ਅਧਿਆਪਕਾਂ ਦੀਆਂ ਬਦਲੀਆਂ ਰੱਦ ਹੋਣ ਦੇ ਨੋਟੀਫਿਕੇਸ਼ ਨੇ ਮਚਾਈ ਹਾਹਾਕਾਰ, ਸਿੱਖਿਆ ਵਿਭਾਗ ਨੇ ਦੱਸੀ ਅਸਲੀਅਤ
ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਲਿਸਟਾਂ ਰੱਦ ਕਰਨ ਬਾਰੇ ਕੋਈ ਪੱਤਰ ਵਿਭਾਗ ਵੱਲੋਂ ਜਾਰੀ ਹੀ ਨਹੀਂ ਕੀਤਾ ਗਿਆ।
ਚੰਡੀਗੜ੍ਹ: ਸਿੱਖਿਆ ਵਿਭਾਗ ਪੰਜਾਬ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਰੱਦ ਹੋਣ ਦੀ ਖਬਰ ਨੇ ਹਾਹਾਕਾਰ ਮਚਾ ਦਿੱਤੀ। ਸੋਸ਼ਲ ਮੀਡੀਆ ਉੱਪਰ ਇੱਕ ਸਰਕਾਰੀ ਪੱਤਰ ਵਾਇਰਲ ਹੋਇਆ ਜਿਸ ਮਗਰੋਂ ਮੰਤਰੀਆਂ ਤੱਕ ਫੋਨ ਖੜਕਣ ਲੱਗੇ। ਇਸ ਦਾ ਪਤਾ ਲੱਗਦਿਆਂ ਹੀ ਅਫਸਰਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਬਦਲੀਆਂ ਦੀ ਲਿਸਟ ਰੱਦ ਕਰਨ ਸਬੰਧੀ ਸੋਸ਼ਲ ਮੀਡੀਆ ਉਤੇ ਚੱਲ ਰਿਹਾ ਪੱਤਰ ‘ਜਾਅਲੀ’ ਸਾਬਤ ਹੋਇਆ ਹੈ।
ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਲਿਸਟਾਂ ਰੱਦ ਕਰਨ ਬਾਰੇ ਕੋਈ ਪੱਤਰ ਵਿਭਾਗ ਵੱਲੋਂ ਜਾਰੀ ਹੀ ਨਹੀਂ ਕੀਤਾ ਗਿਆ। ਜਾਅਲੀ ਪੱਤਰ ਬਾਰੇ ਸਪਸ਼ਟੀਕਰਨ ਦਿੰਦਿਆਂ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਪੰਜਾਬ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਕਿ ਅਧਿਆਪਕਾਂ ਦੀਆਂ ਬਦਲੀਆਂ ਵਾਲੀਆਂ ਲਿਸਟਾਂ ਰੱਦ ਕਰਨ ਸਬੰਧੀ ਪੱਤਰ ਅਪਲੋਡ ਕੀਤਾ ਗਿਆ ਹੈ ਜਦਕਿ ਵਿਭਾਗ ਵੱਲੋਂ ਲਿਸਟਾਂ ਰੱਦ ਕਰਨ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ।
ਇਸ ਲਈ ਅਧਿਆਪਕਾਂ ਦੀਆਂ ਬਦਲੀਆਂ ਨੂੰ ਰੱਦ ਕਰਨ ਸਬੰਧੀ ਵਾਇਰਲ ਕੀਤਾ ਗਿਆ ਪੱਤਰ ਫ਼ਰਜ਼ੀ ਹੈ, ਲਿਹਾਜ਼ਾ ਬਦਲੀਆਂ ਰੱਦ ਕਰਨ ਸਬੰਧੀ ਅਫ਼ਵਾਹਾਂ ਫੈਲਾਉਣ ਵਾਲੇ ਅਸਮਾਜਿਕ ਤੱਤਾਂ ਖ਼ਿਲਾਫ਼ ਸਿੱਖਿਆ ਵਿਭਾਗ ਵਲੋਂ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵਲੋਂ ਅਧਿਆਪਕਾਂ ਦੀਆਂ ਕੀਤੀਆਂ ਗਈਆਂ ਆਨਲਾਈਨ ਬਦਲੀਆਂ ਲਾਗੂ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਇਸ ਸਬੰਧੀ ਜਨਤਕ ਸੂਚਨਾ ਜਾਰੀ ਕੀਤੀ ਗਈ ਹੈ, ਜਿਸ ਅਨੁਸਾਰ ਵਿਭਾਗ ਵਲੋਂ ਬਦਲੀਆਂ ਦੀ ਸੂਚੀ ਨੂੰ ਰੱਦ ਕਰਨ ਸਬੰਧੀ ਕੋਈ ਫ਼ੈਸਲਾ ਵਿਭਾਗ ਵੱਲੋਂ ਨਹੀਂ ਲਿਆ ਗਿਆ ਤੇ ਨਾ ਹੀ ਅਜਿਹਾ ਕੋਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਅਧਿਆਪਕ ਤਬਾਦਲਾ ਨੀਤੀ-2019 ਤਹਿਤ ਵਿਭਾਗ ਵੱਲੋਂ ਕੁਝ ਦਿਨ ਪਹਿਲਾਂ ਨਿਰੋਲ ਪਾਰਦਰਸ਼ੀ ਢੰਗ ਨਾਲ ਆਨਲਾਈਨ ਕੀਤੀਆਂ ਗਈਆਂ ਬਦਲੀਆਂ ਦੀ ਸੂਚੀ ਜਾਰੀ ਕੀਤੀ ਗਈ ਸੀ।