ਪੰਜਾਬ ਦੇ ਬਰਖ਼ਾਸਤ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਨਹੀਂ ਮਿਲੀ ਕੋਈ ਰਾਹਤ
ਸੀਐਮ ਭਗਵੰਤ ਮਾਨ ਨੇ ਸਿਹਤ ਮੰਤਰੀ ਸਿੰਗਲਾ ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ ਸੀ। ਮਾਨ ਨੇ ਕਿਹਾ ਸੀ ਕਿ ਸਿੰਗਲਾ ਸਿਹਤ ਵਿਭਾਗ ਦੇ ਹਰ ਕੰਮ ਲਈ 1 ਫੀਸਦੀ ਕਮਿਸ਼ਨ ਮੰਗ ਰਹੇ ਹਨ।
ਚੰਡੀਗੜ੍ਹ: ਪੰਜਾਬ ਦੇ ਬਰਖ਼ਾਸਤ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਜ਼ਮਾਨਤ ਨਹੀਂ ਮਿਲ ਸਕੀ। ਉਸ ਦੀ ਪਟੀਸ਼ਨ 'ਤੇ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਸਿੰਗਲਾ ਦੇ ਵਕੀਲ ਨੇ ਕਿਹਾ ਕਿ ਉਸ ਕੋਲੋਂ ਕੋਈ ਪੈਸਾ ਬਰਾਮਦ ਨਹੀਂ ਹੋਇਆ ਹੈ ਤੇ ਨਾ ਹੀ ਉਸ ਨੇ ਕੋਈ ਜੁਰਮ ਕਬੂਲ ਕੀਤਾ ਹੈ।
ਸਿੰਗਲਾ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹਨ। ਹਾਲਾਂਕਿ ਪੰਜਾਬ ਸਰਕਾਰ ਦੇ ਵਕੀਲ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵਿੱਚ ਸਟੇਟਸ ਰਿਪੋਰਟ ਦਾਇਰ ਕਰ ਦਿੱਤੀ ਗਈ ਹੈ ਜਿਸ 'ਤੇ ਹਾਈਕੋਰਟ ਨੇ ਕਿਹਾ ਕਿ ਉਹ ਸਰਕਾਰ ਦਾ ਪੱਖ ਦੇਖ ਕੇ ਫੈਸਲਾ ਦੇਣਗੇ। ਮਾਮਲੇ ਦੀ ਅਗਲੀ ਸੁਣਵਾਈ 4 ਜੁਲਾਈ ਨੂੰ ਹੋਵੇਗੀ।
ਹਾਈ ਕੋਰਟ ਵਿੱਚ ਸਿੰਗਲਾ ਦੇ ਵਕੀਲ ਨੇ ਕਿਹਾ ਕਿ ਰਿਕਾਰਡਿੰਗ ਵਿੱਚ ਜੋ ਆਵਾਜ਼ ਸਬੂਤ ਵਜੋਂ ਦੱਸੀ ਜਾ ਰਹੀ ਹੈ, ਉਹ ਸਪੱਸ਼ਟ ਨਹੀਂ ਹੈ। ਸਿੰਗਲਾ ਪਹਿਲਾਂ ਹੀ ਆਪਣੀ ਆਵਾਜ਼ ਦਾ ਨਮੂਨਾ ਦੇ ਚੁੱਕੇ ਹਨ। ਉਨ੍ਹਾਂ ਕੋਲੋਂ ਪੈਸੇ ਦੀ ਬਰਾਮਦਗੀ ਦਾ ਕੋਈ ਸਬੂਤ ਨਹੀਂ। ਹਾਲਾਂਕਿ ਹਾਈ ਕੋਰਟ ਨੇ ਕਿਹਾ ਕਿ ਇਹ ਮਾਮਲਾ ਵਿਵਾਦਪੂਰਨ ਹੈ। ਉਹ ਪੰਜਾਬ ਸਰਕਾਰ ਦੀ ਸਟੇਟਸ ਰਿਪੋਰਟ ਦੇਖ ਕੇ ਹੀ ਕੋਈ ਫੈਸਲਾ ਦੇਣਗੇ।
ਸੀਐਮ ਭਗਵੰਤ ਮਾਨ ਨੇ ਸਿਹਤ ਮੰਤਰੀ ਸਿੰਗਲਾ ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ ਸੀ। ਮਾਨ ਨੇ ਕਿਹਾ ਸੀ ਕਿ ਸਿੰਗਲਾ ਸਿਹਤ ਵਿਭਾਗ ਦੇ ਹਰ ਕੰਮ ਲਈ 1 ਫੀਸਦੀ ਕਮਿਸ਼ਨ ਮੰਗ ਰਹੇ ਹਨ। ਇਸ ਸਬੰਧੀ ਜਦੋਂ ਸਿੰਗਲਾ ਨੂੰ ਪੁੱਛਿਆ ਤਾਂ ਉਸ ਨੇ ਪੈਸੇ ਮੰਗਣ ਦੀ ਗੱਲ ਮੰਨ ਲਈ।
