ਤਨਖਾਹ ਨਾ ਮਿਲਣ 'ਤੇ ਬਾਬਾ ਹੀਰਾ ਸਿੰਘ ਭੱਠਲ ਕਾਲਜ 'ਚ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ ਬਰਾਮਦ
ਬਾਬਾ ਹੀਰਾ ਸਿੰਘ ਭੱਠਲ ਕਾਲਜ ਵਿਖੇ ਤਾਇਨਾਤ ਮੁਲਾਜ਼ਮ ਨੇ ਪਿਛਲੇ 36 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਕਾਲਜ ਦੇ ਦਫ਼ਤਰ 'ਚ ਹੀ ਖੁਦਕਸ਼ੀ ਕਰ ਲਈ।
ਸੰਗਰੂਰ: ਬੀਤੇ ਕੱਲ੍ਹ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਲਹਿਰਾਗਾਗਾ ਤੋਂ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਵਿਖੇ ਤਾਇਨਾਤ ਮੁਲਾਜ਼ਮ ਨੇ ਪਿਛਲੇ 36 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਕਾਲਜ ਦੇ ਦਫ਼ਤਰ 'ਚ ਹੀ ਖੁਦਕਸ਼ੀ ਕਰ ਲਈ।
ਜਾਣਕਾਰੀ ਅਨੁਸਾਰ ਦਵਿੰਦਰ ਸਿੰਘ (35 ਸਾਲ) ਇਸ ਦਫ਼ਤਰ ਵਿਖੇ ਕਲਰਕ ਵਜੋਂ ਤਾਇਨਾਤ ਸੀ। ਉਹ ਆਰਥਿਕ ਤੌਰ ’ਤੇ ਪ੍ਰੇਸ਼ਾਨ ਸੀ। ਉਸ ਨੇ ਆਪਣੇ ਖੁਦਕੁਸ਼ੀ ਨੋਟ ਲਿਖਣ ਉਪਰੰਤ ਦਫ਼ਤਰ ਸਥਿਤ ਲੱਗੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਇਸ ਖੁਦਕੁਸ਼ੀ ਨੋਟ ਵਿੱਚ ਉਸ ਨੇ ਬਾਬਾ ਹੀਰਾ ਸਿੰਘ ਭੱਠਲ ਦੇ ਦੋ ਆਹਲਾ ਅਫਸਰਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਸਾਲ 2012-13 ਦੌਰਾਨ ਇਸ ਕਾਲਜ ਵਿੱਚ ਵਿੱਤੀ ਗਬਨ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਸੂਚਨਾ ਮੁਤਾਬਕ ਮੁਲਾਜ਼ਮ ਨੇ ਪਿਛਲੇ ਸਾਲ ਵੀ ਛੱਤ ਨਾਲ ਟੈਲੀਫੋਨ ਦੀ ਤਾਰ ਨਾਲ ਖੁਦਕੁਸ਼ੀ ਕਰਨ ਦੀ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਟੈਲੀਫ਼ੋਨ ਦੀ ਤਾਰ ਟੁੱਟ ਜਾਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਾਲਜ ਦਾ ਮਸਲਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮ ਤੇ ਉਨ੍ਹਾਂ ਦੇ ਪਰਿਵਾਰ ਵੀ ਆਤਮਹੱਤਿਆ ਵਾਲੇ ਰਾਹ ਪੈ ਸਕਦੇ ਹਨ।