ਪੰਜਾਬ ‘ਚ ਫ਼ਰਜ਼ੀ ਸਰਟੀਫਿਕੇਟ ਨਾਲ ਹਾਸਿਲ ਕੀਤੀ ਸਰਕਾਰੀ ਨੌਕਰੀ, PSEB ਦੀ ਵੈਰੀਫਿਕੇਸ਼ਨ 'ਚ ਖੁੱਲੀ ਪੋਲ, ਰਿਕਾਰਡ ‘ਚ ਕੀਤਾ ਬਲੈਕਲਿਸਟ
PSEB ਦੀ ਵੈਰੀਫਿਕੇਸ਼ਨ 'ਚ ਇੱਕ ਵਾਰ ਫਿਰ ਤੋਂ ਕਿਸੇ ਵੱਲੋਂ ਫ਼ਰਜ਼ੀ ਸਰਟੀਫਿਕੇਟ ਦੇ ਨਾਲ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਭਾਂਡਾ ਫੋੜ ਕਰ ਦਿੱਤਾ ਗਿਆ ਹੈ। ਜੀ ਹਾਂ ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਸਰਟੀਫਿਕੇਟ ਬੋਰਡ ਵੱਲੋਂ ਕਿਸੇ ਵੀ ਮਹਿਲਾ ਨੂੰ

ਪੰਜਾਬ ਵਿੱਚ ਫ਼ਰਜ਼ੀ ਸਰਟੀਫਿਕੇਟ ਦੇ ਆਧਾਰ ‘ਤੇ ਸਰਕਾਰੀ ਨੌਕਰੀ ਹਾਸਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵਿੱਚ BPEO ਬਨੂੜ ਵੱਲੋਂ ਭੇਜਿਆ ਗਿਆ ਸਰਟੀਫਿਕੇਟ ਜਾਲੀ ਨਿਕਲਿਆ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਸਰਟੀਫਿਕੇਟ ਬੋਰਡ ਵੱਲੋਂ ਕਿਸੇ ਵੀ ਮਹਿਲਾ ਨੂੰ ਜਾਰੀ ਹੀ ਨਹੀਂ ਕੀਤਾ ਗਿਆ ਸੀ। ਇਸ ਤੋਂ ਬਾਅਦ ਬੋਰਡ ਨੇ ਆਪਣੇ ਰਿਕਾਰਡ ਵਿੱਚ ਉਸ ਮਹਿਲਾ ਨੂੰ ਬਲੈਕਲਿਸਟ ਕਰ ਦਿੱਤਾ ਹੈ ਅਤੇ ਮਾਮਲੇ ਸਬੰਧੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
2001 ਦਾ ਬਣਿਆ ਹੋਇਆ ਸੀ, ਨਾਂ ਤੇ ਪਤਾ ਸਹੀ
ਜਾਣਕਾਰੀ ਮੁਤਾਬਕ, BPEO ਬਨੂੜ ਵੱਲੋਂ ਇੱਕ ਸਰਟੀਫਿਕੇਟ ਜਾਂਚ ਲਈ ਭੇਜਿਆ ਗਿਆ ਸੀ। ਇਹ ਸਰਟੀਫਿਕੇਟ ਨਵਨੀਤ ਕੌਰ ਦੇ ਨਾਂ ‘ਤੇ ਬਣਿਆ ਹੋਇਆ ਸੀ ਅਤੇ ਸਾਲ 2001 ਦਾ ਦੱਸਿਆ ਗਿਆ। ਜਦੋਂ ਇਹ ਸਰਟੀਫਿਕੇਟ PSEB ਤੱਕ ਪਹੁੰਚਿਆ ਤਾਂ ਇਸ ਦੀ ਵੈਰੀਫਿਕੇਸ਼ਨ ਕੀਤੀ ਗਈ।
ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਸਰਟੀਫਿਕੇਟ ਫ਼ਿਰੋਜ਼ਪੁਰ ਨਾਲ ਸੰਬੰਧਿਤ ਹੈ, ਜਿਸ ਵਿੱਚ ਨਾਂ ਅਤੇ ਪਤਾ ਸਹੀ ਪਾਏ ਗਏ। ਪਰ ਰਿਕਾਰਡ ਅਨੁਸਾਰ ਨਵਨੀਤ ਕੌਰ ਨੇ ਉਹ ਪਰੀਖਿਆ ਪਾਸ ਨਹੀਂ ਕੀਤੀ ਸੀ, ਜਦਕਿ ਸਰਟੀਫਿਕੇਟ ਵਿੱਚ 293 ਅੰਕਾਂ ਨਾਲ ਪਾਸ ਲਿਖਿਆ ਹੋਇਆ ਸੀ। ਇਸ ਤੋਂ ਸਾਫ਼ ਹੈ ਕਿ ਸਰਟੀਫਿਕੇਟ ਫ਼ਰਜ਼ੀ ਹੈ। ਬੋਰਡ ਨੇ ਇਸ ਸਬੰਧੀ ਗਜ਼ਟ ਦੀ ਕਾਪੀ ਵੀ ਵਿਭਾਗ ਨੂੰ ਭੇਜ ਦਿੱਤੀ ਹੈ। ਹੁਣ ਅੱਗੇ ਦੀ ਕਾਰਵਾਈ ਵਿਭਾਗ ਵੱਲੋਂ ਕੀਤੀ ਜਾਵੇਗੀ।
2000 ਤੋਂ ਵੱਧ ਸਰਟੀਫਿਕੇਟ ਆਉਂਦੇ ਹਨ
PSEB ਵਿੱਚ ਹਰ ਮਹੀਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਲਗਭਗ 2000 ਸਰਟੀਫਿਕੇਟ ਵੈਰੀਫਿਕੇਸ਼ਨ ਲਈ ਭੇਜੇ ਜਾਂਦੇ ਹਨ। ਇਸ ਤੋਂ ਬਾਅਦ PSEB ਵੱਲੋਂ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ। ਜਾਂਚ ਦੌਰਾਨ ਜਿਨ੍ਹਾਂ ਦੇ ਸਰਟੀਫਿਕੇਟ ਫ਼ਰਜ਼ੀ ਪਾਏ ਜਾਂਦੇ ਹਨ, ਉਨ੍ਹਾਂ ਨੂੰ ਰਿਕਾਰਡ ਵਿੱਚ ਬਲੈਕਲਿਸਟ ਕਰ ਦਿੱਤਾ ਜਾਂਦਾ ਹੈ। ਨਾਲ ਹੀ ਇਹ ਜਾਣਕਾਰੀ ਬੋਰਡ ਦੀ ਵੈਬਸਾਈਟ ‘ਤੇ ਵੀ ਅਪਲੋਡ ਕੀਤੀ ਜਾਂਦੀ ਹੈ, ਤਾਂ ਜੋ ਇਹ ਲੋਕ ਮੁੜ ਕਿਸੇ ਨਾਲ ਧੋਖਾਧੜੀ ਨਾ ਕਰ ਸਕਣ।
ਇਸ ਸਾਲ ਹੁਣ ਤੱਕ 10 ਤੋਂ 15 ਸਰਟੀਫਿਕੇਟ ਫ਼ਰਜ਼ੀ ਮਿਲੇ ਹਨ, ਹਾਲਾਂਕਿ ਪਿਛਲੇ ਸਮੇਂ ਦੌਰਾਨ ਇਹ ਗਿਣਤੀ ਕਾਫ਼ੀ ਵੱਧ ਰਹੀ ਹੈ। PSEB ਦੇ ਫ਼ਰਜ਼ੀ ਸਰਟੀਫਿਕੇਟਾਂ ਦੇ ਜ਼ਰੀਏ ਰੇਲਵੇ, ਪੰਜਾਬ ਪੁਲਿਸ, ਪਾਸਪੋਰਟ, ਸਿੱਖਿਆ ਵਿਭਾਗ, PRTC ਸਮੇਤ ਕਈ ਥਾਵਾਂ ‘ਤੇ ਨੌਕਰੀ ਹਾਸਲ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।






















