Anmol Gagan Mann: ਪੰਜਾਬ ਦੇ 22 ਜ਼ਿਲ੍ਹਿਆਂ ‘ਚ ਹੋਣਗੇ ਸੱਭਿਆਚਾਰਕ ਪ੍ਰੋਗਰਾਮ ਤੇ ਅਗਲੇ ਮਹੀਨੇ ਹੋਵੇਗੀ ਟੂਰਿਜਮ ਸਮਿੱਟ : ਅਨਮੋਲ ਗਗਨ ਮਾਨ
Mohali News : ਪੰਜਾਬ ਮੇਲਿਆਂ ਦੀ ਧਰਤੀ ਹੈ ਅਤੇ ਇਸ ਧਰਤੀ ਨੂੰ ਸਾਡੇ ਗੁਰੂਆਂ , ਦੇਸ਼ ਭਗਤਾਂ ਤੇ ਸੂਰਬੀਰ ਯੋਧਿਆਂ ਨੇ ਆਪਣੀ ਵਿਲੱਖਣ ਸ਼ਕਤੀ, ਸਮਾਜਿਕ ਸਰੋਕਾਰਾਂ, ਸੱਭਿਆਚਾਰਕ ਰਹੁ-ਰੀਤਾਂ ਨਾਲ ਪਰਫੁੱਲਤ ਕੀਤਾ
Mohali News : ਪੰਜਾਬ ਮੇਲਿਆਂ ਦੀ ਧਰਤੀ ਹੈ ਅਤੇ ਇਸ ਧਰਤੀ ਨੂੰ ਸਾਡੇ ਗੁਰੂਆਂ , ਦੇਸ਼ ਭਗਤਾਂ ਤੇ ਸੂਰਬੀਰ ਯੋਧਿਆਂ ਨੇ ਆਪਣੀ ਵਿਲੱਖਣ ਸ਼ਕਤੀ, ਸਮਾਜਿਕ ਸਰੋਕਾਰਾਂ, ਸੱਭਿਆਚਾਰਕ ਰਹੁ-ਰੀਤਾਂ ਨਾਲ ਪਰਫੁੱਲਤ ਕੀਤਾ ਹੈ, ਜਿਸਨੂੰ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਪੰਜਾਬ ਦੇ 22 ਜਿਲਿਆਂ ਵਿੱਚ ਸਥਾਨਕ ਮਹੱਤਤਾ ਵਾਲੇ ਵੱਖ ਵੱਖ ਉਤਸਵ ਕਰਵਾਏਗੀ।
ਇਹ ਵਿਚਾਰ ਪੰਜਾਬ ਦੀ ਸੱਭਿਚਾਰਕ ਤੇ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਬੀਤੀ ਰਾਤ ਸੈਕਟਰ 70 ਵਿੱਚ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਵੱਲੋਂ ਕਰਵਾਏ ”ਤੀਆਂ ਤੀਜ ਦੀਆਂ” ਪ੍ਰੋਗਰਾਮ ਦੌਰਾਨ ਪਰਗਟ ਕੀਤੇ। ਉਹਨਾਂ ਕਿਹਾ ਕਿ ਅਗਲੇ ਮਹੀਨੇ ਸੈਰ-ਸਪਾਟਾ ਸੱਨਅਤ ਨੂੰ ਪ੍ਰਫੁੱਲਤ ਕਰਨ ਲਈ ਸਮਿੱਟ ਕੀਤੀ ਜਾ ਰਹੀ ਹੈ ,ਜਿਸ ਵਿੱਚ ਦੇਸ਼ ਵਿਦੇਸ਼ ਤੋਂ ਸੱਨਅਤਕਾਰ ਹਿੱਸਾ ਲੈਣਗੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸੈਰ ਸਪਾਟੇ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ। ਜਿਸ ਦਾ ਦੇਸ ਤੇ ਰਾਜ ਦੇ ਅਰਥਚਾਰੇ ਤੇ ਰੋਜ਼ਗਾਰ ਤੇ ਵੱਡਾ ਅਸਰ ਪਵੇਗਾ।
ਉਹਨਾਂ ਸੈਕਟਰ ਸੱਤਰ ਮੋਹਾਲੀ ਵਾਸੀਆਂ ਨਾਲ ਆਪਣੇ ਰਿਸ਼ਤੇ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਸੇ ਸੈਕਟਰ ਵਿੱਚ ਰਹਿ ਕੇ ਪੜੀ ਹੈ ਅਤੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦਾ ਪਰਿਵਾਰ ਸਾਡਾ ਆਪਣਾ ਹੀ ਪਰਿਵਾਰ ਹੈ ਜਿਸ ਕਰਕੇ ਇੱਥੇ ਆਉਣ ਤੇ ਬੁਲਾਉਣ ਤੇ ਮੈਨੂੰ ਬਹੁਤ ਸਕੂਨ ਮਿਲਿਆ ਹੈ। ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 34 ਵਿੱਚ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਵੱਲੋਂ ਕਰਵਾਏ “ਤੀਆਂ ਤੀਜ ਦੀਆਂ” ਦੇ ਪ੍ਰੋਗਰਾਮ ਦੀ ਪ੍ਰਧਾਨਗੀ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਨੂੰਹ ਬੀਬਾ ਖੁਸ਼ਬੂ ਨੇ ਕੀਤੀ। ਵਾਰਡ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ ਨੇ ਗਿੱਧੇ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆ।
ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ , ਮੈਡਮ ਖੁਸ਼ਬੂ, ਮੈਡਮ ਰਾਜ ਗਿੱਲ ਦਾ ਪੰਜਾਬ ਦੇ ਸੱਭਿਆਚਾਰ ਦੇ ਚਿੰਨ “ਫਲਕਾਰੀ” ਤੇ ਕੌਸਲਰ ਗੁਰਪ੍ਰੀਤ ਕੌਰ, ਅਰੂਣਾ ਵਸ਼ਿਸ਼ਟ,ਰਮਨਪ੍ਰੀਤ ਕੌਰ, ਕਰਮਜੀਤ ਕੌਰ , ਜਸਬੀਰ ਕੌਰ ਅਤਲੀ,ਇੰਦਰਜੀਤ ਕੌਰ ਤੇ ਚਰਨਜੀਤ ਕੌਰ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਸਾਰੇ ਪ੍ਰੋਗਰਾਮ ਦੇ ਪ੍ਰਬੰਧ ਵਿੱਚ ਰਜੀਵ ਵਿਸ਼ਿਸ਼ਟ, ਰਣਦੀਪ ਸਿੰਘ ਬੈਦਵਾਨ,ਗੁਰਮੀਤ ਸਿੰਘ ਸਾਹੀ ਤੇ ਆਰ ਪੀ ਕੰਬੋਜ ਦਾ ਵੱਡਾ ਯੋਗਦਾਨ ਰਿਹਾ।