ਲੌਕਡਾਊਨ ਦੀ ਮਾਰ! 99 ਪਾਕਿਸਤਾਨੀ 20 ਮਹੀਨਿਆਂ ਤੋਂ ਭਾਰਤ 'ਚ ਫਸੇ, ਖੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ
ਬਹੁਤੇ ਪਰਿਵਾਰ ਫਰਵਰੀ/ਮਾਰਚ 2020 'ਚ ਭਾਰਤ ਦੇ ਹਿੰਦੂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਆਏ ਸਨ ਪਰ ਮਾਰਚ ਮਹੀਨੇ ਦੇ ਅਖੀਰ 'ਚ ਭਾਰਤ 'ਚ ਕੋਰੋਨਾ ਕਰਕੇ ਲੌਕਡਾਊਨ ਲੱਗ ਗਿਆ। ਇਹ ਸਾਰੇ ਆਪਣੇ ਰਿਸ਼ਤੇਦਾਰਾਂ ਕੋਲ ਜੋਧਪੁਰ 'ਚ ਫਸ ਗਏ।
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਕੋਰੋਨਾ ਕਾਰਨ ਭਾਰਤ 'ਚ ਲੱਗਾ ਲੌਕਡਾਊਨ ਬਹੁਤ ਸਾਰੇ ਲੋਕਾਂ ਲਈ ਮੁਸੀਬਤ ਬਣ ਕੇ ਆਇਆ ਸੀ। ਖਾਸ ਕਰਕੇ ਭਾਰਤ ਤੇ ਪਾਕਿਸਤਾਨ ਦੇਸ਼ਾਂ 'ਚ ਫਸੇ ਪਾਕਿਸਤਾਨੀ ਤੇ ਭਾਰਤੀ ਨਾਗਰਿਕਾਂ ਲਈ, ਕਿਉਂਕਿ ਲੌਕਡਾਊਨ ਕਰਕੇ ਦੋਵਾਂ ਦੇਸ਼ ਨੇ ਬਾਰਡਰ ਬੰਦ ਕਰ ਦਿੱਤੇ ਸਨ। ਇਸੇ ਤਰ੍ਹਾਂ ਦੀ ਮੁਸੀਬਤ ਅਟਾਰੀ ਵਿਖੇ ਬੈਠੇ 99 ਪਾਕਿਸਤਾਨੀ ਨਾਗਰਿਕਾਂ ਲਈ ਬਣੀ ਹੋਈ ਹੈ, ਜੋ ਪਿਛਲੇ 50 ਦਿਨਾਂ ਤੋਂ ਅਟਾਰੀ 'ਚ ਖੁੱਲ੍ਹੇ ਆਸਮਾਨ ਹੇਠਾਂ ਰਹਿ ਰਹੇ ਹਨ। ਅਟਾਰੀ ਬੈਠੇ 16 ਪਾਕਿਸਤਾਨੀ ਪਰਿਵਾਰਾਂ 'ਚ 57 ਬੱਚੇ, 22 ਮਹਿਲਾਵਾਂ ਤੇ 20 ਮਰਦ ਹਨ।
'ਏਬੀਪੀ ਸਾਂਝਾ' ਨੇ ਇਨ੍ਹਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਬਹੁਤੇ ਪਰਿਵਾਰ ਫਰਵਰੀ/ਮਾਰਚ 2020 'ਚ ਭਾਰਤ ਦੇ ਹਿੰਦੂ ਧਾਰਮਿਕ ਸਥਾਨਾਂ (ਹਰਿਦੁਆਰ ਆਦਿ) ਦੇ ਦਰਸ਼ਨ ਕਰਨ ਆਏ ਸਨ ਪਰ ਮਾਰਚ ਮਹੀਨੇ ਦੇ ਅਖੀਰ 'ਚ ਭਾਰਤ 'ਚ ਕੋਰੋਨਾ ਕਰਕੇ ਲੌਕਡਾਊਨ ਲੱਗ ਗਿਆ। ਇਹ ਸਾਰੇ ਆਪਣੇ ਰਿਸ਼ਤੇਦਾਰਾਂ ਕੋਲ ਜੋਧਪੁਰ 'ਚ ਫਸ ਗਏ।
