Punjab Police: ਸੋਸ਼ਲ ਮੀਡੀਆ 'ਤੇ ਗੈਂਗਸਟਰਾਂ ਵਿਰੁੱਧ Digital Strike: ਪੰਜਾਬ ਪੁਲਿਸ ਨੇ 203 ਖਾਤੇ ਕੀਤੇ ਬਲਾਕ, ਨੌਜਵਾਨਾਂ ਨੂੰ ਵਰਤਣ ਲਈ ਬਣਾਏ ਸੀ ਖਾਤੇ
ਪੰਜਾਬ 'ਚ ਸਰਗਰਮ ਹਰ ਗੈਂਗਸਟਰ ਦੇ ਨਾਂਅ 'ਤੇ ਕਈ ਸੋਸ਼ਲ ਮੀਡੀਆ ਅਕਾਊਂਟ ਹਨ। ਗੈਂਗਸਟਰਾਂ ਵਿੱਚ ਲਾਰੈਂਸ ਗੈਂਗ, ਦਵਿੰਦਰ ਬੰਬੀਹਾ ਗੈਂਗ, ਕੌਸ਼ਲ ਚੌਧਰੀ ਗੈਂਗ, ਕਾਲਾ ਜਠੇੜੀ ਗੈਂਗ, ਲਖਵੀਰ ਲੰਡਾ ਅਤੇ ਜੱਗੂ ਭਗਵਾਨਪੁਰੀਆ ਦੇ ਨਾਂਅ ਸ਼ਾਮਲ ਹਨ।
Punjab News: ਪੰਜਾਬ ਪੁਲਿਸ(Punjab Police) ਨੇ ਸੋਸ਼ਲ ਮੀਡੀਆ(Social media) 'ਤੇ ਗੈਂਗਸਟਰਾਂ ਤੇ ਉਨ੍ਹਾਂ ਦੇ ਲੀਡਰਾਂ 'ਤੇ ਡਿਜੀਟਲ ਸਟਰਾਈਕ (Digital Strike) ਸ਼ੁਰੂ ਕੀਤੀ ਹੈ। ਪੁਲਿਸ ਨੇ ਕਰੀਬ 203 ਸੋਸ਼ਲ ਮੀਡੀਆ ਖਾਤਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਖਾਤੇ ਉਹ ਹਨ ਜੋ ਗੈਂਗਸਟਰਾਂ ਦੀ ਵਡਿਆਈ ਕਰਦੇ ਹਨ। ਇਸ ਦੇ ਨਾਲ ਹੀ ਗੈਂਗਸਟਰਾਂ ਦੇ ਸਾਥੀ ਗੈਂਗ ਦੇ ਮੈਂਬਰਾਂ ਨੂੰ ਮਾਰਨ ਆਦਿ ਦੀ ਜ਼ਿੰਮੇਵਾਰੀ ਵੀ ਲੈਂਦੇ ਸਨ।
ਇਸ ਤੋਂ ਇਲਾਵਾ ਕੁਝ ਖਾਤਿਆਂ ਰਾਹੀਂ ਬੰਦੂਕਾਂ ਅਤੇ ਹਥਿਆਰਾਂ ਦਾ ਪ੍ਰਚਾਰ ਕੀਤਾ ਗਿਆ। ਇਸ ਦੇ ਨਾਲ ਹੀ ਅਜਿਹੇ ਖਾਤਿਆਂ ਤੋਂ ਜਬਰੀ ਵਸੂਲੀ ਤੇ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਇਹ ਸਾਰੀ ਕਾਰਵਾਈ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਵੱਲੋਂ ਕੀਤੀ ਗਈ। ਇਸ ਦੌਰਾਨ 133 ਫੇਸਬੁੱਕ ਖਾਤਿਆਂ ਅਤੇ 71 ਇੰਸਟਾਗ੍ਰਾਮ ਖਾਤਿਆਂ 'ਤੇ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਖਾਤਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਏਜੀਟੀਐਫ ਦੇ ਏਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਹਰ ਵਿਅਕਤੀ ਦੀ ਸੋਸ਼ਲ ਮੀਡੀਆ ਤੱਕ ਪਹੁੰਚ ਹੈ। ਇਸ ਦੇ ਨਾਲ ਹੀ ਗੈਂਗਸਟਰ ਵੀ ਇਸ ਦਾ ਫ਼ਾਇਦਾ ਚੁੱਕ ਰਹੇ ਹਨ। ਉਹ ਖ਼ਾਸ ਕਰਕੇ ਨੌਜਵਾਨਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਨ੍ਹਾਂ ਦੇ ਜਾਲ਼ ਵਿੱਚ ਨਹੀਂ ਫਸਣਾ ਚਾਹੀਦਾ। ਇਸ ਦੇ ਨਾਲ ਹੀ ਸਾਡੀਆਂ ਵਿਸ਼ੇਸ਼ ਟੀਮਾਂ ਸੋਸ਼ਲ ਮੀਡੀਆ 'ਤੇ ਖਾਸ ਨਜ਼ਰ ਰੱਖ ਰਹੀਆਂ ਹਨ।
ਦੱਸ ਦਈਏ ਕਿ ਪੰਜਾਬ 'ਚ ਸਰਗਰਮ ਹਰ ਗੈਂਗਸਟਰ ਦੇ ਨਾਂਅ 'ਤੇ ਕਈ ਸੋਸ਼ਲ ਮੀਡੀਆ ਅਕਾਊਂਟ ਹਨ। ਭਾਵੇਂ ਗੈਂਗਸਟਰ ਸਲਾਖਾਂ ਪਿੱਛੇ ਹਨ ਪਰ ਸਮੇਂ-ਸਮੇਂ 'ਤੇ ਉਨ੍ਹਾਂ ਦੇ ਨਾਂਅ 'ਤੇ ਬਣੇ ਖਾਤੇ ਅਪਡੇਟ ਕੀਤੇ ਜਾਂਦੇ ਹਨ। ਕੁਝ ਖਾਤੇ ਵਿਦੇਸ਼ ਤੋਂ ਚਲਾਏ ਜਾਂਦੇ ਹਨ। ਜਦੋਂ ਕਿ ਕੁਝ ਇੱਥੋਂ ਕੰਮ ਕਰਦੇ ਹਨ। ਇਨ੍ਹਾਂ ਖਾਤਿਆਂ ਨੂੰ ਅਪਡੇਟ ਕਰਨ ਵਾਲੇ ਕਈ ਲੋਕ ਫੜੇ ਵੀ ਗਏ ਹਨ। ਇਨ੍ਹਾਂ ਗੈਂਗਸਟਰਾਂ ਵਿੱਚ ਲਾਰੈਂਸ ਗੈਂਗ, ਦਵਿੰਦਰ ਬੰਬੀਹਾ ਗੈਂਗ, ਕੌਸ਼ਲ ਚੌਧਰੀ ਗੈਂਗ, ਕਾਲਾ ਜਠੇੜੀ ਗੈਂਗ, ਲਖਵੀਰ ਲੰਡਾ ਅਤੇ ਜੱਗੂ ਭਗਵਾਨਪੁਰੀਆ ਦੇ ਨਾਂਅ ਸ਼ਾਮਲ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :