(Source: ECI/ABP News)
ਟਰਾਂਸਪੋਰਟ ਮੰਤਰੀ ਵੱਲੋਂ ਸੜਕ ਹਾਦਸਿਆਂ 'ਚ ਮੌਤ ਦਰ ਘਟਾਉਣ ਲਈ ਵੱਧ ਹਾਦਸੇ ਵਾਲੀਆਂ ਥਾਵਾਂ ਛੇਤੀ ਦਰੁਸਤ ਕਰਨ ਦੀ ਹਦਾਇਤ
ਲਾਲਜੀਤ ਸਿੰਘ ਭੁੱਲਰ ਵੱਲੋਂ ਸੜਕ ਨਾਲ ਸਬੰਧਤ ਵਿਭਾਗਾਂ ਅਤੇ ਏਜੰਸੀਆਂ ਨੂੰ ਨਿਰਦੇਸ਼ਸਕੱਤਰ ਟਰਾਂਸਪੋਰਟ ਨੂੰ ਕੰਮ ਛੇਤੀ ਪੂਰਾ ਕਰਨ ਲਈ ਸਮੂਹ ਵਿਭਾਗਾਂ ਨੂੰ ਪੱਤਰ ਲਿਖਣ ਲਈ ਕਿਹਾਫ਼ੇਜ਼-2 ਅਧੀਨ ਸ਼ਨਾਖ਼ਤ ਕੀਤੀਆਂ ਵੱਧ ਹਾਦਸਿਆਂ ਵਾਲੀਆਂ 407 ਨਵੀਆਂ ਥਾਵਾਂ 'ਤੇ ਤੁਰੰਤ ਕੰਮ ਸ਼ੁਰੂ ਕਰਨ ਦੇ ਨਿਰਦੇਸ਼
![ਟਰਾਂਸਪੋਰਟ ਮੰਤਰੀ ਵੱਲੋਂ ਸੜਕ ਹਾਦਸਿਆਂ 'ਚ ਮੌਤ ਦਰ ਘਟਾਉਣ ਲਈ ਵੱਧ ਹਾਦਸੇ ਵਾਲੀਆਂ ਥਾਵਾਂ ਛੇਤੀ ਦਰੁਸਤ ਕਰਨ ਦੀ ਹਦਾਇਤ Complete rectification work of all black spots to reduce mortality rate in road accidents: Laljit Singh Bhullar ਟਰਾਂਸਪੋਰਟ ਮੰਤਰੀ ਵੱਲੋਂ ਸੜਕ ਹਾਦਸਿਆਂ 'ਚ ਮੌਤ ਦਰ ਘਟਾਉਣ ਲਈ ਵੱਧ ਹਾਦਸੇ ਵਾਲੀਆਂ ਥਾਵਾਂ ਛੇਤੀ ਦਰੁਸਤ ਕਰਨ ਦੀ ਹਦਾਇਤ](https://feeds.abplive.com/onecms/images/uploaded-images/2022/05/25/a321c6a382b03056dea62bfb544e15d5_original.jpg?impolicy=abp_cdn&imwidth=1200&height=675)
Complete rectification work of all black spots to reduce mortality rate in road accidents: Laljit Singh Bhullar
ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੜਕਾਂ ਨਾਲ ਸਬੰਧਤ ਸਮੂਹ ਵਿਭਾਗਾਂ ਅਤੇ ਏਜੰਸੀਆਂ ਨੂੰ ਅੱਜ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਸੜਕੀ ਹਾਦਸਿਆਂ ਦੌਰਾਨ ਮੌਤ ਦਰ ਘਟਾਉਣ ਲਈ ਸਾਰੇ ਰਾਜ ਅਤੇ ਕੌਮੀ ਮਾਰਗਾਂ 'ਤੇ ਵੱਧ ਹਾਦਸਿਆਂ ਵਾਲੀਆਂ ਥਾਵਾਂ ਨੂੰ ਦਰੁਸਤ ਕਰਨ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇ।
ਸੂਬੇ 'ਚ ਪਹਿਲੇ ਪੜਾਅ ਦੌਰਾਨ ਸ਼ਨਾਖ਼ਤ ਕੀਤੀਆਂ ਗਈਆਂ ਵੱਧ ਹਾਦਸਿਆਂ ਵਾਲੀਆਂ ਥਾਵਾਂ ਨੂੰ ਦਰੁਸਤ ਕਰਨ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਵੱਧ ਹਾਦਸਿਆਂ ਵਾਲੀਆਂ ਥਾਵਾਂ ਦੀ ਮੁਰੰਮਤ ਸਬੰਧੀ 62 ਫ਼ੀਸਦੀ ਕਾਰਜ ਮੁਕੰਮਲ ਕੀਤਾ ਜਾ ਚੁੱਕਾ ਹੈ। ਕੁੱਲ 391 ਥਾਵਾਂ ਚੋਂ, ਦਰੁਸਤ ਕਰਨ ਤੋਂ ਰਹਿੰਦੀਆਂ 149 ਅਜਿਹੀਆਂ ਥਾਵਾਂ 'ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਟਰਾਂਸਪੋਰਟ ਵਿਭਾਗ ਦੇ ਸਕੱਤਰ ਵਿਕਾਸ ਗਰਗ ਨੂੰ ਕਿਹਾ ਕਿ ਉਹ ਇਸ ਕੰਮ ਨੂੰ ਛੇਤੀ ਮੁਕੰਮਲ ਕਰਨ ਲਈ ਸਬੰਧਤ ਸਾਰੇ ਵਿਭਾਗਾਂ ਅਤੇ ਏਜੰਸੀਆਂ ਨੂੰ ਪੱਤਰ ਲਿਖਣ।
ਮੰਤਰੀ ਨੇ ਦੱਸਿਆ ਕਿ ਪਹਿਲੇ ਪੜਾਅ ਅਧੀਨ ਪੰਜਾਬ ਦੇ 14 ਪੁਲਿਸ ਜ਼ਿਲ੍ਹਿਆਂ ਵਿੱਚ ਵੱਧ ਹਾਦਸਿਆਂ ਵਾਲੀਆਂ ਕੁੱਲ 391 ਥਾਵਾਂ ਦੀ ਸ਼ਨਾਖਤ ਕੀਤੀ ਗਈ ਸੀ, ਜਿਨ੍ਹਾਂ ਚੋਂ ਐਨਐਚਏਆਈ ਨਾਲ ਸਬੰਧਤ ਕੁੱਲ 267 ਥਾਵਾਂ ਚੋਂ 218 ਨੂੰ ਠੀਕ ਕਰਨ ਦਾ ਕੰਮ ਲਗਭਗ 600 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕਰ ਲਿਆ ਗਿਆ ਹੈ ਜਦਕਿ ਬਾਕੀ 49 ਥਾਵਾਂ ਨੂੰ ਠੀਕ ਕਰਨ ਦਾ ਕੰਮ ਪ੍ਰਗਤੀ ਅਧੀਨ ਹੈ। ਇਸੇ ਤਰ੍ਹਾਂ ਲੋਕ ਨਿਰਮਾਣ ਵਿਭਾਗ (ਭਵਨ ਤੇ ਸੜਕਾਂ) ਵੱਲੋਂ ਕੁੱਲ 84 ਥਾਵਾਂ ਵਿੱਚੋਂ 18 ਥਾਵਾਂ ਨੂੰ ਠੀਕ ਕੀਤਾ ਗਿਆ ਹੈ ਜਦਕਿ ਸਥਾਨਕ ਸਰਕਾਰਾਂ ਅਤੇ ਹੋਰ ਵਿਭਾਗਾਂ ਨੇ ਕੁੱਲ 54 ਥਾਵਾਂ ਵਿੱਚੋਂ 20 ਨੂੰ ਦਰੁਸਤ ਕਰ ਲਿਆ ਹੈ।
ਮੀਟਿੰਗ ਦੌਰਾਨ ਲਾਲਜੀਤ ਸਿੰਘ ਭੁੱਲਰ ਨੇ ਪਨਬੱਸ ਵੱਲੋਂ ਤਿਆਰ ਕੀਤੀ ਪੰਜਾਬ ਦੇ ਵੱਖ-ਵੱਖ ਮੁੱਖ ਮਾਰਗਾਂ/ਸੜਕਾਂ ਬਾਰੇ ਕਿਤਾਬ 'ਐਕਸੀਡੈਂਟ ਬਲੈਕ ਸਪਾਟ ਆਈਡੈਂਟੀਫਿਕੇਸ਼ਨ ਐਂਡ ਰੈਕਟੀਫੀਕੇਸ਼ਨ ਪ੍ਰੋਗਰਾਮ-2021, ਭਾਗ-2' ਰਿਲੀਜ਼ ਕੀਤੀ, ਜਿਸ ਵਿੱਚ ਦੂਜੇ ਪੜਾਅ ਅਧੀਨ ਦਰੁਸਤ ਕੀਤੀਆਂ ਜਾਣ ਵਾਲੀਆਂ ਪੰਜਾਬ ਦੇ 16 ਪੁਲਿਸ ਜ਼ਿਲ੍ਹਿਆਂ ਦੀਆਂ ਕੁੱਲ 407 ਵੱਧ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਸ ਕਿਤਾਬ ਵਿੱਚ ਸਬੰਧਤ ਪ੍ਰਸ਼ਾਸਕੀ ਜ਼ਿਲ੍ਹਿਆਂ ਦੀ ਜਾਣਕਾਰੀ ਸਮੇਤ ਅਜਿਹੀਆਂ ਥਾਵਾਂ ਨੂੰ ਦਰੁਸਤ ਕਰਨ ਸਬੰਧੀ ਵੀ ਸੁਝਾਅ ਦਿੱਤੇ ਗਏ ਹਨ।
ਟਰਾਂਸਪੋਰਟ ਮੰਤਰੀ ਭੁੱਲਰ ਨੇ ਅੱਗੇ ਦੱਸਿਆ ਕਿ ਐਨ.ਐਚ.ਏ.ਆਈ. ਨੇ ਦੂਜੇ ਪੜਾਅ ਅਧੀਨ ਪੰਜਾਬ ਸਰਕਾਰ ਵੱਲੋਂ ਸ਼ਨਾਖ਼ਤ ਕਰਕੇ ਭੇਜੀਆਂ 291 ਵੱਧ ਹਾਦਸਿਆਂ ਵਾਲੀਆਂ ਥਾਵਾਂ ਨੂੰ ਪ੍ਰਵਾਨ ਕਰ ਲਿਆ ਹੈ, ਜਿਸ ਨਾਲ ਸੜਕ ਹਾਦਸਿਆਂ ਵਿੱਚ ਮੌਤ ਦਰ ਨੂੰ ਘਟਾਉਣ ਲਈ ਇਨ੍ਹਾਂ ਥਾਵਾਂ ਨੂੰ ਛੇਤੀ ਠੀਕ ਕਰਨ ਦਾ ਰਾਹ ਪੱਧਰਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕੌਮੀ ਰਾਜ ਮਾਰਗਾਂ 'ਤੇ ਪੈਂਦੀਆਂ 292 ਵੱਧ ਹਾਦਸਿਆਂ ਵਾਲੀਆਂ ਥਾਵਾਂ ਦੀ ਮੁਕੰਮਲ ਸੂਚੀ ਕੇਂਦਰੀ ਆਵਾਜਾਈ ਅਤੇ ਕੌਮੀ ਰਾਜਮਾਰਗ ਮੰਤਰਾਲੇ ਦੇ ਟ੍ਰੈਫਿਕ ਰਿਸਰਚ ਵਿੰਗ ਨੂੰ ਸੌਂਪੀ ਗਈ ਹੈ।
ਮੰਤਰੀ ਨੇ ਦੱਸਿਆ ਕਿ ਸੇਫ਼ ਸੁਸਾਇਟੀ ਵੱਲੋਂ ਸੌਂਪੀ ਗਈ ਰਿਪੋਰਟ ਅਨੁਸਾਰ 407 ਵੱਧ ਹਾਦਸਿਆਂ ਵਾਲੀਆਂ ਥਾਵਾਂ ਵਿੱਚੋਂ 292 ਥਾਵਾਂ ਕੌਮੀ ਰਾਜਮਾਗਰਾਂ 'ਤੇ ਹਨ, 96 ਥਾਵਾਂ ਸਟੇਟ ਹਾਈਵੇਜ਼/ਓ.ਡੀ.ਆਰ/ਐਮ.ਡੀ.ਆਰ 'ਤੇ ਮੌਜੂਦ ਹਨ, 9 ਥਾਵਾਂ ਪਿੰਡਾਂ ਦੀਆਂ ਸੜਕਾਂ 'ਤੇ ਹਨ ਅਤੇ ਵੱਧ ਹਾਦਸਿਆਂ ਵਾਲੀਆਂ 10 ਥਾਵਾਂ ਮਿਊਂਸੀਪਲ ਸੜਕਾਂ 'ਤੇ ਮੌਜੂਦ ਹਨ।
ਮੰਤਰੀ ਨੇ ਦੱਸਿਆ ਕਿ ਕੌਮੀ ਰਾਜਮਾਰਗ 'ਤੇ ਵੱਧ ਹਾਦਸਿਆਂ ਵਾਲੀ ਸੜਕੀ ਥਾਂ ਲਗਭਗ 500 ਮੀਟਰ ਲੰਬਾਈ ਵਾਲੀ ਉਹ ਸੜਕ ਹੁੰਦੀ ਹੈ, ਜਿਥੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਅਨੁਸਾਰ ਪਿਛਲੇ ਤਿੰਨ ਸਾਲਾਂ ਦੌਰਾਨ ਜਾਂ ਤਾਂ 5 ਸੜਕ ਹਾਦਸੇ (ਮੌਤਾਂ/ਗੰਭੀਰ ਸੱਟਾਂ ਵਾਲੇ) ਹੋਏ ਹੋਣ ਜਾਂ 10 ਮੌਤਾਂ ਹੋਈਆਂ ਹੋਣ। ਉਨ੍ਹਾਂ ਕਿਹਾ ਕਿ ਇਸ ਪਰਿਭਾਸ਼ਾ ਨੂੰ ਅਪਣਾਉਂਦਿਆਂ ਸੂਬੇ ਵਿੱਚ ਸਾਰੇ ਕੌਮੀ ਰਾਜ ਮਾਰਗਾਂ ਨੂੰ ਕਵਰ ਕੀਤਾ ਗਿਆ ਹੈ ਅਤੇ ਪੰਜਾਬ ਵਿੱਚ ਵੱਧ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਤੇ ਸੁਧਾਰ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਕੰਮ ਪੰਜਾਬ ਪੁਲਿਸ, ਟਰਾਂਸਪੋਰਟ ਵਿਭਾਗ ਅਤੇ ਸੇਫ਼ ਪੰਜਾਬ ਪ੍ਰੋਗਰਾਮ ਨੂੰ ਸਾਂਝੇ ਤੌਰ 'ਤੇ ਸੌਂਪਿਆ ਗਿਆ ਹੈ।
ਐਨ.ਐਚ.ਏ.ਆਈ. ਅਤੇ ਸੜਕਾਂ ਨਾਲ ਸਬੰਧਤ ਹੋਰਨਾਂ ਵਿਭਾਗਾਂ ਜਿਵੇਂ ਲੋਕ ਨਿਰਮਾਣ ਵਿਭਾਗ (ਭਵਨ ਤੇ ਸੜਕਾਂ), ਸਥਾਨਕ ਸਰਕਾਰਾਂ ਅਤੇ ਪੰਜਾਬ ਮੰਡੀ ਬੋਰਡ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਦੂਜੇ ਪੜਾਅ ਅਧੀਨ ਸ਼ਨਾਖ਼ਤ ਕੀਤੀਆਂ ਗਈਆਂ ਵੱਧ ਹਾਦਸਿਆਂ ਵਾਲੀਆਂ ਥਾਵਾਂ ਨੂੰ ਛੇਤੀ ਤੋਂ ਛੇਤੀ ਦਰੁਸਤ ਕਰਨ ਦੀ ਅਪੀਲ ਕੀਤੀ ਕਿਉਂ ਜੋ 65 ਫ਼ੀਸਦੀ ਤੋਂ ਵੱਧ ਸੜਕ ਹਾਦਸੇ ਅਤੇ ਮੌਤਾਂ ਸੂਬਾਈ ਅਤੇ ਕੌਮੀ ਮਾਰਗਾਂ ‘ਤੇ ਹੁੰਦੀਆਂ ਹਨ।
ਇਹ ਵੀ ਪੜ੍ਹੋ: Yasin Malik: ਅੱਤਵਾਦੀ ਫੰਡਿੰਗ ਮਾਮਲੇ 'ਚ ਯਾਸੀਨ ਮਲਿਕ ਨੂੰ ਉਮਰ ਕੈਦ, NIA ਅਦਾਲਤ ਨੇ ਸੁਣਾਈ ਸਜ਼ਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)