ਕਾਂਗਰਸ ਬੇਅਦਬੀ ਰਿਪੋਰਟ 'ਤੇ ਦੇਰ ਰਾਤ ਤੱਕ ਬਹਿਸ ਲਈ ਤਿਆਰ

ਚੰਡੀਗੜ੍ਹ: ਬੇਅਦਬੀ ਕਾਂਡ ਦੀ ਰਿਪੋਰਟ ਤੇ ਬਹਿਸ ਕਰਨ ਲਈ ਕਾਂਗਰਸ ਦੇਰ ਰਾਤ ਤੱਕ ਵੀ ਵਿਧਾਨ ਸਭਾ ਫਲੋਰ 'ਤੇ ਮੌਜੂਦ ਰਹੇਗੀ। ਇਹ ਕਹਿਣਾ ਹੈ ਕਾਂਗਰਸ ਨੇਤਾ ਵਿਜੇਇੰਦਰ ਸਿੰਗਲਾ ਦਾ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਨੂੰ ਅਸੈਂਬਲੀ 'ਚ ਵਾਪਸ ਆਉਣ ਦੀ ਗੁਜ਼ਾਰਸ਼ ਕੀਤੀ।
ਦਰਅਸਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਸ਼ੁਰੂ ਹੁੰਦਿਆਂ ਹੀ ਅਕਾਲੀ ਦਲ ਨੇ ਵਾਕਆਊਟ ਕਰਕੇ ਗੈਲਰੀ ਵਿੱਚ ਆਪਣਾ ਵੱਖ ਤੋਂ ਸੈਸ਼ਨ ਲਾ ਲਿਆ ਸੀ। ਵਿਜੇਇੰਦਰ ਸਿੰਗਲਾ ਨੇ ਕਿਹਾ ਜੇਕਰ ਅਕਾਲੀ ਦਲ ਨੂੰ ਕੋਈ ਸ਼ੱਕ ਹੈ ਤਾਂ ਫਲੋਰ 'ਤੇ ਆ ਕੇ ਬਹਿਸ ਕਰਨ।
ਸਿੰਗਲਾ ਨੇ ਕਿਹਾ ਕਿ ਜੇਕਰ ਦੇਰ ਰਾਤ ਤੱਕ ਵੀ ਕਾਂਗਰਸ ਨੂੰ ਬੈਠਣਾ ਪਿਆ ਤਾਂ ਕਾਂਗਰਸ ਅੱਜ ਰਿਪੋਰਟ 'ਤੇ ਬਹਿਸ ਖ਼ਤਮ ਕਰਕੇ ਹੀ ਉੱਠੇਗੀ। ਸਪੀਕਰ ਨੇ ਵੀ ਵਿਧਾਨ ਸਭਾ ਵਿੱਚ ਇਹ ਅਨਾਊਂਸਮੈਂਟ ਕੀਤੀ ਕਿ ਰਿਪੋਰਟ ਦੀ ਬਹਿਸ ਖਤਮ ਹੋਣ 'ਤੇ ਚਾਹੇ ਦੇਰ ਰਾਤ ਹੋ ਜਾਵੇ ਪਰ ਸਭ ਨੂੰ ਮੌਕਾ ਬਰਾਬਰ ਦਾ ਦਿੱਤਾ ਜਾਵੇਗਾ।
ਸਿੰਗਲਾ ਨੇ ਕਿਹਾ ਕਿ ਅਕਾਲੀ ਦਲ ਦਾ ਵਾਕਆਊਟ ਇੱਕ ਕਨਫੈਸ਼ਨ ਹੈ ਕਿ ਪੰਜਾਬ ਵਿੱਚ ਹੋਏ ਬੇਅਦਬੀ ਮਾਮਲਿਆਂ ਵਿੱਚ ਅਕਾਲੀ ਦਲ ਜ਼ਿੰਮੇਵਾਰ ਹੈ।




















