ਕੋਰੋਨਾ ਟੈਸਟ ਦੀ ਰਿਪੋਰਟ ਲੈਣ ਆਏ ਬਜ਼ੁਰਗ ਨਾਲ ਧੱਕਾਮੁੱਕੀ ਮਗਰੋਂ ਹੰਗਾਮਾ
ਲੁਧਿਆਣਾ ਦੇ ਸਿਵਲ ਸਰਜਨ ਦਫ਼ਤਰ ਸਥਿਤ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਕੋਵਿਡ ਟੈਸਟਿੰਗ ਦੀ ਰਿਪੋਰਟ ਲੈਣ ਆਏ ਇੱਕ ਵਿਅਕਤੀ ਨਾਲ ਕਥਿਤ ਤੌਰ ਤੇ ਧੱਕਾਮੁੱਕੀ ਕੀਤੀ ਗਈ।
ਲੁਧਿਆਣਾ: ਲੁਧਿਆਣਾ ਦੇ ਸਿਵਲ ਸਰਜਨ ਦਫ਼ਤਰ ਸਥਿਤ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਕੋਵਿਡ ਟੈਸਟਿੰਗ ਦੀ ਰਿਪੋਰਟ ਲੈਣ ਆਏ ਇੱਕ ਵਿਅਕਤੀ ਨਾਲ ਕਥਿਤ ਤੌਰ ਤੇ ਧੱਕਾਮੁੱਕੀ ਕੀਤੀ ਗਈ। ਇਸ ਤੋਂ ਬਾਅਦ ਸਿਹਤ ਵਿਭਾਗ ਦਾ ਸਟਾਫ ਵੀ ਸਕਿਉਰਿਟੀ ਮੁਲਾਜ਼ਮ ਦੇ ਹੱਕ ਵਿੱਚ ਨਿੱਤਰ ਆਇਆ ਤੇ ਕੰਮ ਬੰਦ ਕਰਨ ਦੀ ਚੇਤਾਵਨੀ ਦੇ ਦਿੱਤੀ।
ਸ਼ਿਕਾਇਤਕਰਤਾ ਪਿਊਸ਼ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਐਤਵਾਰ ਨੂੰ ਕੋਵਿਡ ਦਾ ਟੈਸਟ ਕਰਾਇਆ ਸੀ, ਪਰ ਹਾਲੇ ਤੱਕ ਮੋਬਾਈਲ ਤੇ ਮੈਸੇਜ ਨਾ ਮਿਲਣ ਤੋਂ ਬਾਅਦ ਉਹ ਅੱਜ ਇੱਥੇ ਪਹੁੰਚੇ ਸਨ। ਅੰਦਰ ਸਕਿਉਰਿਟੀ ਗਾਰਡ ਵੱਲੋਂ ਕਥਿਤ ਤੌਰ ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਹੇਠਾਂ ਸੁੱਟ ਦਿੱਤਾ ਗਿਆ। ਪੀੜਤ 78 ਸਾਲਾਂ ਐਸਕੇ ਚਾਵਲਾ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੇ ਨਾਲ ਆਪਣੀ ਨੂੰਹ ਦੀ ਕੋਵਿਡ ਟੈਸਟ ਦੀ ਰਿਪੋਰਟ ਲੈਣ ਵਾਸਤੇ ਪਹੁੰਚੇ ਸਨ, ਜਿਸ ਦਾ ਐਤਵਾਰ ਨੂੰ ਸੈਂਪਲ ਲਿਆ ਗਿਆ ਸੀ। ਉਨ੍ਹਾਂ ਨੂੰ ਪਹਿਲਾਂ ਮੰਗਲਵਾਰ ਬਾਅਦ ਦੁਪਹਿਰ ਬੁਲਾਇਆ ਗਿਆ ਸੀ।
ਉੱਥੇ ਹੀ, ਹੰਗਾਮਾ ਵਧਣ ਤੋਂ ਬਾਅਦ ਸਿਕਿਉਰਿਟੀ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਹੱਕ ਵਿੱਚ ਸਿਹਤ ਵਿਭਾਗ ਸਟਾਫ ਵੀ ਨਿੱਤਰ ਆਇਆ। ਜਿੱਥੇ ਡਾ ਸਵਿਤਾ ਅਗਰਵਾਲ ਨੇ ਸਪਸ਼ੱਟ ਕੀਤਾ ਕਿ ਜੇਕਰ ਹੰਗਾਮਾ ਬੰਦ ਨਾ ਹੋਇਆ ਤਾਂ ਉਹ ਆਪਣਾ ਕੰਮ ਵੀ ਬੰਦ ਕਰ ਦੇਣਗੇ। ਉਨ੍ਹਾਂ ਨੇ ਸਪਸ਼ੱਟ ਕੀਤਾ ਕਿ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਨਿਭਾਅ ਰਹੇ ਹਨ। ਜਦਕਿ ਲੋਕ ਉਨ੍ਹਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰ ਰਹੇ ਹਨ। ਬਾਵਜੂਦ ਇਸ ਦੇ ਕਿ ਉਹ ਲੋਕਾਂ ਨਾਲ ਪੂਰਾ ਸਹਿਯੋਗ ਕਰ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :