ਪੰਜਾਬ 'ਚ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਵਧੀ, ਸਸਕਾਰ ਲਈ ਕਰਨਾ ਪੈ ਰਿਹਾ ਇੰਤਜ਼ਾਰ
ਕੋਰੋਨਾ ਦੀ ਦੂਜੀ ਲਹਿਰ ਬੇਹੱਦ ਘਾਤਕ ਤੇ ਖ਼ਤਰਨਾਕ ਸਾਬਤ ਹੋ ਰਹੀ ਹੈ। ਪੰਜਾਬ ਵਿੱਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ।
ਚੰਡੀਗੜ੍ਹ: ਕੋਰੋਨਾ ਦੀ ਦੂਜੀ ਲਹਿਰ ਬੇਹੱਦ ਘਾਤਕ ਤੇ ਖ਼ਤਰਨਾਕ ਸਾਬਤ ਹੋ ਰਹੀ ਹੈ। ਪੰਜਾਬ ਵਿੱਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਮੌਤ ਦੀ ਦਰ ਇੰਨੀ ਕੁ ਵੱਧ ਗਈ ਹੈ ਕਿ ਹੁਣ ਸਸਕਾਰ ਕਰਨ ਲਈ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਮੁਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਤੋਂ ਕੁਝ ਅਜਿਹੀਆਂ ਹੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਲਾਕੇ ਦੇ ਵਸਨੀਕ ਅਜਮੇਰ ਸਿੰਘ ਨੇ ਦੱਸਿਆ, "ਬਲੌਂਗੀ ਸ਼ਮਸ਼ਾਨ ਘਾਟ ਵਿੱਚ ਵੱਧ ਤੋਂ ਵੱਧ 8 ਕੋਰੋਨਾ ਮ੍ਰਿਤਕਾਂ ਦਾ ਸਸਕਾਰ ਕੀਤਾ ਜਾ ਸਕਦਾ ਹੈ ਪਰ ਮੌਤਾਂ ਦੀ ਗਿਣਤੀ ਇੰਨੀ ਵਧ ਹੈ ਕਿ ਕਈ ਮ੍ਰਿਤਕਾਂ ਦਾ ਸਸਕਾਰ ਅਗਲੇ ਦਿਨ ਕੀਤਾ ਜਾਂਦਾ ਹੈ।
ਮੰਗਲਵਾਰ ਦੁਪਹਿਰ 3 ਵਜੇ ਕੋਰੋਨਾਵਾਇਰਸ ਨਾਲ ਮਰਨ ਵਾਲੀ ਇੱਕ ਔਰਤ ਦੀ ਲਾਸ਼ ਨੂੰ ਸਸਕਾਰ ਲਈ ਲਿਆਂਦਾ ਗਿਆl ਔਰਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦੀ ਮੌਤ ਸੋਮਵਾਰ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਹੋਈ ਸੀl ਅਜਮੇਰ ਸਿੰਘ ਮੁਤਾਬਕ ਸ਼ਮਸ਼ਾਨ ਘਾਟ 'ਚ ਸਸਕਾਰ ਲਈ ਜਗ੍ਹਾ ਨਹੀਂ ਸੀ ਇਸ ਕਰਕੇ ਔਰਤ ਦੇ ਪਰਿਵਾਰ ਨੂੰ ਮੰਗਲਵਾਰ ਤਿੰਨ ਵਜੇ ਦਾ ਟਾਈਮ ਦਿੱਤਾ ਗਿਆl
ਇਸੇ ਤਰ੍ਹਾਂ ਹਿਮਾਚਲ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਮੌਤ ਕੋਰੋਨਾ ਕਾਰਨ ਮੰਗਲਵਾਰ ਸਵੇਰ ਛੇ ਵਜੇ ਹੋਈ ਸੀl ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੇ ਬਲੌਂਗੀ ਸ਼ਮਸ਼ਾਨ ਘਾਟ ਸਸਕਾਰ ਵਾਸਤੇ ਪਤਾ ਕੀਤਾ ਤਾਂ ਉਥੇ ਉਨ੍ਹਾਂ ਨੂੰ ਬੁਧਵਾਰ ਸਵੇਰ 9 ਵਜੇ ਦਾ ਟਾਈਮ ਦਿੱਤਾ ਗਿਆ। ਇਸ ਕਰਕੇ ਉਹ ਲਾਸ਼ ਨੂੰ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਸਸਕਾਰ ਵਾਸਤੇ ਲੈ ਗਏl
ਉਨ੍ਹਾਂ ਨੇ ਕਿਹਾ, "ਸਰਕਾਰ ਨੂੰ ਘੱਟੋ-ਘੱਟ ਇਸ ਗੱਲ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਕਿ ਕਰੋਨਾ ਵਾਈਰਸ ਨਾਲ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਸਸਕਾਰ ਵਾਸਤੇ ਇੰਤਜ਼ਾਰ ਨਾ ਕਰਨਾ ਪਵੇ ਕਿਉਂਕਿ ਉਹ ਪਹਿਲਾਂ ਹੀ ਸਦਮੇ ਵਿੱਚ ਹੁੰਦੇ ਹਨ ਤੇ ਸਸਕਾਰ ਵਾਸਤੇ ਇੰਤਜ਼ਾਰ ਕਰਨਾ ਉਨ੍ਹਾਂ ਦੇ ਦੁੱਖ ਨੂੰ ਹੋਰ ਵਧਾਉਂਦਾ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