ਇਹ ਵੀ ਪੜ੍ਹੋ
ਖਾਲਿਸਤਾਨੀ ਪੰਨੂ 'ਤੇ ਪੰਜਾਬ 'ਚ FIR, ਸੀਐਮ ਮਾਨ ਨੂੰ ਮਾਰਨ ਦੀ ਧਮਕੀ
ਚੰਡੀਗੜ੍ਹ : ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਆਗੂ ਗੁਰਪਤਵੰਤ ਸਿੰਘ ਪੰਨੂ ਖਿਲਾਫ ਪੰਜਾਬ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੰਨੂ ਨੇ ਕੱਲ੍ਹ ਸੰਗਰੂਰ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਖਾਲਿਸਤਾਨੀ ਨਾਅਰੇ ਲਿਖਣ ਦੀ ਵੀਡੀਓ ਜਾਰੀ ਕੀਤੀ ਸੀ। ਕਿਹਾ ਗਿਆ ਕਿ ਜੇਕਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਖਾਲਿਸਤਾਨ ਦੇ ਏਜੰਡੇ 'ਤੇ ਨਹੀਂ ਚੱਲਦੇ ਤਾਂ ਉਨ੍ਹਾਂ ਦਾ ਵੀ ਉਹੀ ਹਾਲ ਹੋਵੇਗਾ ਜੋ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਹੋਇਆ ਸੀ। ਇਹ ਮਾਮਲਾ ਸੰਗਰੂਰ ਵਿੱਚ ਹੀ ਦਰਜ ਹੋਇਆ ਹੈ।
ਪੰਨੂ ਨੇ ਮੰਦਰ 'ਚ ਨਾਅਰੇਬਾਜ਼ੀ ਤੋਂ ਬਾਅਦ ਵੀਡੀਓ ਜਾਰੀ ਕੀਤੀ ਸੀ ਜਿਸ ਵਿੱਚ ਉਸ ਨੇ ਦਾਅਵਾ ਕੀਤਾ ਕਿ ਇਹ ਨਾਅਰੇ ਖਾਲਿਸਤਾਨ ਪੱਖੀ ਸਿੱਖਾਂ ਨੇ ਲਿਖੇ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖਾਲਿਸਤਾਨ ਪੱਖੀ ਸਿੱਖਾਂ ਦੇ ਸਹਿਯੋਗ ਨਾਲ ਬਣੀ ਸੀ। ਪੰਨੂ ਨੇ ਕਿਹਾ ਸੀ ਕਿ ਇਹ ਨਾਅਰੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ 26 ਜਨਵਰੀ 2023 ਨੂੰ ਪੰਜਾਬ ਖਾਲਿਸਤਾਨ ਰੈਫਰੈਂਡਮ 'ਤੇ ਵੋਟ ਕਰੇਗਾ।
ਪੰਨੂ ਖਿਲਾਫ ਸੰਗਰੂਰ 'ਚ ਨਫਰਤ ਫੈਲਾਉਣ ਅਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਪੰਨੂ ਖਿਲਾਫ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਮੋਹਾਲੀ 'ਚ ਦੇਸ਼ ਧ੍ਰੋਹ ਤੇ ਦੋ ਭਾਈਚਾਰਿਆਂ ਨੂੰ ਭੜਕਾਉਣ ਦਾ ਮਾਮਲਾ ਦਰਜ ਹੋ ਚੁੱਕਾ ਹੈ।