ਜ਼ਿਮਨੀ ਚੋਣ 'ਚ ਹਾਰ ਮਗਰੋਂ ਕੇਜਰੀਵਾਲ ਨੂੰ ਮਿਲਣ ਪਹੁੰਚੇ ਸੀਐਮ ਮਾਨ, ਕਈ ਅਹਿਮ ਮੁੱਦਿਆ 'ਤੇ ਹੋਵੇਗੀ ਮੀਟਿੰਗ
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ (ਆਪ) ਦੀ ਹਾਰ ਤੋਂ ਬਾਅਦ ਸੀਐਮ ਭਗਵੰਤ ਮਾਨ ਪਹਿਲੀ ਵਾਰ ਦਿੱਲੀ ਪਹੁੰਚੇ ਹਨ। ਇੱਥੇ ਉਹ ਆਪਣੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲ ਰਹੇ ਹਨ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ (ਆਪ) ਦੀ ਹਾਰ ਤੋਂ ਬਾਅਦ ਸੀਐਮ ਭਗਵੰਤ ਮਾਨ ਪਹਿਲੀ ਵਾਰ ਦਿੱਲੀ ਪਹੁੰਚੇ ਹਨ। ਇੱਥੇ ਉਹ ਆਪਣੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲ ਰਹੇ ਹਨ। ਇਸ ਮੌਕੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਹਾਜ਼ਰ ਹੋਣਗੇ। ਸੰਗਰੂਰ ਉਪ ਚੋਣ ਨਤੀਜਿਆਂ ਦੇ ਲਿਹਾਜ਼ ਨਾਲ ਇਹ ਮੀਟਿੰਗ ਬਹੁਤ ਅਹਿਮ ਹੈ। ਵਿਧਾਨ ਸਭਾ ਚੋਣਾਂ 'ਚ ਜਿੱਤ ਤੋਂ ਬਾਅਦ 'ਆਪ' ਪੰਜਾਬ 'ਚ ਬਰਕਰਾਰ ਨਹੀਂ ਰਹਿ ਸਕੀ। ਇਸ ਦੇ ਉਲਟ 'ਆਪ' ਨੇ ਦਿੱਲੀ ਦੀਆਂ ਵਿਧਾਨ ਸਭਾ ਉਪ ਚੋਣਾਂ ਜਿੱਤੀਆਂ।
ਇਸ ਤੋਂ ਇਲਾਵਾ ਜੁਲਾਈ ਵਿੱਚ ਹੀ ਮਾਨ ਸਰਕਾਰ ਨੇ ਮੰਤਰੀ ਮੰਡਲ ਦਾ ਵਿਸਥਾਰ ਕਰਨਾ ਹੈ। ਇਸ ਵੇਲੇ ਸੀਐਮ ਸਮੇਤ 10 ਮੰਤਰੀ ਹਨ। ਮਾਨ ਸਰਕਾਰ 8 ਹੋਰ ਮੰਤਰੀ ਬਣਾ ਸਕਦੀ ਹੈ। ਇਸ ਬਾਰੇ ਵੀ ਚਰਚਾ ਹੋ ਸਕਦੀ ਹੈ। ਇਸ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬਰਖ਼ਾਸਤ ਕੀਤੇ ਗਏ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦਾ ਅਹੁਦਾ ਵੀ ਸ਼ਾਮਲ ਹੈ। ਫਿਲਹਾਲ ਮੁੱਖ ਮੰਤਰੀ ਮਾਨ ਖੁੱਦ ਇਸ ਅਹੁਦੇ ਨੂੰ ਦੇਖ ਰਹੇ ਹਨ।
ਪੰਜਾਬ ਵਿੱਚ ਤਿੰਨ ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 117 ਵਿੱਚੋਂ 92 ਸੀਟਾਂ ਜਿੱਤੀਆਂ ਸਨ। ਸੰਗਰੂਰ ਲੋਕ ਸਭਾ ਸੀਟ ਤੋਂ ਵੀ 'ਆਪ' ਨੇ 9 ਸੀਟਾਂ ਜਿੱਤੀਆਂ ਹਨ। ਸੀਐਮ ਭਗਵੰਤ ਮਾਨ ਤੋਂ ਇਲਾਵਾ ਦੋ ਮੰਤਰੀ ਹਰਪਾਲ ਚੀਮਾ ਅਤੇ ਮੀਤ ਹੇਅਰ ਵੀ ਇੱਥੋਂ ਜਿੱਤੇ ਹਨ।
ਸਰਕਾਰ ਬਣਦਿਆਂ ਹੀ ‘ਆਪ’ ਨੇ ਭ੍ਰਿਸ਼ਟਾਚਾਰ ਨੂੰ ਸਭ ਤੋਂ ਵੱਡਾ ਮੁੱਦਾ ਬਣਾ ਲਿਆ ਤੇ ਆਪਣੇ ਇੱਕ ਮੰਤਰੀ ਦੇ ਖਿਲਾਫ ਕਾਰਵਾਈ ਵੀ ਕਰ ਦਿੱਤੀ। ਹਾਲਾਂਕਿ ਸੰਗਰੂਰ ਜ਼ਿਮਨੀ ਚੋਣ 'ਚ 'ਆਪ' ਉਮੀਦਵਾਰ ਗੁਰਮੇਲ ਸਿੰਘ ਹਾਰ ਗਏ ਸਨ। ਇਹ ਹਾਰ ਇਸ ਲਈ ਵੀ ਅਹਿਮ ਸੀ ਕਿਉਂਕਿ ਉਹ ਪੰਜਾਬ ਦੀ ਸਿਆਸਤ ਵਿੱਚ ਸਿਰਫ਼ ਰਸਮੀ ਤੌਰ ’ਤੇ ਚੋਣ ਲੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਮਾਨ ਤੋਂ ਹਾਰ ਗਏ ਸਨ।