(Source: ECI/ABP News)
ਮੁੱਖ ਮੰਤਰੀ ਮਾਨ ਨੇ ਸਿੱਖ ਜਥੇਬੰਦੀਆਂ ਨੂੰ ਸੌਂਪੀ ਬੇਅਦਬੀ ਮਾਮਲੇ ਦੀ ਰਿਪੋਰਟ, ਰਾਮ ਰਹੀਮ ਪਾਸੋਂ ਕੀਤੀ ਗਈ ਪੁੱਛਗਿੱਛ ਸਬੰਧੀ ਸਮੁੱਚੀ ਕਰਵਾਈ ਦਾ ਵੇਰਵਾ ਜਾਰੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ ਦੀ ਰਿਪੋਰਟ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖ ਜਥੇਬੰਦੀਆਂ ਨੂੰ ਸੌਂਪੀ ਗਈ।
![ਮੁੱਖ ਮੰਤਰੀ ਮਾਨ ਨੇ ਸਿੱਖ ਜਥੇਬੰਦੀਆਂ ਨੂੰ ਸੌਂਪੀ ਬੇਅਦਬੀ ਮਾਮਲੇ ਦੀ ਰਿਪੋਰਟ, ਰਾਮ ਰਹੀਮ ਪਾਸੋਂ ਕੀਤੀ ਗਈ ਪੁੱਛਗਿੱਛ ਸਬੰਧੀ ਸਮੁੱਚੀ ਕਰਵਾਈ ਦਾ ਵੇਰਵਾ ਜਾਰੀ Chief Minister Mann hands over report of indecency case to Sikh organizations ਮੁੱਖ ਮੰਤਰੀ ਮਾਨ ਨੇ ਸਿੱਖ ਜਥੇਬੰਦੀਆਂ ਨੂੰ ਸੌਂਪੀ ਬੇਅਦਬੀ ਮਾਮਲੇ ਦੀ ਰਿਪੋਰਟ, ਰਾਮ ਰਹੀਮ ਪਾਸੋਂ ਕੀਤੀ ਗਈ ਪੁੱਛਗਿੱਛ ਸਬੰਧੀ ਸਮੁੱਚੀ ਕਰਵਾਈ ਦਾ ਵੇਰਵਾ ਜਾਰੀ](https://feeds.abplive.com/onecms/images/uploaded-images/2022/07/02/2be85af734baa0dcad8954002bcdc728_original.jpg?impolicy=abp_cdn&imwidth=1200&height=675)
ਰੋਹਿਤ ਬਾਂਸਲ
ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ ਦੀ ਰਿਪੋਰਟ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖ ਜਥੇਬੰਦੀਆਂ ਨੂੰ ਸੌਂਪੀ ਗਈ। 2021 ਵਿੱਚ ਆਈ. ਪੀ. ਐਸ ਅਧਿਕਾਰੀ ਸੁਰਿੰਦਰ ਪਾਲ ਪਰਮਾਰ ਦੀ ਅਗਵਾਈ ਹੇਠ ਬਣਾਈ ਗਈ ਐਸ. ਆਈ. ਟੀ ਵੱਲੋਂ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
ਇਸ ਰਿਪੋਰਟ ਅੰਦਰ 2015 'ਚ ਹੋਈ ਬੇਅਦਬੀ ਤੋਂ ਲੈ ਕੇ ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਪਾਸੋਂ ਕੀਤੀ ਗਈ ਪੁੱਛਗਿੱਛ ਸਬੰਧੀ ਸਮੁੱਚੀ ਕਰਵਾਈ ਦਾ ਵੇਰਵਾ ਜਾਰੀ ਕੀਤਾ ਗਿਆ ਹੈ। ਇਸ ਰਿਪੋਰਟ ਬਾਬਤ ਸਿੱਖ ਆਗੂ ਭਾਈ ਅਮਰੀਕ ਸਿੰਘ ਅਜਨਾਲਾ ਨੇ ਏਬੀਪੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਰਿਪੋਰਟ ਸੌਂਪੀ ਗਈ ਹੈ। ਜਿਸ ਵਿੱਚ ਬਰਗਾੜੀ ਮਾਮਲੇ 'ਚ ਕੀਤੀ ਗਈ ਜਾਂਚ ਦਾ ਵੇਰਵਾ ਹੈ। ਦੱਸ ਦੇਈਏ ਕਿ ਇਸ ਰਿਪੋਰਟ 'ਚ ਸੁਨਾਰੀਆ ਜੇਲ੍ਹ ਵਿਖੇ ਸੌਦਾ ਸਾਧ ਤੋਂ ਕੀਤੀ ਗਈ ਪੁੱਛਗਿੱਛ ਦਾ ਵੇਰਵਾ ਤਫ਼ਸੀਲ ਸਹਿਤ ਦੱਸਿਆ ਗਿਆ।
ਇਸ ਰਿਪੋਰਟ 'ਚ ਰਾਮ ਰਹੀਮ ਪਾਸੋਂ ਬਰਗਾੜੀ ਬੇਅਦਬੀ ਦੀ ਵਿਉਂਤਬੰਦੀ, ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ, ਮਾਮਲੇ ਸਬੰਧਿਤ ਦੋਸ਼ੀਆਂ ਤੇ ਬੇਅਦਬੀ ਵਾਲੇ ਸਰੂਪ ਬਾਰੇ ਕੀਤੇ ਗਏ ਸੈਂਕੜੇ ਸਵਾਲਾਂ ਦਾ ਜ਼ਿਕਰ ਹੈ, ਜਿੰਨ੍ਹਾ ਬਾਰੇ ਰਾਮ ਰਹੀਮ ਨੇ ਨਾਂਹ ਵਿੱਚ ਜਵਾਬ ਦਿੱਤਾ ਹੈ। ਇਸ ਰਿਪੋਰਟ ਮੁਤਾਬਿਕ ਰਾਮ ਰਹੀਮ ਨੇ ਮਹਿੰਦਰਪਾਲ ਬਿੱਟੂ ਨੂੰ ਪਹਿਚਾਨਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਮੁੰਬਈ ਵਾਲੇ ਫਲੈਟ ਦਾ ਸਬੰਧ ਆਪਣੇ ਕਿਸੇ ਚੇਲੇ ਨਾਲ ਦੱਸਿਆ ਹੈ। ਇਸ ਤੋਂ ਇਲਾਵਾ 467 ਪੰਨਿਆਂ ਦੀ ਇਸ ਰਿਪੋਰਟ 'ਚ ਰਾਮ ਰਹੀਮ ਵੱਲੋਂ ਪਹਿਨੀ ਗਈ ਪੋਸ਼ਾਕ ਦਾ ਜ਼ਿਕਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਮੌਜੂਦਾ ਪੰਜਾਬ ਸਰਕਾਰ ਇਸ ਰਿਪੋਰਟ ਨੂੰ ਅਦਾਲਤ 'ਚ ਲੈ ਕੇ ਜਾਵੇਗੀ। ਦੱਸ ਦੇਈਏ ਕਿ ਅੱਜ ਸਿੱਖ ਜਥੇਬੰਦੀਆਂ ਦੇ ਆਗੂ ਕਲਿਆਨੀ ਪਿੰਡ 'ਚ ਹੋਈ ਬੇਅਦਬੀ ਦੇ ਇਨਸਾਫ਼ ਅਤੇ 328 ਸਰੂਪਾਂ ਦੇ ਮਾਮਲੇ 'ਚ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਸਬੰਧੀ ਮੁੱਖ ਮੰਤਰੀ ਨਾਲ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕਰਨ ਪਹੁੰਚੇ ਸਨ। ਜਿੱਥੇ ਮੁੱਖ ਮੰਤਰੀ ਨੇ 90 ਦਿਨਾਂ ਅੰਦਰ ਕਲਿਆਨੀ ਪਿੰਡ 'ਚ ਹੋਈ ਬੇਅਦਬੀ ਦੀ ਘਟਨਾ ਸਬੰਧੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ। ਸਰਕਾਰ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਇਨਸਾਫ਼ ਲਈ ਧਰਨਾ ਲਾਉਣ ਦੀ ਵਿਉਂਤ ਨੂੰ 3 ਮਹੀਨੇ ਲਈ ਮੁਲਤਵੀ ਕਰ ਦਿੱਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)