ਆਖਰ ਲੌਕਡਾਉਨ 'ਚ ਪਾਬੰਦੀ ਦੇ ਬਾਵਜੂਦ ਕਿਵੇਂ ਵਿਕ ਗਈ ਕਰੋੜਾਂ ਦੀ ਸ਼ਰਾਬ, ਮਾਫੀਆ ਨੂੰ ਸਿਆਸੀ ਲੀਡਰਾਂ ਦੀ ਸ਼ਹਿ ?
ਅਕਾਲੀ ਦਲ ਦਾ ਇਲਜ਼ਾਮ ਹੈ ਕਿ ਕਰਫਿਊ ਦੌਰਾਨ ਕਾਂਗਰਸੀ ਲੀਡਰਾਂ ਤੇ ਉਨ੍ਹਾਂ ਦੇ ਦੋਸਤਾਂ ਨੇ ਕਰੋੜਾਂ ਰੁਪਏ ਦੀ ਗੈਰ-ਕਾਨੂੰਨੀ ਸ਼ਰਾਬ ਵੇਚੀ। ਡਾ. ਦਲਜੀਤ ਚੀਮਾ ਨੇ ਕਿਹਾ ਕਿ ਪੁਲਿਸ ਦੀ ਸੁਰੱਖਿਆ ਹੇਠ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕੀਤਾ ਜਾ ਰਿਹਾ ਹੈ। ਹਰਿਆਣਾ 'ਚ ਵੀ ਵੱਡੇ ਪੱਧਰ 'ਤੇ ਸ਼ਰਾਬ ਦੀ ਤਸਕਰੀ ਹੋ ਰਹੀ ਹੈ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਸ਼ਰਾਬ 'ਤੇ ਸਿਆਸਤ ਭਖੀ ਹੋਈ ਹੈ। ਕੋਈ ਗੈਰਕਾਨੂੰਨੀ ਸ਼ਰਾਬ ਨੂੰ ਲੈ ਕੇ ਇਲਜ਼ਾਮ ਲਾ ਰਿਹਾ ਹੈ ਤੇ ਕੋਈ ਸ਼ਰਾਬ ਦੀ ਹੋਮ ਡਿਲੀਵਰੀ 'ਤੇ ਸਵਾਲ ਚੁੱਕ ਰਿਹਾ ਹੈ। ਸ਼ਰਾਬ ਨੀਤੀ 'ਤੇ ਵੀ ਵਿਵਾਦ ਰੱਜ ਕੇ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਕਰਫਿਊ 'ਚ ਗੈਰਕਾਨੂੰਨੀ ਸ਼ਰਾਬ ਵੇਚਣ ਕਾਰਨ ਕਾਂਗਰਸੀ ਨੇਤਾਵਾਂ ਖਿਲਾਫ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ। ਉਧਰ, ਆਪ ਨੇ ਵੀ ਦਾਅਵਾ ਠੋਕਿਆ ਕਿ ਸੂਬੇ 'ਚ ਕਰਫਿਊ ਦੌਰਾਨ ਸ਼ਰਾਬ ਮਾਫੀਆ ਸਿਖਰਾਂ 'ਤੇ ਹੈ।
ਅਕਾਲੀ ਦਲ ਦਾ ਇਲਜ਼ਾਮ ਹੈ ਕਿ ਕਰਫਿਊ ਦੌਰਾਨ ਕਾਂਗਰਸੀ ਲੀਡਰਾਂ ਤੇ ਉਨ੍ਹਾਂ ਦੇ ਦੋਸਤਾਂ ਨੇ ਕਰੋੜਾਂ ਰੁਪਏ ਦੀ ਗੈਰ-ਕਾਨੂੰਨੀ ਸ਼ਰਾਬ ਵੇਚੀ। ਡਾ. ਦਲਜੀਤ ਚੀਮਾ ਨੇ ਕਿਹਾ ਕਿ ਪੁਲਿਸ ਦੀ ਸੁਰੱਖਿਆ ਹੇਠ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕੀਤਾ ਜਾ ਰਿਹਾ ਹੈ। ਹਰਿਆਣਾ 'ਚ ਵੀ ਵੱਡੇ ਪੱਧਰ 'ਤੇ ਸ਼ਰਾਬ ਦੀ ਤਸਕਰੀ ਹੋ ਰਹੀ ਹੈ।
ਕੈਬਨਿਟ ਮੀਟਿੰਗ ਦੌਰਾਨ ਹੋਏ ਵਿਵਾਦ 'ਤੇ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਿਨਾਂ ਮੰਤਰੀ ਮੰਡਲ ਦੀ ਸਲਾਹ ਦੇ ਸਰਕਾਰ ਚਲਾ ਰਹੇ ਹਨ। ਕੈਬਨਿਟ ਮੰਤਰੀਆਂ ਦਾ ਨਰਾਜ਼ ਹੋਣਾ ਇਹ ਜ਼ਾਹਿਰ ਕਰਦਾ ਹੈ ਕਿ ਮੁੱਖ ਮੰਤਰੀ ਕੋਲ ਮੰਤਰੀਆਂ ਦਾ ਸਮਰਥਨ ਨਹੀਂ ਬਚਿਆ। ਉਨ੍ਹਾਂ ਮੰਤਰੀਆਂ ਨੂੰ ਵਲੇਟਦਿਆਂ ਕਿਹਾ ਕਿ ਜੋ ਇਹ ਡਰਾਮਾ ਕਰ ਰਹੇ ਸਨ, ਇਹ ਸਾਰੇ ਸ਼ਰਾਬ ਦੇ ਗੈਰਕਾਨੂੰਨੀ ਧੰਦੇ ਲਈ ਜ਼ਿੰਮੇਵਾਰ ਹਨ।
ਅਕਾਲੀ ਦਲ ਦਾ ਇਲਜ਼ਾਮ ਹੈ ਕਿ ਸਰਕਾਰ ਚਲਾਉਣਾ ਕੈਪਟਨ ਦੇ ਵੱਸ ਦੀ ਗੱਲ ਨਹੀਂ ਰਹੀ। ਉਮਰ ਤੇ ਸ਼ਾਹੀ ਆਦਤਾਂ ਨੇ ਮੁੱਖ ਮੰਤਰੀ ਨੂੰ ਨਾਕਾਬਲ ਬਣਾ ਦਿੱਤਾ ਹੈ। ਪੰਜਾਬ 'ਚ ਹਰ ਸਾਲ ਸ਼ਰਾਬ ਦੀ ਖਪਤ ਵਧ ਰਹੀ ਹੈ ਪਰ ਸਰਕਾਰੀ ਖਜ਼ਾਨੇ ਨੂੰ ਆਮਦਨ ਘੱਟ ਹੋ ਰਹੀ ਹੈ। ਸ਼ਰਾਬ ਦੀ ਹੋਮ ਡਿਲੀਵਰੀ ਨੂੰ ਲੈਕੇ ਵੀ ਸਿਆਸਤ ਭਖੀ ਹੋਈ ਹੈ। ਕੈਪਟਨ ਦੇ ਆਪਣੇ ਵਜ਼ੀਰਾਂ ਦੀਆਂ ਪਤਨੀਆਂ ਵੀ ਇਸ ਨੀਤੀ ਦਾ ਵਿਰੋਧ ਕਰ ਚੁੱਕੀਆਂ ਹਨ।