ਇਸ ਕਾਰਨ ਹੋਇਆ ਦੋ ਧਿਰਾਂ ਵਿਚਾਲੇ ਟਕਰਾਅ, ‘ਆਪ’ ਨਾਲ ਸਬੰਧਤ ਧਿਰ ਨੇ ਕਾਂਗਰਸੀ ਵਿਧਾਇਕ ’ਤੇ ਚਲਾਏ ਰੋੜੇ, ਪਿੰਡ 'ਚ ਮੱਚਿਆ ਹੜਕੰਪ
ਸੜਕ ਬਣਾਉਣ ਤੋਂ ਪਹਿਲਾਂ ਨਿਕਾਸੀ ਨਾਲਾ ਬਣਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਟਕਰਾਅ, ‘ਆਪ’ ਨਾਲ ਸਬੰਧਤ ਧਿਰ ਨੇ ਕਾਂਗਰਸੀ ਵਿਧਾਇਕ ’ਤੇ ਚਲਾਏ ਰੋੜੇ। ਇਸ ਦੌਰਾਨ ਪਿੰਡ 'ਚ ਖੂਬ ਹੰਗਾਮਾ ਹੋਇਆ। ਮੌਕੇ ਉੱਤੇ ਕਈ ਸਰਕਾਰੀ ਅਧਿਕਾਰੀ ਪਹੁੰਚ..

ਪਿੰਡ ਖੁੱਡੀ ਕਲਾਂ ਵਿਖੇ ਸੜਕ ਬਣਾਉਣ ਤੋਂ ਪਹਿਲਾਂ ਨਿਕਾਸੀ ਨਾਲਾ ਬਣਾਉਣ ਨੂੰ ਲੈ ਕੇ ਦੋ ਧਿਰਾਂ ਵਿਚ ਟਕਰਾਅ ਹੋ ਗਿਆ ਅਤੇ ਇਸ ਦੌਰਾਨ ਹਲਕਾ ਬਰਨਾਲਾ ਦੇ ਵਿਧਾਇਕ ਕਾਲਾ ਢਿੱਲੋਂ ਉਪਰ ‘ਆਪ’ ਆਗੂ ਅਤੇ ਹਮਾਇਤੀਆਂ ਨੇ ਰੋੜੇ ਚਲਾ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਪਿੰਡ ਖੁੱਡੀ ਕਲਾਂ ਵਿਖੇ ਇੱਕ ਸੜਕ ਉੱਪਰ ਲੁੱਕ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਇਸ ਦੌਰਾਨ ਪਿੰਡ ਦੀਆਂ ਦੋ ਧਿਰਾਂ ਵਿਚ ਟਕਰਾਅ ਹੋ ਗਿਆ। ਜਦੋਂ ਮੌਕੇ ਉਪਰ ਹਲਕਾ ਵਿਧਾਇਕ ਬਰਨਾਲਾ ਕੁਲਦੀਪ ਸਿੰਘ ਕਾਲਾ ਢਿੱਲੋਂ ਪਹੁੰਚੇ ਤਾਂ ‘ਆਪ’ ਦੇ ਸਰਪੰਚੀ ਚੋਣ ਹਾਰੇ ਆਗੂ ਨੇ ਇਕੱਠੇ ਲੋਕਾਂ ਅਤੇ ਵਿਧਾਇਕ ਉਪਰ ਰੋੜੇ ਚਲਾ ਦਿੱਤੇ। ਇਸ ਮਾਮਲੇ ਵਿਚ ਪੰਚਾਇਤ ਦਾ ਕਹਿਣਾ ਹੈ ਕਿ ਨਿਕਾਸੀ ਨਾਲੇ ਤੋਂ ਬਿਨਾਂ ਸੜਕ ਬਣਾਉਣ ਦਾ ਕੋਈ ਫ਼ਾਇਦਾ ਨਹੀਂ ਹੋਣਾ ਕਿਉਂਕਿ ਘਰਾਂ ਦਾ ਪਾਣੀ ਸੜਕ ਉੱਪਰ ਖੜ ਜਾਵੇਗਾ। ਇਸ ਦੇ ਉਲਟ ‘ਆਪ’ ਹਮਾਇਤੀ ਪ੍ਰਸ਼ਾਸਨ ਤੇ ਦਬਾਅ ਪਾ ਕੇ ਕਹਿੰਦੇ ਨਿਕਾਸੀ ਨਾਲਾ ਨਹੀਂ ਬਣਨ ਦੇਣਾ, ਬੱਸ ਇਕੱਲੀ ਸੜਕ ਬਣਾ ਦਿਓ।
ਕਾਫ਼ੀ ਜੱਦੋ ਜਹਿਦ ਮਗਰੋਂ ਕੰਮ ਬੰਦ ਕਰਵਾਇਆ ਗਿਆ
ਜਦੋਂਕਿ ਪੰਚਾਇਤ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਨੇ ਨਿਕਾਸੀ ਨਾਲਾ ਬਣਾਉਣ ਦੀ ਸਹਿਮਤੀ ਦਿੱਤੀ ਹੈ ਪਰ ‘ਆਪ’ ਹਮਾਇਤੀ ਅਤੇ ਉਸ ਦੇ ਸਮਰਥਕ ਨਿਕਾਸੀ ਨਾਲਾ ਨਹੀਂ ਬਣਨ ਦਿੱਤਾ ਜਾਵੇਗਾ। ਇਸ ਦੌਰਾਨ ਪ੍ਰਸ਼ਾਸ਼ਨ ਵਲੋਂ ਮੌਕੇ ’ਤੇ ਪਹੁੰਚੇ ਅਧਿਕਾਰੀ ਤਹਿਸੀਲਦਾਰ ਰਾਜ ਪ੍ਰਿਤਪਾਲ ਸਿੰਘ ਨੇ ਕਾਫ਼ੀ ਜੱਦੋ ਜਹਿਦ ਮਗਰੋਂ ਕੰਮ ਬੰਦ ਕਰਵਾਇਆ ਕਿਉਂਕਿ ਸਥਾਨਕ ਵਾਸੀ ਕਾਫ਼ੀ ਵਿਰੋਧ ਕਰ ਰਹੇ ਸਨ।
ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕਰਦਿਆਂ ਕਿਹਾ ਜਿਨ੍ਹਾਂ ਵਿਅਕਤੀਆਂ ਨੇ ਜਾਤੀ ਸੂਚਕ ਸ਼ਬਦ ਵਰਤੇ ਹਨ, ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜਿਨ੍ਹਾਂ ਨੇ ਮੇਰੇ ਤੇ ਸਥਾਨਕ ਲੋਕਾਂ ਉੱਤੇ ਰੋੜੇ ਚਲਾਏ ਹਨ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਡੀ.ਐਸ.ਪੀ. ਬਰਨਾਲਾ ਸਤਬੀਰ ਸਿੰਘ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਸਰਪੰਚ ਸਿਮਰਜੀਤ ਸਿੰਘ, ਪੰਚ ਜੋਰਾ ਸਿੰਘ, ਗੁਰਦੀਪ ਸਿੰਘ, ਇੰਦਰਪਾਲ ਸਿੰਘ, ਹਰਬੰਸ ਸਿੰਘ, ਗੁਰਮੇਲ ਸਿੰਘ ਸਮੇਤ 10 ਜਣਿਆਂ ਨੂੰ ਸਰਕਾਰੀ ਕੰਮ ਵਿਚ ਵਿਘਨ ਪਾਉਣ ਕਰ ਕੇ ਹਿਰਾਸਤ ਵਿਚ ਲਿਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਵਿਧਾਇਕ ਕਾਲਾ ਢਿੱਲੋਂ, ਸਾਬਕਾ ਚੇਅਰਮੈਨ ਗੁਰਤੇਜ ਸਿੰਘ ਖੁੱਡੀ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਵਾਸੀਆਂ ਨੇ ਸੜਕ ’ਤੇ ਧਰਨਾ ਲਾਇਆ ਹੋਇਆ ਸੀ।
ਆਗੂਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਸਮਾਂ ਨਿਕਾਸੀ ਨਾਲਾ ਨਹੀਂ ਬਣਦਾ, ਉਨ੍ਹਾਂ ਚਿਰ ਸੜਕ ਨਹੀਂ ਬਣਨ ਦੇਵਾਂਗੇ ਕਿਉਂਕਿ ਸੜਕ ਇਕ ਮੀਂਹ ਨਾਲ ਹੀ ਟੁੱਟ ਜਾਵੇਗੀ। ਇਸ ਸਬੰਧੀ ਜਦੋਂ ਦੂਸਰੀ ਧਿਰ ਨਾਲ ਸਬੰਧਤ ਤਰਸੇਮ ਸਿੰਘ ਥਿੰਦ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਸੜਕ ਦੇ ਇਕ ਪਾਸੇ ਨਿਕਾਸੀ ਨਾਲਾ ਬਣਿਆ ਹੋਇਆ ਹੈ ਅਤੇ ਦੂਜੇ ਪਾਸੇ ਨਾਲੀ ਬਣੀ ਹੋਈ ਹੈ। ਨਿਕਾਸੀ ਨਾਲਾ ਬਣਾਉਣ ਦੀ ਲੋੜ ਨਹੀਂ। ਸਰਪੰਚ ਸਿਮਰਜੀਤ ਸਿੰਘ ਦਾ ਕਹਿਣਾ ਹੈ ਕਿ ਪੰਚਾਇਤ ਨੂੰ ਡਿਪਟੀ ਕਮਿਸ਼ਨਰ ਨੇ ਨਿਕਾਸੀ ਨਾਲਾ ਬਣਾਉਣ ਦੀ ਪ੍ਰਵਾਨਗੀ ਦਿੱਤੀ ਹੈ ਅਤੇ 35 ਲੱਖ ਦੀ ਗਰਾਂਟ ਵੀ ਲਾਉਣ ਨੂੰ ਤਿਆਰ ਹੈ।





















