Punjab Corona: ਪੰਜਾਬ 'ਚ ਓਮੀਕ੍ਰੋਨ ਦਾ ਖ਼ਤਰਾ, ਇਕਦਮ ਕੇਸ ਵਧਣ ਲੱਗੇ, ਸਿਹਤ ਵਿਭਾਗ ਅਲਰਟ
Corona Cases in Punjab: ਪੰਜਾਬ 'ਚ ਹੁਣ ਤਕ 1.62 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚ 6 ਲੱਖ 3 ਹਜ਼ਾਰ 352 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।
ਚੰਡੀਗੜ੍ਹ: ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਖ਼ਤਰੇ ਤੋਂ ਬਾਅਦ ਪੰਜਾਬ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। 29 ਨਵੰਬਰ ਨੂੰ ਪੰਜਾਬ 'ਚ 325 ਐਕਟਿਵ ਕੇਸ ਸਨ, ਜੋ 2 ਦਸੰਬਰ ਤਕ ਵੱਧ ਕੇ 344 ਹੋ ਗਏ ਹਨ। ਹੁਣ ਸੂਬੇ 'ਚ 55 ਮਰੀਜ਼ ਸੇਵਿਗ ਸਪੋਰਟ 'ਤੇ ਹਨ। ਪੰਜਾਬ 'ਚ ਓਮੀਕ੍ਰੋਨ ਦਾ ਖ਼ਤਰਾ ਵਧ ਗਿਆ ਹੈ, ਕਿਉਂਕਿ ਵਿਆਹਾਂ ਦੇ ਸੀਜ਼ਨ ਦੌਰਾਨ ਵੱਡੀ ਗਿਣਤੀ 'ਚ ਪਰਵਾਸੀ ਭਾਰਤੀ ਘਰ ਪਰਤੇ ਹਨ। ਹੁਣ ਸਿਹਤ ਵਿਭਾਗ ਚੌਕਸ ਹੋ ਕੇ ਇਨ੍ਹਾਂ ਯਾਤਰੀਆਂ ਦੀ ਨਿਗਰਾਨੀ ਕਰ ਰਿਹਾ ਹੈ।
ਪੰਜਾਬ 'ਚ ਹੁਣ ਤਕ 1.62 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚ 6 ਲੱਖ 3 ਹਜ਼ਾਰ 352 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 5 ਲੱਖ 86 ਹਜ਼ਾਰ 402 ਲੋਕ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ 16 ਹਜ਼ਾਰ 606 ਲੋਕਾਂ ਦੀ ਮੌਤ ਹੋ ਚੁੱਕੀ ਹੈ। 38 ਮਰੀਜ਼ ਆਕਸੀਜਨ ਸਪੋਰਟ 'ਤੇ ਹਨ। 14 ਮਰੀਜ਼ ਕ੍ਰਿਟੀਕਲ ਕੇਅਰ ਤੇ 3 ਵੈਂਟੀਲੇਟਰ 'ਤੇ ਹਨ।
ਓਮੀਕ੍ਰੋਨ ਦਾ ਖ਼ਤਰਾ ਵੇਖਦੇ ਹੋਏ ਸਿਹਤ ਮੰਤਰੀ ਤੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਰੋਜ਼ਾਨਾ 40 ਹਜ਼ਾਰ ਟੈਸਟ ਕਰਨ ਦੇ ਆਦੇਸ਼ ਦਿੱਤੇ ਹਨ ਪਰ ਇਸ ਸਮੇਂ ਲਗਪਗ 25 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਸਿਹਤ ਵਿਭਾਗ ਰੋਜ਼ਾਨਾ 16 ਤੋਂ 17 ਹਜ਼ਾਰ ਟੈਸਟ ਕਰ ਰਿਹਾ ਸੀ।
ਸਿਹਤ ਵਿਭਾਗ ਮੁਤਾਬਕ ਸੂਬੇ ਦੇ 10 ਜ਼ਿਲ੍ਹੇ ਅਜਿਹੇ ਹਨ, ਜਿੱਥੇ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਇਨ੍ਹਾਂ 'ਚ ਬਰਨਾਲਾ, ਫ਼ਾਜ਼ਿਲਕਾ, ਫ਼ਤਿਹਗੜ੍ਹ ਸਾਹਿਬ, ਗੁਰਦਾਸਪੁਰ, ਕਪੂਰਥਲਾ, ਮੋਗਾ, ਮੁਕਤਸਰ, ਰੋਪੜ, ਸੰਗਰੂਰ ਤੇ ਐਸਬੀਐਸ ਨਗਰ ਸ਼ਾਮਲ ਹਨ।
ਹਾਲਾਂਕਿ ਜਲੰਧਰ 'ਚ ਵੀਰਵਾਰ ਨੂੰ 7 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਐਨਆਰਆਈ ਬੈਲਟ ਮੰਨੇ ਜਾਂਦੇ ਹਨ। ਇੱਥੇ ਪੌਜ਼ੇਟਿਵਿਟੀ ਦਰ ਵੀ 0.28% ਹੈ। ਲੁਧਿਆਣਾ ਤੇ ਪਠਾਨਕੋਟ 'ਚ 4-4, ਬਠਿੰਡਾ, ਫ਼ਿਰੋਜ਼ਪੁਰ, ਪਟਿਆਲਾ ਤੇ ਐਸਏਐਸ ਨਗਰ 'ਚ 3-3, ਅੰਮ੍ਰਿਤਸਰ ਅਤੇ ਮਾਨਸਾ 'ਚ 2-2, ਫ਼ਰੀਦਕੋਟ, ਹੁਸ਼ਿਆਰਪੁਰ ਤੇ ਤਰਨ ਤਾਰਨ 'ਚ 1-1 ਮਾਮਲੇ ਸਾਹਮਣੇ ਆਏ ਹਨ।
ਕੋਵਿਡ ਦੇ ਓਮੀਕ੍ਰੋਨ ਵੇਰੀਐਂਟ ਦੇ ਖਤਰੇ ਦੇ ਮੱਦੇਨਜ਼ਰ ਸਰਕਾਰ ਨੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਸ਼ੱਕੀ ਮਰੀਜ਼ਾਂ ਲਈ ਵੱਖਰੇ ਵਾਰਡ ਸਥਾਪਤ ਕਰਨ ਲਈ ਕਿਹਾ ਹੈ। ਇਸ ਸਬੰਧੀ ਸਿਹਤ ਵਿਭਾਗ ਦੀ ਉੱਚ ਪੱਧਰੀ ਮੀਟਿੰਗ ਵੀ ਹੋਈ ਹੈ। ਫਿਲਹਾਲ ਪੰਜਾਬ 'ਚ ਓਮੀਕ੍ਰੋਨ ਵੇਰੀਐਂਟ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ: ICMR ਦੇ ਅਧਿਕਾਰੀਆਂ ਦਾ ਦਾਅਵਾ, ਕੋਵੈਕਸੀਨ ਓਮੀਕਰੋਨ ਵੇਰੀਐਂਟ ਖਿਲਾਫ ਵਧੇਰੇ ਪ੍ਰਭਾਵਸ਼ਾਲੀ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: