ਕੈਨੇਡਾ ’ਚ ਰਚੀ ਸੀ ਫ਼ਰੀਦਕੋਟ ਦੇ ਕਾਂਗਰਸੀ ਲੀਡਰ ਦੇ ਕਤਲ ਦੀ ਸਾਜ਼ਿਸ਼, ਦਿੱਲੀ 'ਚ ਗ੍ਰਿਫ਼ਤਾਰ ਤਿੰਨ ਮੁਲਜ਼ਮਾਂ ਵੱਲੋਂ ਖੁਲਾਸਾ
ਪੰਜਾਬ ਦੇ ਫ਼ਰੀਦਕੋਟ ’ਚ ਯੂਥ ਕਾਂਗਰਸੀ ਲੀਡਰ ਗੁਰਲਾਲ ਸਿੰਘ ਦੇ ਕਤਲ ਦੇ ਤਿੰਨ ਕਥਿਤ ਦੋਸ਼ੀਆਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਤੋਂ ਕਾਬੂ ਕੀਤਾ ਗਿਆ। ਗੁਰਲਾਲ ਸਿੰਘ ਭੁੱਲਰ ਦਾ ਕਤਲ 18 ਫ਼ਰਵਰੀ ਨੂੰ ਫ਼ਰੀਦਕੋਟ ’ਚ ਹੋਇਆ ਸੀ ਤੇ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮ ਗੁਰਵਿੰਦਰ ਪਾਲ, ਸੁਖਵਿੰਦਰ ਸਿੰਘ ਤੇ ਸੌਰਭ ਵਰਮਾ ਵੀ ਫ਼ਰੀਦਕੋਟ ਦੇ ਹੀ ਨਿਵਾਸੀ ਹਨ।
ਨਵੀਂ ਦਿੱਲੀ: ਪੰਜਾਬ ਦੇ ਫ਼ਰੀਦਕੋਟ ’ਚ ਯੂਥ ਕਾਂਗਰਸੀ ਲੀਡਰ ਗੁਰਲਾਲ ਸਿੰਘ ਦੇ ਕਤਲ ਦੇ ਤਿੰਨ ਕਥਿਤ ਦੋਸ਼ੀਆਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਤੋਂ ਕਾਬੂ ਕੀਤਾ ਗਿਆ। ਗੁਰਲਾਲ ਸਿੰਘ ਭੁੱਲਰ ਦਾ ਕਤਲ 18 ਫ਼ਰਵਰੀ ਨੂੰ ਫ਼ਰੀਦਕੋਟ ’ਚ ਹੋਇਆ ਸੀ ਤੇ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮ ਗੁਰਵਿੰਦਰ ਪਾਲ, ਸੁਖਵਿੰਦਰ ਸਿੰਘ ਤੇ ਸੌਰਭ ਵਰਮਾ ਵੀ ਫ਼ਰੀਦਕੋਟ ਦੇ ਹੀ ਨਿਵਾਸੀ ਹਨ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕੈਨੇਡਾ ’ਚ ਰਹਿਣ ਵਾਲੇ ਇੱਕ ਅਪਰਾਧੀ ਗੋਲਡੀ ਬਰਾੜ ਨੇ ਕਤਲ ਦੀ ਸਾਜ਼ਿਸ਼ ਰਚੀ ਸੀ, ਜੋ ਇੱਕ ਹੋਰ ਹਿਸਟਰੀ ਸ਼ੀਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ। ਲਾਰੈਂਸ ਬਿਸ਼ਨੋਈ ਹਾਲੇ ਅਜਮੇਰ ਦੀ ਜੇਲ੍ਹ ’ਚ ਬੰਦ ਹੈ। ਪੁਲਿਸ ਅਨੁਸਾਰ ਹਾਲੇ ਦੋ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਹੈ। ਉਨ੍ਹਾਂ ਦੀ ਭਾਲ ਜਾਰੀ ਹੈ।
ਦਿੱਲੀ ਪੁਲਿਸ ਮੁਤਾਬਕ ਸਪੈਸ਼ਲ ਸੈੱਲ ਨੂੰ ਇਹ ਸੂਹ ਮਿਲੀ ਸੀ ਕਿ ਪੰਜਾਬ ਦੇ ਯੂਥ ਕਾਂਗਰਸ ਦੇ ਆਗੂ ਗੁਰਲਾਲ ਸਿੰਘ ਦੇ ਕਤਲ ਕਾਂਡ ਵਿੱਚ ਸ਼ਾਮਲ ਤਿੰਨੇ ਮੁਲਜ਼ਮ ਸਰਾਏ ਕਾਲੇ ਖ਼ਾਨ ਇਲਾਕੇ ’ਚ ਮੌਜੂਦ ਹਨ। ਪੁਲਿਸ ਨੇ ਉੱਥੇ ਛਾਪੇ ਮਾਰ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੇ ਹੀ ਦੱਸਿਆ ਕਿ ਇਸ ਕਤਲ ਦੀ ਸਾਜ਼ਿਸ਼ ਕੈਨੇਡਾ ’ਚ ਰਚੀ ਗਈ ਸੀ।
ਪੁਲਿਸ ਅਨੁਸਾਰ ਇਸ ਹੱਤਿਆ ਕਾਂਡ ਦੇ ਤਾਰ ਅਕਤੂਬਰ 2020 ’ਚ ਹੋਈ ਇੱਕ ਗੈਂਗਵਾਰ ਨਾਲ ਜੁੜੇ ਹੋਏ ਹਨ। ਤਦ ਪੰਜਾਬ ਯੂਨੀਵਰਸਿਟੀ ਦੇ ਇੱਕ ਆਗੂ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਕੈਨੇਡਾ ’ਚ ਰਹਿੰਦੇ ਅਪਰਾਧੀ ਬਰਾੜ ਦਾ ਰਿਸ਼ਤੇਦਾਰ ਸੀ।
ਪੁਲਿਸ ਦਾ ਦਾਅਵਾ ਹੈ ਕਿ ਗੈਂਗਵਾਰ ਦੇ ਚੱਲਦਿਆਂ ਹੀ ਇਹ ਕਤਲ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਉੱਤੇ ਯੂਥ ਕਾਂਗਰਸੀ ਆਗੂ ਨੇ ਲਿਖਿਆ ਸੀ ਕਿ ਉਹ ਕਿਸਾਨ ਅੰਦੋਲਨ ’ਚ ਭਾਗ ਲੈਣ ਲਈ ਦਿੱਲੀ ਵੱਲ ਜਾ ਰਿਹਾ ਹੈ। ਕਾਤਲਾਂ ਨੇ ਗੁਰਲਾਲ ਸਿੰਘ ਦਾ ਕਤਲ ਕਰਨ ਲਈ 12 ਗੋਲੀਆਂ ਚਲਾਈਆਂ ਸਨ।