ਕੋਰੋਨਾ ਪਾਜ਼ੇਟਿਵ ਪਰ ਰਿਪੋਰਟਾਂ ਨੈਗੇਟਿਵ, ਫ਼ੌਜ ਦੀ ਭਰਤੀ 'ਚ ਨਵਾਂ 'ਘਪਲਾ' ਆਇਆ ਸਾਹਮਣੇ
ਫ਼ੌਜ ਦੀ ਭਰਤੀ ਚੱਲ ਰਹੀ ਹੈ ਅਤੇ ਚਾਹਵਾਨ ਨੌਜਵਾਨਾਂ ਦਾ ਭਰਤੀ ਵਿੱਚ ਸ਼ਾਮਲ ਹੋਣ ਲਈ ਕਰੋਨਾ ਨੈਗੇਟਿਵ ਹੋਣਾ ਲਾਜ਼ਮੀ ਹੈ। ਪਰ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਕੁਝ ਅਜਿਹਾ ਵਾਪਰਿਆ ਹੈ, ਜਿਸ ਨਾਲ ਸਿਹਤ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲ ਤਾਂ ਉੱਠਦਾ ਹੀ ਹੈ ਬਲਕਿ ਘਪਲੇ ਦੀ ਵੀ ਬੋਅ ਆ ਰਹੀ ਹੈ।
ਫ਼ਿਰੋਜ਼ਪੁਰ: ਭਾਰਤੀ ਫ਼ੌਜ ਦੀ ਭਰਤੀ ਵਿੱਚ ਕੋਰੋਨਾ ਰਿਪੋਰਟਾਂ ਨੂੰ ਜਾਅਲੀ ਤਰੀਕੇ ਨਾਲ ਨੈਗੇਟਿਵ ਦਿਖਾਉਣ ਦਾ ਕਥਿਤ ਘਪਲਾ ਸਾਹਮਣੇ ਆਇਆ ਹੈ। ਜਦ ਉਕਤ ਨੌਜਵਾਨਾਂ ਦੇ ਨਮੂਨੇ ਫ਼ਿਰੋਜ਼ਪੁਰ ਮੈਡੀਕਲ ਕਾਲਜ ਵੱਲੋਂ ਜਾਂਚੇ ਗਏ ਤਾਂ ਉਹ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ।
ਇੰਨ੍ਹੀਂ ਦਿਨੀ ਫ਼ੌਜ ਦੀ ਭਰਤੀ ਚੱਲ ਰਹੀ ਹੈ ਅਤੇ ਚਾਹਵਾਨ ਨੌਜਵਾਨਾਂ ਦਾ ਭਰਤੀ ਵਿੱਚ ਸ਼ਾਮਲ ਹੋਣ ਲਈ ਕੋਰੋਨਾ ਨੈਗੇਟਿਵ ਹੋਣਾ ਲਾਜ਼ਮੀ ਹੈ। ਪਰ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਕੁਝ ਅਜਿਹਾ ਵਾਪਰਿਆ ਹੈ, ਜਿਸ ਨਾਲ ਸਿਹਤ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲ ਤਾਂ ਉੱਠਦਾ ਹੀ ਹੈ ਬਲਕਿ ਘਪਲੇ ਦੀ ਵੀ ਬੋਅ ਆ ਰਹੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਕਰਮੂ ਵਾਲਾ ਅਤੇ ਜਵਾਹਰ ਸਿੰਘ ਵਾਲਾ ਪਿੰਡਾਂ ਦੇ ਦੋ ਨੌਜਵਾਨਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਦੋਵਾਂ ਕੋਲ ਕੋਰੋਨਾ ਨੈਗੇਟਿਵ ਹੋਣ ਦਾ ਸਰਟੀਫਿਕੇਟ ਵੀ ਮੌਜੂਦ ਸੀ। ਦੋਵਾਂ ਨੇ ਮੁੱਦਕੀ ਸਿਹਤ ਕੇਂਦਰ ਤੋਂ ਆਪਣਾ ਕਰੋਨਾ ਟੈਸਟ ਕਰਵਾਇਆ ਸੀ, ਪਰ ਜਦ ਉਨ੍ਹਾਂ ਦੇ ਨਮੂਨਿਆਂ ਦੀ ਜਾਂਚ ਫ਼ਿਰੋਜ਼ਪੁਰ ਮੈਡੀਕਲ ਕਾਲਜ ਵੱਲੋਂ ਕੀਤੀ ਗਈ ਤਾਂ ਦੋਵੇਂ ਪਾਜ਼ੇਟਿਵ ਪਾਏ ਗਏ। ਇਸ ਤਰ੍ਹਾਂ ਹੋਰ ਵੀ ਕਈ ਨੌਜਵਾਨਾਂ ਦੀ ਰਿਪੋਰਟ 'ਧੱਕੇ' ਨਾਲ ਨੈਗੇਟਿਵ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ ਕਿਉਂਕਿ ਮੈਡੀਕਲ ਕਾਲਜ ਵਿੱਚ ਕਈਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਖ਼ਦਸ਼ਾ ਹੈ ਕਿ ਉਕਤ ਨੌਜਵਾਨਾਂ ਤੋਂ ਪਤਾ ਨਹੀਂ ਕਿੰਨੇ ਹੋਰ ਜਣਿਆਂ ਨੂੰ ਕਰੋਨਾ ਲਾਗ ਲੱਗੀ ਹੋਵੇਗੀ। ਅਜਿਹੇ ਵਿੱਚ ਖ਼ਬਰ ਬਾਹਰ ਆਉਂਦੇ ਹੀ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੁੱਦਕੀ ਸਿਹਤ ਕੇਂਦਰ ਵਿੱਚ ਹੰਗਾਮਾ ਹੋਣ ਲੱਗਾ ਤਾਂ ਪੁਲਿਸ ਨੇ ਹਾਲਾਤ ਕਾਬੂ ਕੀਤੇ। ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸੀਨੀਅਰ ਮੈਡੀਕਲ ਅਫ਼ਸਰ ਵਨੀਤਾ ਭੁੱਲਰ ਨੇ ਆਪਣਾ ਬਚਾਅ ਕਰਦਿਆਂ ਆਖਿਆ ਕਿ ਉਕਤ ਕੋਰੋਨਾ ਨੈਗੇਟਿਵ ਸਰਟੀਫਿਕੇਟ ਨੌਜਵਾਨਾਂ ਨੇ ਕਿਸੇ ਕੰਪਿਊਟਰ ਕੈਫੇ ਤੋਂ ਜਾਂ ਆਪੇ ਫਰਜ਼ੀ ਤਰੀਕੇ ਨਾਲ ਤਿਆਰ ਕੀਤੇ ਹਨ।
ਦਿਲਚਸਪ ਗੱਲ ਹੈ ਕਿ ਨੌਜਵਾਨਾਂ ਦੇ ਕੋਰੋਨਾ ਨੈਗੇਟਿਵ ਸਰਟੀਫਿਕੇਟ ਉੱਪਰ ਮੁਹਰ ਵੀ ਐਸਐਮਓ ਦੀ ਹੀ ਲੱਗੀ ਹੈ। ਇਸ ਬਾਰੇ ਡਾਕਟਰ ਸਾਹਿਬਾ ਨੇ ਕਿਹਾ ਕਿ ਨੌਜਵਾਨਾਂ ਨੇ ਲੈਬ ਟੈਕਨੀਸ਼ੀਅਨ ਦੀ ਫਰਜ਼ੀ 'ਘੁੱਗੀ' (ਇਨੀਸ਼ੀਅਲਜ਼ ਯਾਨੀ ਕਿ ਛੋਟੇ ਦਸਤਖ਼ਤ) ਕੀਤੇ ਅਤੇ ਫਿਰ ਡਾਕਟਰ ਦੀ ਮੁਹਰ ਲਗਵਾ ਲਈ। ਫਿਲਹਾਲ ਮਾਮਲੇ ਦੀ ਜਾਂਚ ਮਗਰੋਂ ਹੀ ਪੁਸ਼ਟੀ ਹੋਵੇਗੀ ਕਿ ਇਹ ਅਣਗਹਿਲੀ ਹੈ ਜਾਂ ਕਿ ਕੋਈ ਵੱਡਾ ਫਰਜ਼ੀਵਾੜਾ।