Dera Baba Nanak Results: ਬੀਜੇਪੀ ਨਾਲ ਬੁਰੀ ਹੋਈ! ਸਿਰਫ ਇੰਨੇ ਵੋਟ...ਅਕਾਲੀ ਦਲ ਤੋਂ ਲਿਆਂਦਾ ਉਮੀਦਵਾਰ ਵੀ ਨਾ ਆਇਆ ਕੰਮ
Dera Baba Nanak Election Results 2024: ਬੀਜੇਪੀ ਨੇ ਅਕਾਲੀ ਦਲ ਤੋਂ ਲਿਆਂਦੇ ਲੀਡਰ ਰਵੀਕਰਨ ਸਿੰਘ ਕਾਹਲੋਂ ਨੂੰ ਉਮੀਦਵਾਰ ਬਣਾਇਆ ਤਾਂ ਜੋ ਅਕਾਲੀ ਦਲ ਦੀ ਵੋਟ ਵੀ ਬਟੋਰੀ ਜਾ ਸਕੇ। ਇਸ ਦੇ ਬਾਵਜੂਦ ਬੀਜੇਪੀ ਦਾ ਪ੍ਰਦਰਸ਼ਨ ਸ਼ਰਮਨਾਕ ਰਿਹਾ।
Dera Baba Nanak Election Results 2024: ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ ਦੇ ਨਤੀਜੇ ਆ ਗਏ ਹਨ। ਇੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਫਸਵਾਂ ਮੁਕਾਬਲਾ ਰਿਹਾ। ਬੇਸ਼ੱਕ ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਦੀ ਬੜ੍ਹਤ ਰਹੀ ਪਰ ਬਾਅਦ ਵਿੱਚ ਆਮ ਆਦਮੀ ਪਾਰਟੀ ਨੇ ਲੀਡ ਬਣਾ ਲਈ ਤੇ ਜਿੱਤ ਹਾਸਲ ਕੀਤੀ। ਡੇਰਾ ਬਾਬਾ ਨਾਨਕ ਵਿੱਚ 16 ਰਾਊਂਡਾਂ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਲੀਡ 4946 ਰਹੀ। ‘ਆਪ’ ਦੇ ਗੁਰਦੀਪ ਸਿੰਘ ਰੰਧਾਵਾ ਨੂੰ 54436 ਵੋਟਾਂ ਮਿਲੀਆਂ। ਜਦਕਿ ਕਾਂਗਰਸ ਦੀ ਜਤਿੰਦਰ ਕੌਰ ਨੂੰ 49490 ਤੇ ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ ਨੂੰ ਸਿਰਫ 5936 ਵੋਟਾਂ ਮਿਲੀਆਂ।
ਅਹਿਮ ਗੱਲ ਹੈ ਕਿ ਸਭ ਤੋਂ ਵੱਡਾ ਝਟਕਾ ਬੀਜੇਪੀ ਨੂੰ ਲੱਗਾ ਹੈ ਕਿਉਂਕਿ ਡੇਰਾ ਬਾਬਾ ਨਾਨਕ ਹਲਕਾ ਬੀਜੇਪੀ ਦੇ ਗੜ੍ਹ ਕਹੇ ਜਾਣ ਵਾਲੇ ਲੋਕ ਸਭਾ ਹਲਕੇ ਗੁਰਦਾਸਪੁਰ ਵਿੱਚ ਆਉਂਦਾ ਹੈ। ਗੁਰਦਾਸਪੁਰ ਤੋਂ ਬੀਜੇਪੀ ਨੇ ਕਈ ਵਾਰ ਲੋਕ ਸਭਾ ਚੋਣ ਜਿੱਤੀ ਹੈ। ਇਸ ਵਾਰ ਬੀਜੇਪੀ ਨੇ ਅਕਾਲੀ ਦਲ ਤੋਂ ਲਿਆਂਦੇ ਸੀਨੀਅਰ ਲੀਡਰ ਰਵੀਕਰਨ ਸਿੰਘ ਕਾਹਲੋਂ ਨੂੰ ਉਮੀਦਵਾਰ ਬਣਾਇਆ ਤਾਂ ਜੋ ਅਕਾਲੀ ਦਲ ਦੀ ਵੋਟ ਵੀ ਬਟੋਰੀ ਜਾ ਸਕੇ। ਇਸ ਦੇ ਬਾਵਜੂਦ ਬੀਜੇਪੀ ਦਾ ਪ੍ਰਦਰਸ਼ਨ ਸ਼ਰਮਨਾਕ ਰਿਹਾ।
ਇਸ ਸੀਟ 'ਤੇ 63.2 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ 2022 ਦੌਰਾਨ ਡੇਰਾ ਬਾਬਾ ਨਾਨਕ ਸੀਟ 'ਤੇ 73.70 ਫੀਸਦੀ ਵੋਟਿੰਗ ਹੋਈ ਸੀ ਤੇ ਲੋਕ ਸਭਾ ਚੋਣਾਂ 2024 ਦੌਰਾਨ 65.30 ਫੀਸਦੀ ਵੋਟਿੰਗ ਹੋਈ ਸੀ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1 ਲੱਖ 93 ਹਜ਼ਾਰ 376 ਹੈ। ਇਨ੍ਹਾਂ ਵਿੱਚ 101825 ਪੁਰਸ਼, 91544 ਔਰਤਾਂ, 7 ਟਰਾਂਸਜੈਂਡਰ, 6974 ਨੌਜਵਾਨ (18-19), 1354 ਅਪਾਹਜ ਵੋਟਰ, 26 ਪ੍ਰਵਾਸੀ ਭਾਰਤੀ ਅਤੇ 2002 ਬਜ਼ੁਰਗ ਨਾਗਰਿਕ/85 ਸਾਲ ਤੋਂ ਉੱਪਰ ਦੇ ਵੋਟਰ ਸ਼ਾਮਲ ਹਨ।
ਦੱਸ ਦੇਈਏ ਕਿ ਡੇਰਾ ਬਾਬਾ ਨਾਨਕ ਉਪ ਚੋਣ ਵਿੱਚ ਕੁੱਲ 11 ਉਮੀਦਵਾਰ ਮੈਦਾਨ ਵਿੱਚ ਸਨ। ਇਨ੍ਹਾਂ ਵਿੱਚੋਂ ਚਾਰ ਸਿਆਸੀ ਪਾਰਟੀਆਂ ਵਿਚਾਲੇ ਮੁਕਾਬਲਾ ਸੀ। ਇੱਥੋਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਉਮੀਦਵਾਰ ਹਨ। ਆਮ ਆਦਮੀ ਪਾਰਟੀ ਵੱਲੋਂ ਗੁਰਦੀਪ ਸਿੰਘ ਰੰਧਾਵਾ, ਭਾਜਪਾ ਵੱਲੋਂ ਰਵੀਕਰਨ ਸਿੰਘ ਕਾਹਲੋਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਪੰਥਕ ਜਥੇਬੰਦੀਆਂ ਵੱਲੋਂ ਲਵਪ੍ਰੀਤ ਸਿੰਘ ਤੂਫਾਨ ਉਮੀਦਵਾਰ ਹਨ। ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵਿਚਕਾਰ ਹੀ ਮੰਨਿਆ ਜਾ ਰਿਹਾ ਸੀ।