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਡਿਪਲੋਮੈਟਿਕ ਪਾਸਪੋਰਟ ਹੈ ਪਰ ਫਿਰ ਵੀ ਉਨ੍ਹਾਂ ਨੂੰ ਇਨਕਾਰ ਕੀਤਾ ਗਿਆ ਹੈ। ਉਨ੍ਹਾਂ ਸਾਫ਼ ਕੀਤਾ ਕਿ ਜਿਉਂ ਹੀ ਭਾਰਤੀ ਹਾਕੀ ਟੀਮ ਦੀਆਂ ਜਿੱਤਾਂ ਦਾ ਸਿਲਸਿਲਾ ਤੁਰਿਆ ਸੀ, ਉਦੋਂ ਹੀ ਉਨ੍ਹਾਂ ਨੇ ਦੌਰੇ ਲਈ ਅਪਲਾਈ ਕਰ ਦਿੱਤਾ ਸੀ।