ਸੀਐਮ ਭਗਵੰਤ ਮਾਨ ਦੀਆਂ ਪ੍ਰਾਪਤੀਆਂ ਬਾਰੇ ਦੂਜੇ ਸੂਬਿਆਂ 'ਚ ਕਰੋੜਾਂ ਦੇ ਇਸ਼ਤਿਹਾਰ ਦੇਣ ਨਾਲ ਪੰਜਾਬੀਆਂ ਨੂੰ ਕੀ ਲਾਭ ਹੋਏਗਾ? ਅਕਾਲੀ ਦਲ ਨੇ ਮੰਗੀ ਪੂਰੇ ਮਾਮਲੇ ਦੀ ਜਾਂਚ
Punjab News: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਬੀਤੇ ਇੱਕ ਮਹੀਨੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ਼ਤਿਹਾਰਾਂ ਦੀ ਜਾਂਚ ਦੇ ਹੁਕਮ ਵੀ ਦੇਣੇ ਚਾਹੀਦੇ ਹਨ।
ਚੰਡੀਗੜ੍ਹ: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦੇਸ਼ ਦੇ ਦੂਜੇ ਸੂਬਿਆਂ ਅੰਦਰ ਜਾਰੀ ਕੀਤੇ ਇਸ਼ਤਿਹਾਰਾਂ ਉੱਪਰ ਸਵਾਲ ਉੱਠਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਇਸ਼ਤਿਹਾਰਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਬੀਤੇ ਇੱਕ ਮਹੀਨੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ਼ਤਿਹਾਰਾਂ ਦੀ ਜਾਂਚ ਦੇ ਹੁਕਮ ਵੀ ਦੇਣੇ ਚਾਹੀਦੇ ਹਨ।
ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਆਪਣੀਆਂ ਕਥਿਤ ਪ੍ਰਾਪਤੀਆਂ ਗਿਣਾਉਣ ਲਈ ਦੱਖਣੀ ਭਾਰਤ ਵਿੱਚ ਸਥਾਨਕ ਖੇਤਰੀ ਭਾਸ਼ਾਵਾਂ ਵਿਚ ਇਸ਼ਤਿਹਾਰ ਦਿੱਤੇ ਜਾ ਰਹੇ ਹਨ। ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਇਸ਼ਤਿਹਾਰ ਦਿੱਤੇ ਗਏ ਹਨ। ਇਸ ਉਦੇਸ਼ ਲਈ ਖ਼ਰਚੇ ਕਰੋੜਾਂ ਰੁਪਏ ਦਾ ਪੰਜਾਬ ਜਾਂ ਪੰਜਾਬੀਆਂ ਨੂੰ ਕਿਸੇ ਤਰੀਕੇ ਲਾਭ ਨਹੀਂ ਹੋਵੇਗਾ।
ਡਾ. ਚੀਮਾ ਨੇ ਕਿਹਾ ਕਿ ਜਿਸ ਅਥਾਰਿਟੀ ਨੇ ਇਹ ਇਸ਼ਤਿਹਾਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ, ਉਸ ਦਾ ਖ਼ੁਲਾਸਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵੀ ਖ਼ੁਲਾਸਾ ਹੋਣਾ ਚਾਹੀਦਾ ਹੈ ਕਿ ਕੀ ਭਗਵੰਤ ਮਾਨ ਨੇ ਇਹ ਇਸ਼ਤਿਹਾਰ ਜਾਰੀ ਕਰਨ ਦੇ ਹੁਕਮ ਦਿੱਤੇ ਸਨ ਜਾਂ ਇਸ ਦੇ ਹੁਕਮ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤੇ ਸਨ, ਜਿਸ ਕਾਰਨ ਪੰਜਾਬ ਸਰਕਾਰ ਨੂੰ ਕੌਮੀ ਪੱਧਰ ’ਤੇ ਪਾਰਟੀ ਦੀਆਂ ਗਤੀਵਿਧੀਆਂ ਦੇ ਪ੍ਰਚਾਰ ਦੀ ਕੀਮਤ ਸਹਿਣੀ ਪਈ।
ਚੀਮਾ ਨੇ ਕਿਹਾ ਕਿ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਸਿਰ ਚੜ੍ਹੇ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ ਕਰਨ ਦੇ ਐਲਾਨ ਦਾ ਸਵਾਗਤ ਹੈ ਪਰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪਿਛਲੇ ਇੱਕ ਮਹੀਨੇ ਦੌਰਾਨ ਜਾਰੀ ਕੀਤੇ ਗਏ ਸਾਰੇ ਇਸ਼ਤਿਹਾਰਾਂ ਦੀ ਵੀ ਜਾਂਚ ਹੋਵੇ। ਚੀਮਾ ਨੇ ਕਿਹਾ ਕਿ ਸਾਰੇ ਚਾਹੁੰਦੇ ਹਨ ਕਿ ਸੂਬੇ ਸਿਰ ਚੜ੍ਹੇ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਨਿਰਪੱਖ ਜਾਂਚ ਹੋਵੇ ਪਰ ਇਸ ਜਾਂਚ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ ਰਾਹ ਵਿੱਚ ਰੁਕਾਵਟ ਦੇ ਬਹਾਨੇ ਵਜੋਂ ਨਾ ਵਰਤਿਆ ਜਾਵੇ।
ਇਹ ਵੀ ਪੜ੍ਹੋ: Sukhbir Badal Vs Ravneet Bittu: ਰਵਨੀਤ ਬਿੱਟੂ ਦੀ ਅਕਾਲੀ ਦਲ ਨੂੰ ਸਲਾਹ, ਬਲਵੰਤ ਰਾਜੋਆਣਾ ਨੂੰ ਪਾਰਟੀ ਦਾ ਪ੍ਰਧਾਨ ਹੀ ਬਣਾ ਲਵੋ