ਪਾਕਿਸਤਾਨੀ ਨਾਗਰਿਕ ਪਾਕਿਸਤਾਨੀ ਪੰਜਾਬ ਤੇ ਸਿੰਧ ਸੂਬਿਆਂ ਦੇ ਰਹਿਣ ਵਾਲੇ ਹਨ। ਜਾਣਕਾਰੀ ਮੁਤਾਬਕ ਅਟਾਰੀ ਰਸਤਿਓਂ ਜਦ 22 ਸਤੰਬਰ ਨੂੰ ਇਹ ਪਾਕਿਸਤਾਨ ਜਾਣ ਲੱਗੇ ਤਾਂ ਇਨ੍ਹਾਂ ਨੂੰ ਦਸਤਾਵੇਜ ਪੂਰੇ ਨਾ ਹੋਣ ਕਰਕੇ ਰੋਕ ਦਿੱਤਾ, ਜਿਨਾਂ 'ਚ ਜੋਧਪੁਰ ਸ਼ਹਿਰ ਛੱਡਣ ਦਾ ਸਰਟੀਫਿਕੇਟ (ਐਗਜਿਟ ਸਰਟੀਫਿਕੇਟ) ਮੁੱਖ ਸੀ। ਪਾਕਿ ਨਾਗਰਿਕਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਨਾ ਤਾਂ ਪੈਸੇ ਹਨ ਤੇ ਨਾ ਹੀ ਜਾਣਕਾਰੀ। ਉਹ ਜੋਧਪੁਰ ਕਿਵੇਂ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜਿਲਾ ਪ੍ਰਸ਼ਾਸ਼ਨ ਨਾਲ ਹੀ ਕਈ ਵਾਰ ਸੰਪਰਕ ਕੀਤਾ ਪਰ ਕਿਸੇ ਨੇ ਸਾਡਾ ਮਸਲਾ ਹੱਲ ਨਹੀਂ ਕੀਤਾ ਤੇ ਨਾ ਹੀ ਪਾਕਿਸਤਾਨੀ ਐਂਬੈਸੀ ਨੇ ਸਾਡੀ ਮਦਦ ਕੀਤੀ, ਜਿੱਥੇ ਸਾਰੇ ਦਸਤਾਵੇਜ ਭੇਜੇ ਜਾ ਚੁੱਕੇ ਹਨ। ਪਾਕਿ ਨਾਗਰਿਕਾਂ ਮੁਤਾਬਕ ਸਥਾਨਕ ਲੋਕਾਂ ਨੇ ਸਾਡੇ ਪਰਿਵਾਰਾਂ ਦੇ ਰਾਸ਼ਨ, ਪਾਣੀ ਤੇ ਦੁੱਧ ਵਗੈਰਾ ਦਾ ਪ੍ਰਬੰਧ ਕੀਤਾ ਤੇ ਕੁਝ ਧਾਰਮਿਕ ਜਥੇਬੰਦੀਆਂ ਨੇ ਟੈਂਟ ਵਗੈਰਾ ਦਾ ਪ੍ਰਬੰਧ ਕੀਤਾ ਪਰ ਹੁਣ ਸਾਡੀ ਇੱਕ ਹੀ ਗੁਜਾਰਿਸ਼ ਹੈ ਕਿ ਆਪਣੇ ਵਤਨ ਭੇਜ ਦਿੱਤਾ ਜਾਵੇ।
ਦੂਜੇ ਪਾਸੇ ਪੰਜਾਬ ਸਰਕਸਰ ਦੇ ਪ੍ਰੋਟੋਕਾਲ ਅਧਿਕਾਰੀ ਅਰੁਣਪਾਲ ਨੇ ਦੱਸਿਆ ਕਿ ਇਨ੍ਹਾਂ ਕੋਲ ਕੋਰੋਨਾ ਟੈਸਟ ਦਾ ਸਰਟੀਫਿਕੇਟ ਤਾਂ ਸੀ ਪਰ ਇਸ ਦੀ ਮਿਆਦ ਲੰਘ ਚੁੱਕੀ ਸੀ ਤੇ ਜੋਧਪੁਰ ਦਾ ਐਗਜਿਟ ਸਰਟੀਫਿਕੇਟ ਨਾ ਹੋਣ ਕਰਕੇ ਇਹ ਪਾਕਿਸਤਾਨ ਨਹੀਂ ਜਾ ਸਕੇ। ਹੁਣ ਜਿਲਾ ਪ੍ਰਸ਼ਾਸ਼ਨ ਅੰਮ੍ਰਿਤਸਰ ਨੂੰ ਜੋਧਪੁਰ ਪ੍ਰਸ਼ਾਸ਼ਨ ਨਾਲ ਸੰਪਰਕ ਕਰਕੇ ਏਨਾ 99 ਨਾਗਰਿਕਾਂ ਦੇ ਦਸਤਾਵੇਜ ਪੂਰੇ ਕਰਨੇ ਚਾਹੀਦੇ ਹਨ।
ਇਹ ਵੀ ਪੜ੍ਹੋ: ਇੱਕ ਵਾਰ ਫਿਰ ਤੋਂ ਮੁਸ਼ਕਲਾਂ 'ਚ ਘਿਰੇ Rapper Badshah, 446 ਪੰਨਿਆਂ ਦੀ ਚਾਰਜਸ਼ੀਟ ਦਾਇਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: