ਹੁਣ ਡੇਢ ਨਹੀਂ ਇੱਕ ਸਾਲ 'ਚ ਹੋਵੇਗੀ ਪਟਵਾਰੀਆਂ ਦੀ ਟ੍ਰੇਨਿੰਗ, ਸੀਐਮ ਮਾਨ ਨੇ ਕੀਤਾ ਐਲਾਨ, 700 ਹੋਰ ਭਰਤੀਆਂ ਨੂੰ ਮਨਜ਼ੂਰੀ
Patwari Bharti: ਸੀਐੱਮ ਭਗਵੰਤ ਮਾਨ ਵੱਲੋਂ ਅੱਜ ਚੰਡੀਗੜ੍ਹ 'ਚ ਇੱਕ ਪ੍ਰੋਗਰਾਮ ਦੌਰਾਨ 855 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ
Patwari Bharti: ਸੀਐੱਮ ਭਗਵੰਤ ਮਾਨ ਵੱਲੋਂ ਅੱਜ ਚੰਡੀਗੜ੍ਹ 'ਚ ਇੱਕ ਪ੍ਰੋਗਰਾਮ ਦੌਰਾਨ 855 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਜਿੱਥੇ ਉਹਨਾਂ ਕਿਹਾ ਕਿ ਹੁਣ ਇਹਨਾਂ ਪਟਵਾਰੀਆਂ ਦੀ ਟ੍ਰੇਨਿੰਗ ਦਾ ਸਮਾਂ ਡੇਢ ਸਾਲ ਦਾ ਨਹੀਂ ਸਗੋਂ ਇੱਕ ਸਾਲ ਹੀ ਹੋਵੇਗਾ ਅਤੇ ਨਾਲ ਹੀ ਉਹਨਾਂ ਵੱਲੋਂ 700 ਹੋਰ ਪਟਵਾਰੀਆਂ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਸੀਐਮ ਭਗਵੰਤ ਮਾਨ ਨੇ ਪਟਵਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਹੈ। ਮਾਨ ਨੇ ਕਿਹਾ ਕਿ ਪਟਵਾਰੀ ਨੂੰ ਨੌਕਰੀ ਮਿਲਣ ਤੋਂ ਬਾਅਦ ਧਰਤੀ 'ਤੇ ਰਹਿਣਾ ਚਾਹੀਦਾ ਹੈ। ਉਹਨਾਂ ਨੇ ਪਾਕਿਸਤਾਨੀ ਨਾਟਕ ਦੀ ਉਦਾਹਰਣ ਵੀ ਦਿੱਤੀ ਮਾਨ ਨੇ ਕਿਹਾ ਕਿ ਅਹੁਦਾ ਛੱਡਣ ਵੇਲੇ ਜੇਕਰ ਕੋਈ ਤੁਹਾਡੀ ਤਾਰੀਫ਼ ਕਰਦਾ ਹੈ ਤਾਂ ਸਮਝੋ ਕਿ ਤੁਸੀਂ ਸਹੀ ਕੀਤਾ ਹੈ।
ਮਿਊਂਸਿਪਲ ਭਵਨ ਵਿਖੇ ਨਵੇਂ ਭਰਤੀ ਹੋਏ 855 ਪਟਵਾਰੀਆਂ ਨੂੰ ਜ਼ਿਲ੍ਹਿਆਂ ਦੀ ਅਲਾਟਮੈਂਟ ਦੇ ਪੱਤਰ ਵੰਡਣ ਲਈ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਖਲਾਈ ਦਾ ਸਮਾਂ ਘਟਣ ਨਾਲ ਫੀਲਡ ਵਿੱਚ ਪਟਵਾਰੀਆਂ ਦੀ ਕਾਰਜਕੁਸ਼ਲਤਾ ਵਧੇਗੀ, ਜਿਸ ਨਾਲ ਆਮ ਆਦਮੀ ਨੂੰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰੇਕ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਸੁਚਾਰੂ ਕਰਨ ਲਈ ਵਚਨਬੱਧ ਹੈ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀ ਤਰੱਕੀ ਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਇਹ ਸਮੇਂ ਦੀ ਲੋੜ ਹੈ।
ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ ਤੇ ਸਮਰਪਣ ਕਾਰਨ ਹੀ ਉਹ ਇਸ ਚੋਣ ਵਿੱਚ ਸਫ਼ਲ ਹੋਏ ਹਨ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਕਰਨ ਵਾਲੇ ਨੌਜਵਾਨ ਇਸ ਅਹੁਦੇ ਦੇ ਹੱਕਦਾਰ ਸਨ ਕਿਉਂਕਿ ਉਹ ਬੇਹੱਦ ਮੁਕਾਬਲੇ ਤੋਂ ਬਾਅਦ ਮੈਰਿਟ ਵਿੱਚ ਆਏ ਹਨ। ਭਗਵੰਤ ਮਾਨ ਨੇ ਕਿਹਾ ਕਿ ਪਾਰਦਰਸ਼ੀ ਤਰੀਕੇ ਨਾਲ ਅਜਿਹੀਆਂ ਹੋਰ ਭਰਤੀਆਂ ਜਾਰੀ ਹਨ ਅਤੇ ਇਹ ਛੇਤੀ ਨੇਪਰੇ ਚੜ੍ਹਨਗੀਆਂ।
ਪਿਛਲੀਆਂ ਸਰਕਾਰਾਂ ਉਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਮੁੱਢਲੇ ਦਿਨਾਂ ਵਿੱਚ ਹੀ ਲੋਕਾਂ ਦੀ ਭਲਾਈ ਲਈ ਕਈ ਮਿਸਾਲੀ ਪਹਿਲਕਦਮੀਆਂ ਕੀਤੀਆਂ ਹਨ, ਜਦੋਂ ਕਿ ਪਿਛਲੀਆਂ ਸਰਕਾਰਾਂ ਆਪਣੇ ਕਾਰਜਕਾਲ ਦੇ ਅੰਤ ਵਿੱਚ ਅਜਿਹੇ ਕੰਮ ਕਰਦੀਆਂ ਸਨ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਆਪਣੇ ਕੁੱਝ ਦਿਨਾਂ ਵਿੱਚ ਹੀ ਇੰਨੇ ਕੰਮ ਕੀਤੇ ਹਨ, ਜਿੰਨੇ ਪਿਛਲੇ 75 ਸਾਲਾਂ ਵਿੱਚ ਨਹੀਂ ਹੋਏ। ਭਗਵੰਤ ਮਾਨ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਨਦੇਹੀ ਤੇ ਮਿਸ਼ਨਰੀ ਉਤਸ਼ਾਹ ਨਾਲ ਆਪਣਾ ਕੰਮ ਜਾਰੀ ਰੱਖਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ-ਪੱਖੀ ਤੇ ਤਰੱਕੀ ਯਾਫਤਾ ਨੀਤੀਆਂ ਨਾਲ ਲੋਕ ਉਤਸ਼ਾਹਤ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਉਤਸ਼ਾਹ ਨਾਲ ਨਿਭਾਉਣਗੇ। ਉਨ੍ਹਾਂ ਕਿਹਾ, “ਸਾਡੀ ਸਰਕਾਰ ਦੇ ਗਠਨ ਤੋਂ ਹੀ ਪੰਜਾਬ ਦੇ ਲੋਕ ਬੇਹੱਦ ਖ਼ੁਸ਼ ਹਨ ਕਿਉਂਕਿ ਹਰ ਰੋਜ਼ ਯੋਗ ਵਿਅਕਤੀਆਂ ਨੂੰ ਨੌਕਰੀਆਂ ਦੇ ਮੌਕੇ ਮਿਲ ਰਹੇ ਹਨ ਅਤੇ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ।”
ਆਪਣੇ ਸੰਬੋਧਨ ਵਿੱਚ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਨਵ-ਨਿਯੁਕਤ ਪਟਵਾਰੀਆਂ ਨੂੰ ਉਨ੍ਹਾਂ ਦੀ ਵਿਭਾਗ ਵਿੱਚ ਨਿਯੁਕਤੀ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਵਿਭਾਗ ਵਿੱਚ ਕਈ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ।