ਕੋਵਿਡ ਪਾਬੰਦੀਆਂ 8 ਫਰਵਰੀ ਤੱਕ, ਸਕੂਲ, ਕਾਲਜ, ਯੂਨੀਵਰਸਿਟੀ ਤੇ ਕੋਚਿੰਗ ਸੰਸਥਾਵਾਂ ਰਹਿਣਗੀਆਂ ਬੰਦ
ਜ਼ਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ ਸੋਧੀਆਂ ਕੋਵਿਡ ਪਾਬੰਦੀਆਂ 8 ਫਰਵਰੀ, 2022 ਤੱਕ ਲਈ ਵਧਾ ਦਿੱਤੀਆਂ ਗਈ ਹਨ
ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ ਸੋਧੀਆਂ ਕੋਵਿਡ ਪਾਬੰਦੀਆਂ 8 ਫਰਵਰੀ, 2022 ਤੱਕ ਲਈ ਵਧਾ ਦਿੱਤੀਆਂ ਗਈ ਹਨ। ਜ਼ਿਲ੍ਹਾ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਖਹਿਰਾ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੋਵਿਡ ਪਾਬੰਦੀਆਂ ਵਧਾਈਆਂ ਹਨ।
ਪਾਬੰਦੀਆਂ ਅਨੁਸਾਰ ਜਨਤਕ ਥਾਂਵਾਂ ਤੇ ਮਾਸਕ ਪਾਉਣਾ ਤੇ 6 ਫੁੱਟ ਦੀ ਦੂਰੀ ਦੇ ਨਿਯਮ ਨੂੰ ਲਾਗੂ ਕੀਤਾ ਗਿਆ ਹੈ। ਰਾਤ 10 ਤੋਂ ਸਵੇਰੇ 5 ਵਜੇ ਤੱਕ ਮਿਉਂਸੀਪਲ ਖੇਤਰਾਂ ਵਿਚ ਗੈਰ ਜ਼ਰੂਰੀ ਤੋਰੇ-ਫੇਰੇ ਤੇ ਰੋਕ ਰਹੇਗੀ। ਹਾਲਾਂਕਿ ਜਰੂਰੀ ਸੇਵਾਵਾਂ ਨੂੰ ਇਸ ਵਿਚ ਛੋਟ ਹੋਵੇਗੀ।
ਪਾਬੰਦੀਆਂ ਅਨੁਸਾਰ ਹੁਣ ਅੰਦਰ (ਇੰਡੋਰ) ਵੱਧ ਤੋਂ ਵੱਧ 500 ਤੇ ਬਾਹਰ ਖੁੱਲੇ (ਆਊਟਡੋਰ) ਵਿਚ ਵੱਧ ਤੋਂ ਵੱਧ 1000 ਬੰਦੇ ਦੇ ਇੱਕਠ ਕਰਨ ਦੀ ਛੋਟ ਹੋਵੇਗੀ ਪਰ ਇਹ ਇਕੱਠ ਉਪਲਬੱਧ ਥਾਂ ਦੀ ਸਮੱਰਥਾ ਤੋਂ 50 ਫੀਸਦੀ ਤੋਂ ਵੱਧ ਨਾ ਹੋਵੇ। ਇੱਕਠ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਲਾਜਮੀ ਹੋਵੇਗੀ।
ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਤੇ ਕੋਚਿੰਗ ਸੰਸਥਾਨ 8 ਫਰਵਰੀ ਤੱਕ ਬੰਦ ਰਹਿਣਗੇ ਪਰ ਆਨਲਾਈਨ ਵਿਧੀ ਨਾਲ ਪੜਾਈ ਜਾਰੀ ਰਹੇਗੀ। ਮੈਡੀਕਲ ਤੇ ਨਰਸਿੰਗ ਕਾਲਜ ਆਮ ਵਾਂਗ ਖੁੱਲ ਸਕਣਗੇ।
ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾਅ, ਜਿੰਮ, ਸਪੋਰਕਟ ਕੰਪਲੈਕਸ, ਮਿਉਜੀਅਮ, ਚਿੜੀਆਘਰ 50 ਫੀਸਦੀ ਸਮੱਰਥਾ ਨਾਲ ਖੁੱਲ ਸਕਦੇ ਹਨ ਪਰ ਸਾਰਾ ਸਟਾਫ ਵੈਕਸੀਨੇਟਡ ਹੋਵੇ। ਏਸੀ ਬੱਸਾਂ 50 ਫੀਸਦੀ ਸਵਾਰੀਆਂ ਨਾਲ ਹੀ ਚੱਲ ਸਕਦੀਆਂ ਹਨ।
ਬਿਨ੍ਹਾਂ ਮਾਸਕ ਤੋਂ ਆਉਣ ਵਾਲੇ ਲੋਕਾਂ ਨੂੰ ਸਰਕਾਰੀ ਦਫਤਰਾਂ ਜਾਂ ਪ੍ਰਾਈਵੇਟ ਦਫਤਰਾਂ ਤੋਂ ਕੋਈ ਸੇਵਾ ਉਪਲਬੱਧ ਨਹੀਂ ਹੋ ਸਕੇਗੀ। ਜਿਲ੍ਹੇ ਤੋਂ ਬਾਹਰ ਤੋਂ ਆਉਣ ਵਾਲੇ ਲੋਕ ਪੂਰੀ ਤਰਾਂ ਵੈਕਸੀਨੇਟਡ ਹੋਣ।
ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਕਾਲਜਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ 15 ਸਾਲ ਤੋਂ ਵੱਡੀ ਉਮਰ ਦੇ ਵਿਦਿਆਰਥੀਆਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ। ਇਸ ਤੋਂ ਬਿਨ੍ਹਾਂ ਸਾਰੇ ਵਿਭਾਗਾਂ ਨੂੰ ਕੋਵਿਡ ਪ੍ਰੋਟੋਕਾਲ ਪਾਲਣ ਦੀ ਹਦਾਇਤ ਕੀਤੀ ਗਈ ਹੈ। ਇੰਨ੍ਹਾਂ ਹਦਾਇਤਾਂ ਦੀ ਉੰਲਘਣਾ ਕਰਨ ਤੇ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।